ਰਿਜ਼ਰਵ ਬੈਂਕ ਨੇ ਕੀਤੇ ਕਈ ਵੱਡੇ ਐਲਾਨ, ਆਮ ਲੋਕਾਂ ਨੂੰ ਮਿਲੇਗੀ ਭਾਰੀ ਰਾਹਤ

Friday, May 22, 2020 - 11:22 AM (IST)

ਰਿਜ਼ਰਵ ਬੈਂਕ ਨੇ ਕੀਤੇ ਕਈ ਵੱਡੇ ਐਲਾਨ, ਆਮ ਲੋਕਾਂ ਨੂੰ ਮਿਲੇਗੀ ਭਾਰੀ ਰਾਹਤ

ਨਵੀਂ ਦਿੱਲੀ - ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਪ੍ਰੈੱਸ ਕਾਨਫਰੈਂਸ ਕੀਤੀ। ਇਸ ਦੌਰਾਨ ਦਾਸ ਨੇ ਵੱਡੀ ਰਾਹਤ ਦਿੰਦਿਆਂ ਰੈਪੋ ਰੇਟ ਵਿਚ 0.40 ਫੀਸਦ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਆਮ ਲੋਕਾਂ ਨੂੰ ਈਐਮਆਈ ਦੇ ਭੁਗਤਾਨ 'ਚ ਰਾਹਤ ਮਿਲੇਗੀ। ਇਸ ਦੇ ਨਾਲ ਹੀ, ਆਰਬੀਆਈ ਨੇ ਰਿਵਰਸ ਰੈਪੋ ਰੇਟ ਨੂੰ ਘਟਾ ਕੇ 3.75 ਪ੍ਰਤੀਸ਼ਤ ਕਰ ਦਿੱਤਾ ਹੈ।

ਵਿਆਜ ਦਰਾਂ ਵਿਚ 0.40 ਪ੍ਰਤੀਸ਼ਤ ਦੀ ਕਟੌਤੀ

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਰੈਪੋ ਦਰ ਨੂੰ 0.40 ਪ੍ਰਤੀਸ਼ਤ ਘਟਾ ਕੇ 4 ਪ੍ਰਤੀਸ਼ਤ ਕਰ ਦਿੱਤਾ ਹੈ। ਦਾਸ ਨੇ ਕਿਹਾ ਕਿ ਐਮ.ਪੀ.ਸੀ .ਦੀ ਬੈਠਕ ਵਿਚ 6 ਮੈਂਬਰਾਂ ਵਿਚੋਂ 5 ਮੈਂਬਰਾਂ ਨੇ ਵਿਆਜ਼ ਦਰਾਂ ਘਟਾਉਣ ਦੇ ਹੱਕ ਵਿਚ ਸਹਿਮਤੀ ਜ਼ਾਹਰ ਕੀਤੀ ਸੀ।

ਆਮ ਲੋਕਾਂ ਨੂੰ ਮਿਲੀ ਸੀ EMI ਨਾ ਚੁਕਾਉਣ ਦੀ ਛੋਟ

ਅੱਜ ਪ੍ਰੈੱਸ ਕਾਨਫਰੈਂਸ ਦੌਰਾਨ ਦਾਸ ਨੇ ਕਿਹਾ ਕਿ ਲਾਕਡਾਉਨ ਵਧਣ ਕਾਰਨ ਮੋਰੋਟਾਰਿਅਮ ਅਤੇ ਹੋਰ ਦੂਜੀਆਂ ਰਿਆਇਤਾਂ ਤਿੰਨ ਮਹੀਨੇ ਤੱਕ ਹੋਰ ਵਧਾਈਆ ਜਾ ਰਹੀਆਂ ਹਨ। ਹੁਣ ਈ.ਐਮ.ਆਈ. ਦੇਣ 'ਤੇ ਰਾਹਤ 1 ਜੂਨ ਤੋਂ 31 ਅਗਸਤ ਤੱਕ ਲਈ ਵਧਾਈ ਜਾ ਰਹੀ ਹੈ।

27 ਮਾਰਚ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਕੋਰੋਨਾ ਦੇ ਕਾਰਨ ਆਮ ਲੋਕਾਂ ਨੂੰ ਤਿੰਨ ਮਹੀਨੇ ਤੱਕ ਈ.ਐਮ.ਆਈ. ਨਾ ਚੁਕਾਉਣ ਦੀ ਛੋਟ ਦਿੱਤੀ ਸੀ। ਟਰਮ ਲੋਨ ਦੀ ਈ.ਐਮ.ਆਈ. ਵਸੂਲੀ ਤਿੰਨ ਮਹੀਨੇ ਤੱਕ ਟਾਲਣ ਦੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਇਜਾਜ਼ਾਤ ਦਿੱਤੀ।
ਕੋਰੋਨਾ ਕਾਰਨ ਮੌਦਰਿਕ ਨੀਤੀ ਸਮੀਖਿਆ ਸਮੇਂ ਤੋਂ ਪਹਿਲਾਂ ਪੇਸ਼ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਹ ਐਲਾਨ ਕੀਤਾ ਸੀ ਕਿ ਬੈਂਕਾਂ ਨੂੰ ਇਹ ਇਜਾਜ਼ਤ ਦਿੱਤੀ ਜਾ ਰਹੀ ਹੈ ਕਿ ਉਹ ਟਰਮ ਲੋਨ ਦੇ ਮਾਮਲੇ ਵਿਚ ਗਾਹਕਾਂ ਦੀ ਈ.ਐਮ.ਆਈ. ਵਸੂਲੀ ਤਿੰਨ ਮਹੀਨੇ ਲਈ ਟਾਲ ਦੇਣ। ਇਸ ਕਰਜ਼ੇ ਦੀ ਵਾਪਸੀ ਨਾ ਹੋਣ 'ਤੇ ਬੈਂਕਾਂ ਨੂੰ ਅਜਿਹੇ ਖਾਤੇ ਐਮ.ਪੀ.ਏ. ਖਾਤੇ ਵਿਚ ਨਾ ਰੱਖਣ ਦੀ ਛੋਟ ਦਿੱਤੀ ਜਾਵੇਗੀ।

ਕੋਰੋਨਾ ਸੰਕਟ ਵਿਚ ਪਹਿਲਾਂ ਵੀ ਰਿਜ਼ਰਵ ਬੈਂਕ ਕਰ ਚੁੱਕਾ ਹੈ ਵੱਡੇ ਐਲਾਨ

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਛੋਟੇ ਅਤੇ ਦਰਮਿਆਨੇ ਵਰਗ ਦੇ ਕਾਰੋਬਾਰ ਨੂੰ ਨਕਦੀ ਦੀ ਭਾਰੀ ਦਿੱਕਤ ਹੋ ਰਹੀ ਹੈ। ਇਸ ਲਈ ਟੀ.ਐਸ.ਟੀ.ਆਰ.ਓ. 2.0 ਦਾ ਐਲਾਨ ਕੀਤਾ ਜਾ ਰਿਹਾ ਹੈ। 50,000 ਕਰੋੜ ਰੁਪਏ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਸ ਦੌਰਾਨ ਦਾਸ ਨੇ ਕਿਹਾ ਕਿ ਮਹਿੰਗਾਈ ਦਰ ਅਜੇ ਵੀ 4 ਫੀਸਦੀ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਪਰ ਲਾਕਡਾਉਨ ਦੇ ਕਾਰਨ ਕਈ ਵਸਤੂਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਦੇਸ਼ ਵਿਚ ਰਬੀ ਫਸਲ ਵਧੀਆ ਹੋਈ ਹੈ। ਵਧੀਆ ਮਾਨਸੂਨ ਅਤੇ ਖੇਤੀਬਾੜੀ ਤੋਂ ਕਾਫੀ ਉਮੀਦਾਂ ਹਨ। ਮੰਗ ਅਤੇ ਸਪਲਾਈ ਦਾ ਅਨੁਪਾਤ ਗੜਬੜਾਉਣ ਨਾਲ ਦੇਸ਼ ਦੀ ਅਰਥਵਿਵਸਥਾ ਥਮੀ ਹੋਈ ਹੈ। ਸਰਕਾਰੀ ਕੋਸ਼ਿਸ਼ਾਂ ਅਤੇ ਰਿਜ਼ਰਵ ਬੈਂਕ ਵਲੋਂ ਚੁੱਕੇ ਗਏ ਕਦਮਾਂ ਦਾ ਅਸਰ ਵੀ ਸਤੰਬਰ ਦੇ ਬਾਅਦ ਦਿਖਣਾ ਸ਼ੁਰੂ ਹੋਵੇਗਾ।

ਪੀਐਮਆਈ 11 ਸਾਲ ਦੇ ਹੇਠਲੇ ਪੱਧਰ 'ਤੇ

  • ਕੋਰੋਨਾ ਵਾਇਰਸ ਕਾਰਨ ਦੁਨੀਆ ਦੀ ਅਰਥਵਿਵਸਥਾ ਨੂੰ ਨੁਕਸਾਨ ਹੋਇਆ ਹੈ। ਅਪ੍ਰੈਲ ਵਿਚ ਗਲੋਬਲ ਮੈਨੁਫੈਕਚਰਿੰਗ ਪੀ.ਐਮ.ਆਈ. ਘੱਟ ਕੇ 11 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ।
  • ਡਬਲਯੂ.ਟੀ.ਓ. ਮੁਤਾਬਕ ਦੁਨੀਆ ਵਿਚ ਕਾਰੋਬਾਰ ਇਸ ਸਾਲ 13-32 ਫੀਸਦੀ ਤੱਕ ਘੱਟ ਸਕਦਾ ਹੈ। ਦੋ ਮਹੀਨੇ ਦੇ ਲਾਕਡਾਉਨ ਨਾਲ ਦੇਸ਼ 'ਚ ਆਰਥਿਕ ਗਤੀਵਿਧਿਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
  • ਇੰਡਸਟਰੀ ਵਾਲੇ ਟਾਪ-6 ਸੂਬਿਆਂ ਦੇ ਜ਼ਿਆਦਾਤਰ ਇਲਾਕੇ ਰੈਡ ਅਤੇ ਆਰੇਂਜ ਜ਼ੋਨ ਵਿਚ ਹਨ। ਇਨ੍ਹਾਂ ਸੂਬਿਆਂ ਦੀ ਇੰਡਸਟਰੀ ਦੀਆਂ ਆਰਥਿਕ ਗਤੀਵਿਧਿਆਂ ਵਿਚ 60 ਫੀਸਦੀ ਹਿੱਸੇਦਾਰੀ ਹੁੰਦੀ ਹੈ।
  • ਕੋਰੋਨਾ ਦੇ ਅਸਰ ਨੂੰ ਦੇਖਦੇ ਹੋਏ 2020-21 ਦੀ ਪਹਿਲੀ ਛਿਮਾਹੀ 'ਚ ਜੀ.ਡੀ.ਪੀ. ਗ੍ਰੋਥ ਨੈਗੇਟਿਵ ਰਹਿਣ ਦਾ ਅੰਦਾਜ਼ਾ ਹੈ। ਦੂਜੀ ਛਿਮਾਹੀ ਵਿਚ ਕੁਝ ਤੇਜ਼ੀ ਆ ਸਕਦੀ ਹੈ।
  • ਰਿਜ਼ਰਵ ਬੈਂਕ ਲਗਾਤਾਰ ਹਾਲਾਤ 'ਤੇ ਨਜ਼ਰ ਰੱਖ ਰਿਹਾ ਹੈ। ਅਰਥਚਾਰੇ ਦੇ ਸਾਰੇ ਸੈਕਟਰਾਂ 'ਤੇ ਸਾਡੀ ਟੀਮ ਨਜ਼ਰ ਰੱਖ ਰਹੀ ਹੈ। ਫਰਵਰੀ ਵਿਚ ਅਸੀਂ ਕਿਹਾ ਸੀ ਕਿ ਕੋਰੋਨਾ ਦੇ ਕਾਰਨ ਗਲੋਬਲ ਗ੍ਰੋਥ ਵਿਚ ਗਿਰਾਵਟ ਆਵੇਗੀ। ਉਸ ਸਮੇਂ ਤੋਂ ਰਿਜ਼ਰਵ ਬੈਂਕ ਨੇ ਲਿਕੁਇਡਿਟੀ ਦੇ ਮੋਰਚੇ 'ਤੇ ਕਈ ਫੈਸਲੇ ਲਏ।

author

Harinder Kaur

Content Editor

Related News