ਰਾਵਣ ਬੁਰਾ ਸੀ ਤਾਂ ਉਸਦਾ ਪੁਤਲਾ ਫੂਕਣ ਤੋਂ ਬਾਅਦ ਉਸ ਦੀ ਅੱਧ ਜਲੀ ਲੱਕੜੀ ਘਰ ਲਿਜਾਣਾ ਸ਼ੁਭ ਮੰਨਦੇ ਨੇ ਲੋਕ

Thursday, Oct 02, 2025 - 09:58 PM (IST)

ਰਾਵਣ ਬੁਰਾ ਸੀ ਤਾਂ ਉਸਦਾ ਪੁਤਲਾ ਫੂਕਣ ਤੋਂ ਬਾਅਦ ਉਸ ਦੀ ਅੱਧ ਜਲੀ ਲੱਕੜੀ ਘਰ ਲਿਜਾਣਾ ਸ਼ੁਭ ਮੰਨਦੇ ਨੇ ਲੋਕ

ਮਾਛੀਵਾੜਾ ਸਾਹਿਬ (ਟੱਕਰ) - ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਤਿਉਹਾਰ ਮੌਕੇ ਸ਼ਾਮ ਨੂੰ ਹਰੇਕ ਥਾਂ ’ਤੇ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ। ਇੱਕ ਪਾਸੇ ਤਾਂ ਰਾਵਣ ਨੂੰ ਬੁਰਾ ਰਾਕਸ਼ਸ ਦਿਖਾ ਕੇ ਉਸਦਾ ਪੁਤਲਾ ਫੂਕ ਜਿੱਤ ਦੇ ਜਸ਼ਨ ਮਨਾਏ ਜਾਂਦੇ ਹਨ ਪਰ ਦੂਸਰੇ ਪਾਸੇ ਰਾਵਣ ਦਾ ਪੁਤਲਾ ਫੂਕਣ ਤੋਂ ਬਾਅਦ ਕਾਫ਼ੀ ਗਿਣਤੀ ’ਚ ਲੋਕ ਉਸਦੇ ਪੁਤਲੇ ਦੀ ਅੱਧ ਜਲੀ ਲੱਕੜੀ ਘਰ ਲਿਜਾਣਾ ਸ਼ੁਭ ਮੰਨਦੇ ਹਨ। ਮਾਛੀਵਾੜਾ ਦੇ ਦੁਸਹਿਰਾ ਮੈਦਾਨ ਵਿਚ ਜਦੋਂ ਰਾਵਣ ਦਾ ਪੁਤਲਾ ਫੂਕਿਆ ਗਿਆ ਤਾਂ ਭਾਰੀ ਗਿਣਤੀ ’ਚ ਲੋਕ ਜਿਸ ਵਿਚ ਔਰਤਾਂ ਵੀ ਸ਼ਾਮਲ ਸਨ, ਉਹ ਪੁਤਲੇ ਦੀਆਂ ਅੱਧ ਜਲੀਆਂ ਲੱਕੜੀਆਂ ਘਰ ਲਿਜਾਂਦੀਆਂ ਦਿਖਾਈ ਦਿੱਤੀਆਂ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਜਦੋਂ ਕਈ ਲੋਕਾਂ ਨੂੰ ਸਵਾਲ ਪੁੱਛਿਆ ਗਿਆ ਕਿ ਰਾਵਣ ਦੀਆਂ ਅੱਧ ਜਲੀਆਂ ਲੱਕੜੀਆਂ ਘਰ ਕਿਉਂ ਲਿਜਾਈਆਂ ਜਾ ਰਹੀਆਂ ਹਨ ਤਾਂ ਜਿਆਦਾਤਰ ਲੋਕਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪ੍ਰੰਪਰਾਂ ਹੈ ਕਿ ਰਾਵਣ ਦੀ ਅੱਧ ਜਲੀ ਲੱਕੜੀ ਘਰ ਲਿਜਾਣਾ ਸ਼ੁਭ ਹੈ। ਕਈ ਵਿਅਕਤੀਆਂ ਨੇ ਦੱਸਿਆ ਕਿ ਰਾਵਣ ਇੱਕ ਵਿਦਵਾਨ ਜਿਸ ਨੂੰ ਚਾਰ ਵੇਦਾਂ ਦਾ ਗਿਆਨ ਸੀ ਅਤੇ ਉਸਦੀ ਅੱਧ ਜਲੀ ਲੱਕੜੀ ਘਰ ਲਿਜਾਣ ਨਾਲ ਜਿੱਥੋਂ ਘਰ ’ਚੋਂ ਬੁਰਾਈ ਦਾ ਨਾਸ਼ ਹੁੰਦਾ ਹੈ, ਕੋਈ ਭੂਤ-ਪ੍ਰੇਤ ਦਾ ਸਾਇਆ ਨਹੀਂ ਆਉਂਦਾ ਅਤੇ ਸੁੱਖ ਸ਼ਾਂਤੀ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਕਈਆਂ ਨੇ ਕਿਹਾ ਕਿ ਰਾਵਣ ਦੇ ਪੁਤਲੇ ਦੀਆਂ ਲੱਕੜੀਆਂ ਬਦੀ ’ਤੇ ਜਿੱਤ ਦਾ ਪ੍ਰਤੀਕ ਹਨ ਜਿਸ ਨਾਲ ਇਸ ਨੂੰ ਘਰ ਲਿਜਾਣ ਨਾਲ ਕਲੇਸ਼, ਬੀਮਾਰੀ ਦੂਰ ਰਹਿੰਦੀ ਹੈ ਅਤੇ ਹਰੇਕ ਥਾਂ ’ਤੇ ਇਨਸਾਨ ਨੂੰ ਜਿੱਤ ਪ੍ਰਾਪਤ ਹੁੰਦੀ ਹੈ। ਰਾਵਣ ਦੀ ਅੱਧ ਜਲੀ ਲੱਕੜੀ ਘਰ ਲਿਜਾਣਾ ਅੰਧਵਿਸ਼ਵਾਸ ਹੈ ਜਾਂ ਪ੍ਰੰਪਰਾਂ ਇਸ ਦਾ ਕਿਸੇ ਕੋਲ ਕੋਈ ਸਪੱਸ਼ਟ ਜਵਾਬ ਨਹੀਂ।


author

Hardeep Kumar

Content Editor

Related News