ਥਾਣਾ ਤਲਵੰਡੀ ਚੌਧਰੀਆਂ ਦੇ SHO ਸਮੇਤ 12 ਪੁਲਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

Saturday, Aug 15, 2020 - 09:48 PM (IST)

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ ) ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ ਜੋ ਕਿ ਖਤਰੇ ਦੀ ਘੰਟੀ ਹਨ । ਅੱਜ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ ਐਚ ਓ ਸਮੇਤ 12 ਪੁਲਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਤੇ ਪਿੰਡ ਹੈਬਤਪੁਰ ਨਿਵਾਸੀ ਕੱਲ੍ਹ ਕੋਰੋਨਾ ਪਾਜ਼ੇਟਿਵ ਆਏ 29 ਸਾਲਾ ਨੌਜਵਾਨ ਦੇ ਮਾਤਾ -ਪਿਤਾ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ।ਸਿਵਲ ਹਸਪਤਾਲ ਟਿੱਬਾ ਦੇ ਇੱਕ ਡਾਕਟਰ ਦਾ ਭਰਾ ਤੇ ਮੰਮੀ -ਡੈਡੀ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਇਲਾਕੇ ਚ ਹੜਕੰਪ ਮਚ ਗਿਆ ਹੈ ।ਕਿਉਂਕਿ ਹੈਬਤਪੁਰ ਨਿਵਾਸੀ ਮਰੀਜ ਬਿਜਲੀ ਵਿਭਾਗ ਦਾ ਮੁੱਖ ਕਰਮਚਾਰੀ ਹੈ । ਕਮਿਉਨਟੀ ਹੈਲਥ ਕੇਂਦਰ ਟਿੱਬਾ ਦੇ ਐਸ ਐਮ ਓ ਡਾ. ਚਰਨਜੀਤ ਸਿੰਘ ਨੇ ਸੰਪਰਕ ਕੀਤੇ ਜਾਣ ਤੇ ਦੱਸਿਆ ਕਿ  ਥਾਣਾ ਤਲਵੰਡੀ ਚੌਧਰੀਆਂ 1 ਹਫਤੇ ਲਈ ਸੀਲ ਕੀਤਾ ਗਿਆ ਹੈ ਤੇ ਪਾਜ਼ੇਟਿਵ ਆਏ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਚ ਇਲਾਜ ਲਈ ਭੇਜਿਆ ਗਿਆ ਹੈ ।ਉਨ੍ਹਾਂ ਦੱਸਿਆ ਕਿ ਥਾਣੇ ਦੇ ਹੋਰ ਮੁਲਾਜ਼ਮਾਂ ਤੇ ਸੰਪਰਕ ਚ ਆਏ ਲੋਕਾਂ ਦੀ ਸੋਮਵਾਰ ਨੂੰ ਸੈੱਪਲਿੰਗ ਕੀਤੀ ਜਾਵੇਗੀ । ਪਿੰਡ ਹੈਬਤਪੁਰ ਦੇ ਪਾਜ਼ੇਟਿਵ ਆਏ ਇੱਕੋ ਪਰਿਵਾਰ ਦੇ 3 ਮੈਂਬਰਾਂ ਨੂੰ ਉਨ੍ਹਾਂ ਦੇ ਘਰ ਚ ਹੀ ਉੱਪਰਲੀ ਮੰਜ਼ਿਲ ਤੇ ਆਈਸੋਲੇਟ ਕਰਕੇ ਇਲਾਜ ਸ਼ੁਰੂ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਕਿੱਧਰੇ ਵੀ ਆਉਣ -ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਉਨ੍ਹਾਂ ਦੇ ਸੰਪਰਕ ਚ ਆਏ ਹੋਰ ਮਰੀਜਾਂ ਦੇ ਸੈੰਪਲ ਵੀ ਲਏ ਜਾਣਗੇ ।
ਕੋਰੋਨਾ ਦੇ ਸੈਂਪਲ ਲੈਣ ਗਈ ਸਿਹਤ ਵਿਭਾਗ ਦੀ ਟੀਮ ਨੂੰ ਦੇਖ ਕੇ ਲੋਕਾਂ ਬੂਹੇ ਕੀਤੇ ਬੰਦ :
ਐਸ ਐਮ ਓ ਟਿੱਬਾ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪਿੰਡ ਨਵਾਂ ਠੱਟਾ ਚ    ਪਹਿਲਾਂ 1 ਵਰਕਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਤੇ ਬਾਅਦ ਚ ਉਸਦੇ ਸੰਪਰਕ ਚ ਆਏ ਪਰਿਵਾਰ ਦੇ 4 ਹੋਰ ਮਰੀਜ ਆ ਗਏ ਤੇ ਪਿੰਡ ਠੱਟਾ ਨਵਾਂ ਚ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਗਿਣਤੀ 5 ਹੋ ਗਈ । ਉਨ੍ਹਾਂ ਦੱਸਿਆ ਕਿ ਪਿੰਡ ਦੇ ਪਹਿਲਾਂ ਕੋਰੋਨਾ ਪਾਜ਼ੇਟਿਵ ਆਏ ਮਰੀਜ਼ ਵਲੋ ਪਿੰਡ ਚ ਆ ਕੇ ਅਫਵਾਹ ਫੈਲਾਅ ਦਿੱਤੀ ਗਈ ਕਿ ਉਨ੍ਹਾਂ ਨੂੰ ਕੋਈ ਕੋਰੋਨਾ ਨਹੀ ਹੈ ਤੇ ਕੋਈ ਸੈੱਪਲ ਨਾਂ ਦਿਓ , ਜਿਸਤੇ ਪਿੰਡ ਦੇ ਲੋਕਾਂ ਨੇ ਸਿਹਤ ਵਿਭਾਗ ਨੂੰ ਪਿੰਡ ਚੋਂ ਕਿਸੇ ਦਾ ਵੀ ਸੈੱਪਲ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ । ਐਸ ਐਮ ਓ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵਲੋਂ ਵੀ ਸਾਵਧਾਨ ਕੀਤਾ ਗਿਆ ਕਿ ਪਿੰਡ ਚ ਆਪਣੀ ਸਰੁੱਖਿਆ ਦਾ ਪ੍ਰਬੰਧ ਕਰਕੇ ਹੀ ਆਇਓ ਜਿਸਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਲੈ ਕੇ ਸਿਹਤ ਵਿਭਾਗ ਦੀ ਟੀਮ ਪਿੰਡ ਠੱਟਾ ਨਵਾਂ  ਪੁੱਜੀ ਤਾਂ ਪਿੰਡ ਦੇ ਲੋਕਾਂ ਨੇ ਆਪਣੇ ਦਰਵਾਜੇ ਬੰਦ ਕਰ ਲਏ ਤੇ ਸੈੱਪਲ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਇਸਤੋਂ ਬਾਅਦ ਪਿੰਡ ਠੱਟਾ ਨਵਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤੇ ਕਿਸੇ ਦੇ ਵੀ ਪਿੰਡ ਚ ਪ੍ਰਵੇਸ਼ ਕਰਨ ਜਾਂ ਅੰਦਰੋਂ ਬਾਹਰ ਜਾਣ ਤੇ ਰੋਕ ਲਗਾ ਦਿੱਤੀ ਹੈ ।

ਸਾਵਧਾਨੀ ਨਾਂ ਵਰਤਣ ਕਾਰਨ ਹਲਕੇ ਚ 45 ਤੱਕ ਪੁੱਜੀ ਗਿਣਤੀ :
ਹਲਕਾ ਸੁਲਤਾਨਪੁਰ ਲੋਧੀ ਚ ਪਹਿਲਾਂ ਕੋਰੋਨਾ ਦਾ ਕੋਈ ਕੇਸ ਨਹੀ ਸੀ , ਪਰ ਹੁਣ ਲੋਕਾਂ ਵਲੋਂ ਸਾਵਧਾਨੀ ਨਾਂ ਵਰਤਣ ਕਾਰਨ ਲਗਾਤਾਰ ਕੇਸ ਵੱਧ ਰਹੇ ਹਨ । ਅਗਲੇ ਦਿਨਾਂ ਚ ਸਥਿਤੀ ਹੋਰ ਵੀ ਵਿਸਫੋਟਕ ਹੋਣ ਦੀ ਸੰਭਾਵਨਾ ਹੈ ।


Bharat Thapa

Content Editor

Related News