ਪੁਲ ਟੁੱਟਣ ਤੋਂ 48 ਘੰਟਿਆਂ ਬਾਅਦ ਵੀ ਸਾਈਟ ’ਤੇ ਸ਼ੁਰੂ ਨਹੀਂ ਹੋਈ ਰਿਪੇਅਰ, ਬੰਦ ਰਹੇਗੀ ਹੈਵੀ ਵਾਹਨਾਂ ਦੀ ਐਂਟਰੀ

Thursday, Sep 12, 2024 - 05:44 AM (IST)

ਲੁਧਿਆਣਾ (ਹਿਤੇਸ਼) : ਫਿਰੋਜ਼ਪੁਰ ਰੋਡ ਤੋਂ ਦੋਰਾਹਾ ਤੱਕ ਨਹਿਰ ਦੇ ਕੰਢੇ ਬਣੇ ਸਿੱਧਵਾਂ ਐਕਸਪ੍ਰੈੱਸ-ਵੇ ਅਧੀਨ ਆਉਂਦੇ ਫਲਾਈਓਵਰ ਦਾ ਇਕ ਹਿੱਸਾ ਕੁਝ ਸਾਲਾਂ ਅੰਦਰ ਲਗਾਤਾਰ ਦੂਜੀ ਵਾਰ ਟੁੱਟ ਕੇ ਡਿੱਗਣ ਦੀ ਘਟਨਾ ਤੋਂ 48 ਘੰਟਿਆਂ ਬਾਅਦ ਵੀ ਪੀ. ਡਬਲਯੂ. ਡੀ. ਵਿਭਾਗ ਵੱਲੋਂ ਸਾਈਟ ’ਤੇ ਰਿਪੇਅਰ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ।

ਹਾਲਾਂਕਿ ਪੁਲ ਟੁੱਟਣ ਦੇ ਪੁਆਇੰਟ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਉਥੇ ਆ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਪੱਕੇ ਤੌਰ ’ਤੇ ਨਜਿੱਠਣ ਲਈ ਪੀ. ਸੀ. ਆਰ. ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁਲਸ ਪ੍ਰਸ਼ਾਸਨ ਵੱਲੋਂ ਪੀ. ਡਬਲਯੂ. ਡੀ. ਵਿਭਾਗ ਦੀ ਸਿਫਾਰਸ਼ ’ਤੇ ਸਿੱਧਵਾਂ ਐਕਸਪ੍ਰੈੱਸ-ਵੇ ’ਤੇ 10 ਦਿਨ ਤੱਕ ਹੈਵੀ ਵਾਹਨਾਂ ਦੀ ਐਂਟਰੀ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਵਿਧਾਇਕ ਗੋਗੀ ਨੇ ਪਿਛਲੀਆਂ ਸਰਕਾਰਾਂ ’ਤੇ ਭੰਨਿਆ ਠੀਕਰਾ, ਜਾਂਚ ਦੀ ਹੋਵੇਗੀ ਸਿਫਾਰਸ਼
ਇਸ ਮਾਮਲੇ ’ਤੇ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ, ਜਿਸ ਤਹਿਤ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਸਾਈਟ ਦੇ ਦੌਰੇ ਤੋਂ ਬਾਅਦ ਪੁਲ ਦੀ ਖਸਤਾ ਹਾਲਤ ਦਾ ਠੀਕਰਾ ਪਿਛਲੀਆਂ ਸਰਕਾਰਾਂ ’ਤੇ ਭੰਨ ਦਿੱਤਾ। ਉਨ੍ਹਾਂ ਕਿਹਾ ਕਿ ਪੁਲ ਦੀ ਉਸਾਰੀ ਨੂੰ ਅਜੇ 11 ਸਾਲ ਹੀ ਹੋਏ ਹਨ ਅਤੇ ਸਰੀਆ ਤੱਕ ਬਾਹਰ ਨਿਕਲ ਆਇਆ ਹੈ, ਜਿਸ ਦੇ ਮੱਦੇਨਜ਼ਰ ਪੁਲ ਬਣਾਉਣ ਲਈ ਵਰਤੇ ਗਏ ਮਟੀਰੀਅਲ ਦੀ ਜਾਂਚ ਕਰ ਕੇ ਜ਼ਿੰਮੇਵਾਰ ਅਫਸਰਾਂ ਅਤੇ ਠੇਕੇਦਾਰ ਖਿਲਾਫ ਐਕਸ਼ਨ ਲੈਣ ਦੀ ਸਿਫਾਰਸ਼ ਕੀਤੀ ਜਾਵੇਗੀ।

ਉਧਰ, ਐੱਸ. ਈ. ਰਾਜੀਵ ਸੈਣੀ ਨੇ ਕਿਹਾ ਕਿ ਇਸ ਮਾਮਲੇ ਦੇ ਤਕਨੀਕੀ ਪਹਿਲੂਆਂ ਨੂੰ ਸਟੱਡੀ ਕੀਤਾ ਜਾ ਰਿਹਾ ਹੈ ਅਤੇ ਪੁਲਾਂ ਦੇ ਐਕਸਪਰਟ ਦੀ ਸਲਾਹ ਨਾਲ ਜਲਦ ਹੀ ਜ਼ਰੂਰੀ ਕਦਮ ਚੁੱਕਿਆ ਜਾਵੇਗਾ।

ਇਸ ਤਰ੍ਹਾਂ ਲਾਗੂ ਕੀਤਾ ਗਿਆ ਹੈ ਰੂਟ ਪਲਾਨ
-ਦਿੱਲੀ ਰੋਡ ਤੋਂ ਦੋਰਾਹਾ ਜਾਂ ਸਾਹਨੇਵਾਲ ਵੱਲ ਆਉਣ ਵਾਲੇ ਹੈਵੀ ਵਾਹਨਾਂ ਨੂੰ ਸਮਰਾਲਾ ਚੌਕ, ਜਲੰਧਰ ਬਾਈਪਾਸ ਤੋਂ ਲਾਡੋਵਾਲ ਬਾਈਪਾਸ ਦੇ ਰਸਤੇ ਫਿਰੋਜ਼ਪੁਰ ਰੋਡ ਤੱਕ ਆਉਣਾ ਪਵੇਗਾ।
-ਫਿਰੋਜ਼ਪੁਰ ਰੋਡ ਵੱਲੋਂ ਜਾਣ ਵਾਲੇ ਭਾਰੀ ਵਾਹਨਾਂ ਨੂੰ ਵੀ ਲਾਡੋਵਾਲ ਬਾਈਪਾਸ ਦੇ ਰਸਤੇ ਜਲੰਧਰ ਬਾਈਪਾਸ ਅਤੇ ਸਮਰਾਲਾ ਚੌਕ ਤੋਂ ਹੁੰਦੇ ਹੋਏ ਦਿੱਲੀ ਰੋਡ, ਦੋਰਾਹਾ ਜਾਂ ਸਾਹਨੇਵਾਲ ਤੱਕ ਜਾਣਾ ਪਵੇਗਾ।
-ਦੁੱਗਰੀ, ਮਾਡਲ ਟਾਊਨ, ਜਵੱਦੀ, ਪੰਜਾਬ ਮਾਤਾ ਨਗਰ ਵਾਲੇ ਪਾਸਿਓਂ ਆਉਣ ਅਤੇ ਫਿਰੋਜ਼ਪੁਰ ਰੋਡ ਵੱਲੋਂ ਇਸ ਪਾਸੇ ਜਾਣ ਵਾਲੇ ਲੋਕਾਂ ਨੂੰ ਪੱਖੋਵਾਲ ਰੋਡ ਅੰਡਰਬ੍ਰਿਜ ਅਤੇ ਫਲਾਈਓਵਰ ਦਾ ਬਦਲ ਅਪਣਾਉਣਾ ਪਵੇਗਾ।

ਜ਼ਿੰਮੇਵਾਰੀ ਤੋਂ ਬਚਣ ਲਈ ਹੁਣ ਤੱਕ ਫਾਈਨਲ ਨਹੀਂ ਕੀਤਾ ਗਿਆ ਪੁਰਾਣੇ ਠੇਦੇਕਾਰ ਦਾ ਬਿੱਲ
ਪੁਲ ਟੁੱਟਣ ਦੀ ਘਟਨਾ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ ਕਿ ਪੁਰਾਣੇ ਠੇਕੇਦਾਰ ਦਾ ਬਿੱਲ ਹੁਣ ਤੱਕ ਫਾਈਨਲ ਨਹੀਂ ਕੀਤਾ ਗਿਆ ਹੈ, ਜਦੋਂਕਿ ਇਹ ਪ੍ਰਾਜੈਕਟ 13 ਸਾਲ ਪਹਿਲਾਂ ਪੂਰਾ ਹੋ ਚੁੱਕਾ ਹੈ। ਜਿਥੋਂ ਤੱਕ ਬਿੱਲ ਫਾਈਨਲ ਕਰਨ ਨਾਲ ਜੁੜਿਆ ਤਕਨੀਕੀ ਪਹਿਲੂ ਹੈ, ਉਸ ਸਬੰਧੀ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਫਾਰਮੂਲਾ ਪੁਰਾਣੇ ਠੇਕੇਦਾਰ ਨੂੰ ਜ਼ਿੰਮੇਵਾਰੀ ਤੋਂ ਬਚਾਉਣ ਲਈ ਅਪਣਾਇਆ ਗਿਆ ਹੈ, ਕਿਉਂਕਿ ਜਦੋਂ ਪੁਰਾਣੇ ਠੇਕੇਦਾਰ ਦਾ ਬਿੱਲ ਫਾਈਨਲ ਹੋਵੇਗਾ, ਉਸ ਤੋਂ ਬਾਅਦ ਹੀ ਡਿਫੈਕਟ ਲਾਇਬਿਲਟੀ ਪੀਰੀਅਡ ਸ਼ੁਰੂ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News