ਪੰਜਾਬ 'ਚ ਧਾਰਮਿਕ ਸਥਾਨਾਂ 'ਤੇ ਪ੍ਰਸਾਦ ਤੇ ਲੰਗਰ ਵਰਤਾਉਣ ਦੀ ਮਨਜ਼ੂਰੀ

Wednesday, Jun 10, 2020 - 12:52 AM (IST)

ਪੰਜਾਬ 'ਚ ਧਾਰਮਿਕ ਸਥਾਨਾਂ 'ਤੇ ਪ੍ਰਸਾਦ ਤੇ ਲੰਗਰ ਵਰਤਾਉਣ ਦੀ ਮਨਜ਼ੂਰੀ

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਧਾਰਮਿਕ ਸਥਾਨਾਂ 'ਤੇ ਹੁਣ ਪ੍ਰਸਾਦ ਅਤੇ ਲੰਗਰ ਵਰਤਾਇਆ ਜਾ ਸਕੇਗਾ। ਸੂਬਾ ਸਰਕਾਰ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਸੂਬੇ ਦੇ ਗ੍ਰਹਿ ਵਿਭਾਗ ਨੇ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਨਾਲ ਇਸ ਮੁੱਦੇ ਨੂੰ ਲੈ ਕੇ ਉਠਿਆ ਵਿਵਾਦ ਵੀ ਸ਼ਾਂਤ ਹੋ ਗਿਆ ਹੈ। ਦਰਅਸਲ ਪੰਜਾਬ 'ਚ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਸਰਕਾਰ ਧਾਰਮਿਕ ਸਥਾਨਾਂ 'ਤੇ ਲੰਗਰ ਅਤੇ ਪ੍ਰਸਾਦ ਨਾ ਵੰਡਣ ਦੀ ਆਗਿਆ ਦੇ ਕੇ ਭਾਵਨਾਵਾਂ ਨੂੰ ਆਹਤ ਕਰ ਰਹੀ ਹੈ। ਇਸ 'ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਉਹ ਇਸ ਬਾਰੇ ਕੇਂਦਰ ਸਰਕਾਰ ਨਾਲ ਗੱਲ ਕਰਨਗੇ।

ਇਸ ਸੰਦਰਭ 'ਚ ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਨੂੰ ਨਿਰਦੇਸ਼ ਦਿੱਤੇ ਸਨ ਕਿ ਲੰਗਰ ਅਤੇ ਪ੍ਰਸਾਦ ਵੰਡਣ ਦੀ ਆਗਿਆ ਦੇਣ ਦਾ ਬਦਲ ਲੱਭਿਆ ਜਾਵੇ। ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਦੇ ਗ੍ਰਹਿ ਵਿਭਾਗ ਨੇ ਧਾਰਮਿਕ ਸਥਾਨਾਂ 'ਤੇ ਲੰਗਰ ਅਤੇ ਪ੍ਰਸਾਦ ਵੰਡਣ ਦੀ ਆਗਿਆ ਦੇ ਦਿੱਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਪ੍ਰਸਾਦ ਨਾ ਵੰਡਣ ਸਬੰਧੀ ਫੈਸਲਾ ਕੇਂਦਰ ਸਰਕਾਰ ਨੇ ਲਿਆ ਹੈ ਨਾ ਕਿ ਪੰਜਾਬ ਸਰਕਾਰ ਨੇ।


author

Deepak Kumar

Content Editor

Related News