ਹਜ਼ੂਰ ਸਾਹਿਬ ਤੋਂ ਭੁਲੱਥ ਪਰਤੀਆਂ 2 ਮਹਿਲਾਵਾਂ ਦੀ ਰਿਪੋਰਟ ਪਾਜ਼ੇਟਿਵ, ਜ਼ਿਲ੍ਹੇ ''ਚ ਪੀੜਤਾਂ ਦੀ ਗਿਣਤੀ ਹੋਈ 15

Saturday, May 02, 2020 - 10:03 PM (IST)

ਭੁਲੱਥ, (ਰਜਿੰਦਰ)- ਸੂਬੇ ਵਿਚ ਚੱਲ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਜ਼ਿਲਾ ਕਪੂਰਥਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਕੋਰੋਨਾ ਦੇ ਮਾਮਲੇ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ ਤੇ ਚੌਥਾ ਵਿਧਾਨ ਸਭਾ ਹਲਕਾ ਭੁਲੱਥ ਕੋਰੋਨਾ ਵਾਇਰਸ ਤੋਂ ਹਾਲੇ ਤੱਕ ਬਚਿਆ ਹੋਇਆ ਸੀ। ਪਰ ਹੁਣ ਹਲਕਾ ਭੁਲੱਥ ਦੀਆਂ ਦੋ ਮਹਿਲਾਵਾਂ ਕੋਰੋਨਾ ਪਾਜ਼ੇਟਿਵ ਪਾਈਆ ਗਈਆਂ ਹਨ। ਜੋ ਹੁਸ਼ਿਆਰਪੁਰ ਦੇ ਕੋਰੋਨਾ ਆਈਸੋਲੇਸ਼ਨ ਸੈਂਟਰ ਵਿਚ ਦਾਖਲ ਹਨ। ਇਹ ਦੋਵੇਂ ਸ਼੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਬੱਸਾਂ ਰਾਹੀ ਬੀਤੇ ਦਿਨੀਂ ਹੁਸ਼ਿਆਰਪੁਰ ਪਹੁੰਚੀਆਂ ਸਨ, ਜਿਥੇ ਇਨ੍ਹਾਂ ਨੂੰ ਆਈਸੋਲੇਟ ਕੀਤਾ ਹੋਇਆ ਸੀ ਤੇ ਅੱਜ ਇਨ੍ਹਾਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜੇਟਿਵ ਆਈ ਹੈ। ਜਿਸ ਤੋਂ ਬਾਅਦ ਹੁਣ ਜ਼ਿਲਾ ਕਪੂਰਥਲਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਦੱਸ ਦੇਈਏ ਕਿ ਹਲਕਾ ਭੁਲੱਥ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਹਿਲਾ 50 ਸਾਲਾਂ ਸਵਰਨ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਪਿੰਡ ਮਕਸਦੂਪੁਰ ਥਾਣਾ ਬੇਗੋਵਾਲ ਤੇ 62 ਸਾਲਾਂ ਪ੍ਰੀਤਮ ਕੌਰ ਪਤਨੀ ਮਹਿੰਦਰ ਸਿੰਘ ਪਿੰਡ ਮਹਿਮਦਪੁਰ ਥਾਣਾ ਭੁਲੱਥ ਦੀਆਂ ਰਹਿਣ ਵਾਲੀਆਂ ਹਨ। ਦੂਜੇ ਪਾਸੇ ਇਸ ਸੰਬੰਧੀ ਜਦੋਂ ਜ਼ਿਲਾ ਕਪੂਰਥਲਾ ਦੀ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੋਰੋਨਾ ਵਾਇਰਸ ਦੇ ਦੋ ਨਵੇਂ ਕੇਸਾਂ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਜ਼ਿਲੇ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਹੁਣ 15 ਹੋ ਗਈ ਹੈ, ਜਦਕਿ ਪਹਿਲਾਂ 13 ਸੀ। ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚੋਂ 11 ਮਰੀਜ਼ (ਸ਼੍ਰੀ ਨਾਂਦੇੜ ਸਾਹਿਬ, ਸ਼੍ਰੀ ਹਜ਼ੂਰ ਸਾਹਿਬ) ਨਾਲ ਤੇ ਇਕ ਦਿੱਲੀ ਨਾਲ ਸੰਬੰਧਤ ਹੈ, ਜਦਕਿ ਤਿੰਨ ਪੁਰਾਣੇ ਹਨ। ਜਿਨ੍ਹਾਂ ਵਿਚੋਂ ਦੋ ਠੀਕ ਹੋ ਚੁੱਕੇ ਹਨ ਤੇ ਇਕ ਛੋਟੀ ਬੱਚੀ ਦੀ ਮੌਤ ਹੋ ਚੁੱਕੀ ਹੈ। ਪੁੱਛਣ 'ਤੇ ਉਨ੍ਹਾਂ ਦਸਿਆ ਕਿ ਕੋਰੋਨਾ ਵਾਇਰਸ ਪਾਜ਼ੇਟਿਵ ਭੁਲੱਥ ਇਲਾਕੇ ਦੀਆਂ ਦੋਵੇਂ ਔਰਤਾਂ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਸੈਂਟਰ ਵਿਚ ਹਨ। ਜਿਨ੍ਹਾਂ ਦਾ ਇਲਾਜ ਹੁਸ਼ਿਆਰਪੁਰ ਵਿਚ ਕਰਨਾ ਹੈ ਜਾਂ ਕਪੂਰਥਲਾ ਵਿਚ। ਇਹ ਤਾਂ ਹੁਸ਼ਿਆਰਪੁਰ ਪ੍ਰਸ਼ਾਸਨ ਹੀ ਤੈਅ ਕਰੇਗਾ। ਜੇਕਰ ਹੁਸ਼ਿਆਰਪੁਰ ਪ੍ਰਸ਼ਾਸਨ ਸਾਨੂੰ ਦੋਵੇਂ ਪਾਜੇਟਿਵ ਮਰੀਜ਼ ਸੌਂਪ ਦੇਵੇਗਾ ਤਾਂ ਇਨ੍ਹਾਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ ਵਿਚ ਰੱਖ ਕੇ ਇਨ੍ਹਾਂ ਦਾ ਇਲਾਜ ਕੀਤਾ ਜਾਵੇਗਾ।


Bharat Thapa

Content Editor

Related News