ਬਜ਼ੁਰਗਾਂ ਦਾ ਸਨਮਾਨ ਭੁੱਲ ਰਹੀ ਹੈ ਨੌਜਵਾਨ ਪੀੜ੍ਹੀ : ਵਿਜੇ ਚੋਪੜਾ

Saturday, Oct 21, 2017 - 10:06 AM (IST)

ਬਜ਼ੁਰਗਾਂ ਦਾ ਸਨਮਾਨ ਭੁੱਲ ਰਹੀ ਹੈ ਨੌਜਵਾਨ ਪੀੜ੍ਹੀ : ਵਿਜੇ ਚੋਪੜਾ


ਫਿਰੋਜ਼ਪੁਰ (ਕੁਲਦੀਪ, ਅਰਸ਼ਦੀਪ, ਕੁਮਾਰ, ਪਰਮਜੀਤ, ਸ਼ੈਰੀ) - ਅੱਜ ਸਮਾਜ ਵਿਚ ਕਦਰਾਂ-ਕੀਮਤਾਂ ਦਾਅ 'ਤੇ ਲਗ ਰਹੀਆਂ ਹਨ। ਬਜ਼ੁਰਗਾਂ ਦਾ ਸਨਮਾਨ ਘਟ ਰਿਹਾ ਹੈ, ਤਾਂ ਹੀ ਬਿਰਧ ਆਸ਼ਮਰ ਤੇ ਅਪਾਹਜ ਆਸ਼ਰਮਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਜੋ ਅੱਜ ਸਮਾਜਕ ਤਾਣੇ-ਬਾਣੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।
 ਇਹ ਪ੍ਰਗਟਾਵਾ ਦੀਵਾਲੀ ਦੇ ਸ਼ੁੱਭ ਦਿਹਾੜੇ 'ਤੇ ਸਵ. ਮੋਹਨ ਲਾਲ ਭਾਸਕਰ ਦੀ ਯਾਦ 'ਚ ਮੋਹਣ ਲਾਲ ਭਾਸਕਰ ਫਾਊਂਡੇਸ਼ਨ ਦੁਆਰਾ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਨਾਲ-ਨਾਲ ਹੋਣਹਾਰ ਬੱਚਿਆਂ ਦੇ ਸਨਮਾਨ ਅਤੇ ਲੋੜਵੰਦ ਵਿਧਵਾ ਔਰਤਾਂ ਨੂੰ ਰਾਸ਼ਨ ਦੇਣ ਲਈ ਮਾਨਵ ਮੰਦਿਰ ਸੀਨੀਅਰ. ਸੈਕੰਡਰੀ ਸਕੂਲ ਬਸਤੀ ਟੈਕਾਂ ਵਾਲੀ ਵਿਖੇ ਕਰਵਾਏ ਗਏ ਸਮਾਗਮ ਵਿਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ 'ਪੰਜਾਬ ਕੇਸਰੀ' ਗਰੁੱਪ ਦੇ ਪ੍ਰਮੁੱਖ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਬਦਲ ਰਹੇ ਸਮਾਜ ਵਿਚ ਬਜ਼ੁਰਗਾਂ ਨੂੰ ਆਪਣੀ ਗੰਢ ਦੇ ਪੱਕੇ ਰਹਿਣਾ ਚਾਹੀਦਾ ਹੈ। ਬੁਢਾਪੇ ਵਿਚ ਜੀਵਨ ਗੁਜ਼ਾਰਨ ਲਈ ਆਪਣੇ ਪਾਸ ਪੈਸਾ ਤੇ ਜਾਇਦਾਦ ਸੰਭਾਲ ਕੇ ਰੱਖਣੀ ਚਾਹੀਦੀ ਹੈ ਤਾਂ ਹੀ ਬੱਚੇ ਸਾਂਭ-ਸੰਭਾਲ ਕਰਨਗੇ ਨਹੀਂ ਤਾਂ ਬੁਢਾਪਾ ਸਿਰਫ ਠੋਕਰਾਂ ਖਾਣ ਲਈ ਰਹਿ ਜਾਵੇਗਾ। ਇਸ ਸਮਾਗਮ ਦਾ ਉਨ੍ਹਾਂ ਨੇ ਗੌਰਵ ਭਾਸਕਰ ਨੂੰ ਵਧਾਈ ਦਾ ਪਾਤਰ ਦੱਸਿਆ।
 ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੁਆਰਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ ਕਿ ਬਜ਼ੁਰਗਾਂ ਨੂੰ ਪ੍ਰਸ਼ਾਸਨ ਨਾਲ ਸਬੰਧਤ ਕਿਸੇ ਵੀ ਮਾਮਲੇ ਵਿਚ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਬਜ਼ੁਰਗਾਂ ਦੇ ਹੱਕਾਂ ਦੀ ਰਾਖੀ ਪ੍ਰਤੀ ਕਾਨੂੰਨਾਂ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰੋ. ਐੱਚ. ਕੇ. ਗੁਪਤਾ ਨੇ ਦੱਸਿਆ ਕਿ ਸਾਡੇ ਮੁਲਕ ਅਤੇ ਵਿਦੇਸ਼ ਵਿਚਲੀਆਂ ਕਦਰਾਂ-ਕੀਮਤਾਂ ਵਿਚ ਬਹੁਤ ਫਰਕ ਹੈ। ਅੱਜ ਤਾਂ ਹੀ ਸਾਡੇ ਲੋਕਾਂ 'ਚ ਵਿਦੇਸ਼ ਜਾਣ ਦੀ ਲਲਕ ਲੱਗੀ ਹੋਈ ਹੈ। ਅੱਜ ਵਿਦੇਸ਼ਾਂ ਵਿਚ ਜਿੱਥੇ ਨੌਜਵਾਨ ਪੀੜ੍ਹੀ ਆਪਣਾ ਭਵਿੱਖ ਵੇਖ ਰਹੀ ਹੈ, ਉਥੇ ਬਜ਼ੁਰਗਾਂ ਦੀ ਸਾਂਭ-ਸੰਭਾਲ ਦੇ ਵੀ ਵਧੀਆ ਪ੍ਰਬੰਧ ਹਨ, ਜੋ ਸਾਨੂੰ ਇਥੇ ਵੀ ਕਰਨੇ ਚਾਹੀਦੇ ਹਨ।  ਮੁੱਖ ਮਹਿਮਾਨ ਦਾ ਇਥੇ ਪਹੁੰਚਣ 'ਤੇ ਫਾਊਂਡੇਸ਼ਨ ਦੀ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਅਤੇ ਗੌਰਵ ਭਾਸਕਰ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਹਰਜੀਤ ਸਿੰਘ ਐੱਸ. ਡੀ. ਐੱਮ., ਹਰਿੰਦਰ ਸਿੰਘ ਡੋਡ ਡੀ. ਐੱਸ. ਪੀ., ਅਭਿਸ਼ੇਕ ਅਰੋੜਾ,  ਡਾ. ਪ੍ਰਵੀਨ ਢੀਂਗਰਾ, ਡਾ. ਐੱਨ. ਐੱਸ. ਰੁਦਰਾ ਵੀ ਹਾਜ਼ਰ ਸਨ।


Related News