ਫਤਿਹਗੜ੍ਹ ਸਾਹਿਬ 'ਚ ਭਾਜਪਾ ਦੇ 11 ਅਹੁਦੇਦਾਰਾਂ ਦਾ ਵੱਡਾ ਫ਼ੈਸਲਾ, ਖੇਤੀ ਬਿੱਲਾਂ ਖ਼ਿਲਾਫ਼ ਦਿੱਤੇ ਅਸਤੀਫੇ਼
Tuesday, Oct 06, 2020 - 04:13 PM (IST)
ਫਤਿਹਗੜ੍ਹ ਸਾਹਿਬ,(ਜਗਦੇਵ) : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਨਵੇਂ ਬਣਾਏ ਗਏ ਖੇਤੀਬਾੜੀ ਵਿਰੋਧੀ ਬਿੱਲਾਂ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਵੱਡਾ ਫ਼ੈਸਲਾ ਲੈਂਦਿਆਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਗਏ ਹਨ। ਅਸਤੀਫ਼ੇ ਦੇਣ ਵਾਲੇ ਅਹੁਦੇਦਾਰਾਂ 'ਚ ਗੁਰਦੀਪ ਸਿੰਘ ਜੰਜੂਆ ਭਾਜਪਾ ਕਿਸਾਨ ਮੋਰਚਾ ਸਕੱਤਰ ਪੰਜਾਬ, ਦਰਸ਼ਨ ਸਿੰਘ ਬੱਬੀ ਚੇਅਰਮੈਨ ਪੀ. ਏ. ਡੀ. ਬੀ., ਮਨੋਜ ਗੁਪਤਾ ਮੰਡਲ ਪ੍ਰਧਾਨ ਸਰਹੰਦ, ਰਾਜਿੰਦਰ ਸਿੰਘ ਮੰਡੇਰਾਂ ਮੰਡਲ ਪ੍ਰਧਾਨ ਖਮਾਣੋਂ, ਜਗਵਿੰਦਰ ਸਿੰਘ ਮੰਡਲ ਪ੍ਰਧਾਨ ਸ਼ਮਸਪੁਰ, ਜਸਵੰਤ ਸਿੰਘ ਧਨੌਲਾ ਵਾਈਸ ਪ੍ਰਧਾਨ ਖਮਾਣੋਂ, ਜਸਵੰਤ ਸਿੰਘ ਮੋਹਣਾ ਵਾਈਸ ਪ੍ਰਧਾਨ ਕਿਸਾਨ ਮੋਰਚਾ ਫ਼ਤਹਿਗੜ੍ਹ ਸਾਹਿਬ, ਤਰਸੇਮ ਸਿੰਘ ਜੰਜੂਆ ਸਕੱਤਰ ਕਿਸਾਨ ਮੋਰਚਾ ਫ਼ਤਹਿਗੜ੍ਹ ਸਾਹਿਬ, ਗੁਰਸੇਵਕ ਸਿੰਘ ਵਾਈਸ ਪ੍ਰਧਾਨ ਸ਼ਮਸਪੁਰ ਸ਼ਾਮਲ ਹਨ।
ਇਨ੍ਹਾਂ ਅਹੁਦੇਦਾਰਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਵਾਲੀ ਭਾਜਪਾ ਦੀ ਸਰਕਾਰ 'ਤੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਪਹਿਲਾਂ ਕਿਸਾਨ ਹਨ ਤੇ ਕਿਸਾਨਾਂ ਦੇ ਹੱਕ 'ਚ ਖੜ੍ਹੇ ਹਨ ਅਤੇ ਕਿਸਾਨਾਂ ਲਈ ਉਹ ਕੋਈ ਵੀ ਕੁਰਬਾਨੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਇਨ੍ਹਾਂ ਬਿੱਲਾਂ ਨੂੰ ਲੈ ਕੇ ਪਿੰਡਾਂ ਦੀਆਂ ਸੱਥਾਂ 'ਚ ਗਏ ਸਨ ਪਰ ਹਰੇਕ ਪੰਚਾਇਤ ਤੇ ਕਿਸਾਨ ਵੱਲੋਂ ਇਨ੍ਹਾਂ ਕਿਸਾਨੀ ਬਿੱਲਾਂ ਦਾ ਵਿਰੋਧ ਕੀਤਾ ਗਿਆ, ਜਿਸ ਨੂੰ ਲੈ ਕੇ ਉਹ ਖੁਦ ਆਪਣੀਆਂ ਅਹੁਦੇਦਾਰੀਆਂ ਤੋਂ ਅਸਤੀਫ਼ੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਕਿਸਾਨਾਂ ਦੀ ਸੁਣਵਾਈ ਨਾ ਕੀਤੀ ਗਈ ਤਾਂ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ੇ ਦੇ ਸਕਦੇ ਹਨ।