ਰੰਜਿਸ਼ ਕਾਰਣ ਹੋਏ ਝਗੜੇ ’ਚ 2 ਜ਼ਖਮੀ, 6 ਨਾਮਜ਼ਦ
Sunday, Feb 05, 2023 - 06:16 PM (IST)

ਮੋਗਾ (ਆਜ਼ਾਦ) : ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਦਾਤਾ ਵਿਖੇ ਦੋ ਸਾਲ ਪਹਿਲਾਂ ਹੋਈ ਲੜਾਈ ਦੀ ਰੰਜਿਸ਼ ਨੂੰ ਲੈ ਕੇ ਹਥਿਆਰਬੰਦ ਵਿਅਕਤੀਆਂ ਵੱਲੋਂ ਗੁਰਮੇਲ ਸਿੰਘ ਅਤੇ ਉਸਦੇ ਭਤੀਜੇ ਇੰਦਰਜੀਤ ਸਿੰਘ ਨੂੰ ਕੁੱਟਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਮਹਿਣਾ ਪੁਲਸ ਵੱਲੋਂ ਗੁਰਮੇਲ ਸਿੰਘ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀਆਂ ਗੁਰਪ੍ਰੀਤ ਸਿੰਘ ਉਰਫ ਗੋਪੀ, ਛਿੰਦਾ ਸਿੰਘ, ਇੰਦੂ ਸਿੰਘ, ਘੱਗਾ ਸਿੰਘ, ਅਰਸ਼ਵੀਰ ਸਿੰਘ, ਅਕਾਸ਼ਦੀਪ ਸਿੰਘ ਸਾਰੇ ਨਿਵਾਸੀ ਪਿੰਡ ਦਾਤਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਦੋ ਧਿਰਾਂ ਵਿਚਕਾਰ ਲੜਾਈ ਝਗੜਾ ਹੋਇਆ ਸੀ, ਜਿਸ ਕਾਰਣ ਇਨ੍ਹਾਂ ਦੀ ਰੰਜਿਸ਼ ਚੱਲਦੀ ਆ ਰਹੀ ਸੀ।
ਇਸੇ ਰੰਜਿਸ਼ ਕਾਰਣ ਕਥਿਤ ਦੋਸ਼ੀਆਂ ਨੇ ਹਮਲਾ ਕਰ ਕੇ ਦੋਹਾਂ ਨੂੰ ਜ਼ਖਮੀ ਕੀਤਾ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਸੀ, ਡਾਕਟਰਾਂ ਨੇ ਇੰਦਰਜੀਤ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ, ਜਿਸ ਦੀ ਐਕਸਰੇ ਰਿਪੋਰਟ ਆਉਣ ਦੇ ਬਾਅਦ ਕਥਿਤ ਦੋਸ਼ੀਆਂ ਖਿਲਾਫ ਉਕਤ ਮਾਮਲਾ ਦਰਜ ਹੋਇਆ, ਗ੍ਰਿਫਤਾਰੀ ਬਾਕੀ ਹੈ।