ਵਿਧਾਇਕੀ ਤੋਂ ਅਸਤੀਫਾ ਵਾਪਸ ਲੈਣ ਵਾਲੇ ਸੁਖਪਾਲ ਖਹਿਰਾ ਤੇ ਅਮਰਜੀਤ ਸੰਦੋਆ ਨੂੰ ਨੋਟਿਸ ਜਾਰੀ
Wednesday, Dec 04, 2019 - 06:46 PM (IST)

ਚੰਡੀਗੜ੍ਹ : ਵਿਧਾਇਕੀ ਤੋਂ ਅਸਤੀਫਾ ਦੇ ਕੇ ਵਾਪਸ ਲੈਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ। ਪੰਜਾਬ ਵਿਧਾਨ ਸਭਾ ਦੀ ਲਜਿਸਲੇਚਰ ਬ੍ਰਾਂਚ ਨੇ ਨੋਟਿਸ ਜਾਰੀ ਕਰਕੇ ਦੋਵਾਂ ਵਿਧਾਇਕਾਂ ਨੂੰ ਪੁੱਛਿਆ ਹੈ ਕਿ ਤੁਹਾਡੀ ਵਿਧਾਨ ਸਭਾ ਦੀ ਮੈਂਬਰਸ਼ਿਪ ਕਿਉਂ ਨਾ ਰੱਦ ਕੀਤੀ ਜਾਵੇ। ਦੋਵਾਂ ਵਿਧਾਇਕਾਂ ਨੂੰ 31 ਤਰੀਕ ਤਕ ਆਪਣਾ ਜਵਾਬ ਦਾਇਰ ਕਰਨ ਲਈ ਆਖਿਆ ਗਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੀ ਇਕ ਹੋਰ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ 13 ਦਸੰਬਰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਦੱਸਣਯੋਗ ਹੈ ਕਿ ਵਿਧਾਇਕੀ ਤੋਂ ਅਸਤੀਫਾ ਦੇ ਚੁੱਕੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਜਿੱਤਣ ਵਾਲੇ ਸੁਖਪਾਲ ਖਹਿਰਾ ਅਤੇ ਅਮਰਜੀਤ ਸਿੰਘ ਸੰਦੋਆ ਨੇ ਇਹ ਆਖਦੇ ਹੋਏ ਅਸਤੀਫਾ ਵਾਪਸ ਲਿਆ ਸੀ ਕਿ ਉਹ ਜਨਤਾ 'ਤੇ ਜ਼ਿਮਨੀ ਚੋਣ ਦਾ ਵਾਧੂ ਬੋਝ ਨਹੀਂ ਪੈਣ ਦੇਣਾ ਚਾਹੁੰਦੇ। ਦੋਵਾਂ ਵਿਧਾਇਕਾਂ ਨੇ ਲਗਭਗ ਇਕੋ ਜਿਹਾ ਤਰਕ ਦਿੰਦਿਆਂ ਆਖਿਆ ਸੀ ਕਿ ਜ਼ਿਮਨੀ ਚੋਣ ਨਾਲ ਹੋਣ ਵਾਲੇ ਖਰਚੇ ਦਾ ਸਿੱਧਾ-ਸਿੱਧਾ ਬੋਝ ਜਨਤਾ 'ਤੇ ਪੈਂਦਾ ਹੈ, ਲਿਹਾਜ਼ਾ ਉਨ੍ਹਾਂ ਜਨਤਾ 'ਤੇ ਪੈਣ ਵਾਲੇ ਵਾਧੂ ਬੋਝ ਕਾਰਨ ਅਸਤੀਫਾ ਵਾਪਸ ਲਿਆ ਹੈ।