ਗਣਤੰਤਰ ਦਿਵਸ ਮੌਕੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ 100 ਲੋਕਾਂ ਦਾ ਸੀਮਤ ਇਕੱਠ ਹੋਵੇਗਾ : ਡੀ. ਸੀ.
Saturday, Jan 22, 2022 - 10:12 AM (IST)
ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਹੋਵੇਗਾ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਿਰਫ਼ 100 ਲੋਕਾਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਕੁਮਾਰ ਸੌਰਭ ਰਾਜ ਨੇ ਗਣਤੰਤਰ ਦਿਵਸ ਸਮਾਗਮ ਸਬੰਧੀ ਡਿਊਟੀਆਂ ਲਗਾਉਣ ਸਬੰਧੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਮਾਗਮ ਵਿਚ 100 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਪ੍ਰਸ਼ੰਸਾ ਪੱਤਰ ਜਾਂ ਲੋਕਾਂ ਦਾ ਸਨਮਾਨ, ਲੋਕਾਂ ਨੂੰ ਕਿਸੇ ਕਿਸਮ ਦੇ ਲਾਭ ਦੀ ਵੰਡ ਆਦਿ ਸ਼ਾਮਲ ਨਹੀਂ ਹੋਣਗੇ। ਪਹਿਲਾਂ ਹੀ ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ 25 ਜਨਵਰੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਵੀ ਉਨ੍ਹਾਂ ਦੀ ਘਰ ਜਾ ਕੇ ਹੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਡਿਊਟੀਆਂ ਲਗਾਈਆਂ ਅਤੇ ਇਸ ਦੀ ਤਨਦੇਹੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਸਮੇਂ ਏ. ਡੀ. ਸੀ.(ਜੀ) ਅਮਿਤ ਬੈਂਬੀ, ਐੱਸ. ਡੀ. ਐੱਮ. ਬਰਨਾਲਾ ਵਰਜੀਤ ਵਾਲੀਆ, ਐੱਸ. ਡੀ. ਐੱਮ. ਤਪਾ ਸਿਮਰਪ੍ਰੀਤ ਕੌਰ, ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ, ਡੀ. ਡੀ. ਪੀ. ਓ. ਸੁਖਚੈਨ ਸਿੰਘ, ਐੱਸ. ਪੀ. (ਹੈੱਡਕੁਆਰਟਰ) ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।