ਧਾਰਮਿਕ ਜਥੇਬੰਦੀਆਂ ਨੇ ਮੰਗਾਂ ਸਬੰਧੀ ਨਾਅਰਿਆਂ ਦੀ ਗੂੰਜ ''ਚ ਕੱਢਿਆ ਰੋਸ ਮਾਰਚ

04/19/2018 5:01:03 AM

ਕਪੂਰਥਲਾ, (ਗੁਰਵਿੰਦਰ ਕੌਰ)- ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਨਾਅਰਿਆਂ ਦੀ ਗੂੰਜ 'ਚ ਇਕ ਰੋਸ ਮਾਰਚ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਤੋਂ ਕੱਢਿਆ ਗਿਆ। ਜਿਹੜਾ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆਂ ਪੁਰਾਣੀ ਕਚਹਿਰੀ ਕਪੂਰਥਲਾ ਵਿਖੇ ਪਹੁੰਚਿਆ। ਜਿਥੇ ਜਥੇਬੰਦੀਆਂ ਦੇ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਏ. ਡੀ. ਸੀ. (ਜ) ਰਾਹੁਲ ਚਾਬਾ ਨੂੰ ਦਿੱਤਾ। 
ਵੱਖ-ਵੱਖ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਜੋ ਪ੍ਰੀ-ਪਲਾਨਿੰਗ ਤਹਿਤ ਫਗਵਾੜਾ ਵਿਖੇ ਸ਼ਿਵ ਸੈਨਾ ਨੇ ਜੋ ਕਥਿਤ ਤੌਰ 'ਤੇ ਦਲਿਤਾਂ 'ਤੇ ਨਾਜਾਇਜ਼ ਫਾਈਰਿੰਗ ਤੇ ਜਾਨਲੇਵਾ ਹਮਲਾ ਕੀਤਾ ਹੈ, ਉਸਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਫਗਵਾੜਾ ਵਿਖੇ ਮਾਹੌਲ ਖਰਾਬ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਸੰਗਠਨਾਂ 'ਤੇ ਪੂਰਨ ਪਾਬੰਦੀ ਲਗਾਉਣ ਦੇ ਨਾਲ-ਨਾਲ ਇਨ੍ਹਾਂ ਸੰਗਠਨਾਂ ਦੀ ਸੁਰੱਖਿਆ ਵਾਪਸ ਲਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਸਲੇ ਲਾਇਸੈਂਸ ਰੱਦ ਕੀਤੇ ਜਾਣ ਤੇ ਫਗਵਾੜਾ 'ਚ ਦਲਿਤਾਂ 'ਤੇ ਹੋਏ ਨਾਜਾਇਜ਼ ਝੂਠੇ ਪਰਚੇ ਰੱਦ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਫਗਵਾੜਾ ਕਾਂਡ 'ਚ ਸ਼ਾਮਿਲ ਦੋਸ਼ੀਆਂ 'ਤੇ ਪਰਚੇ ਦਰਜ ਕੀਤੇ ਜਾਣ। 
ਆਗੂਆਂ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲੇ 'ਚ ਮੁਸਲਿਮ ਭਾਈਚਾਰੇ ਦੀ 8 ਸਾਲਾਂ ਦੀ ਛੋਟੀ ਬੱਚੀ ਨਾਲ ਜੋ ਮੰਦਰ 'ਚ ਜਬਰ-ਜ਼ਨਾਹ ਤੇ ਮੌਤ ਦੇ ਘਾਟ ਉਤਾਰਣ ਦੀ ਮੰਦਭਾਗੀ ਘਟਨਾ ਵਾਪਰੀ ਉਸਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਮੌਤ ਦੀ ਸਜ਼ਾ ਸੁਣਾਈ ਜਾਵੇ ਤੇ ਬਾਕੀ ਦੋਸ਼ੀਆਂ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਉਪਰੋਕਤ ਮੰਗਾਂ 'ਤੇ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਪੂਰੇ ਦੇਸ਼ ਤੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਫਗਵਾੜਾ ਵਿਖੇ ਸੰਵਿਧਾਨ ਚੌਕ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ 19 ਅਪ੍ਰੈਲ ਦਿਨ ਵੀਰਵਾਰ ਨੂੰ ਸ਼ਾਮ 6.30 ਵਜੇ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਤੋਂ ਮੰਗਾਂ ਸਬੰਧੀ ਇਕ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ਇੰਦਰਜੀਤ ਸਿੰਘ ਜੁਗਨੂੰ, ਜਗਜੀਤ ਸਿੰਘ, ਰੌਸ਼ਨ ਲਾਲ ਸਭਰਵਾਲ, ਗੁਰਪ੍ਰੀਤ ਸਿੰਘ ਸੋਨਾ, ਚਰਨਜੀਤ ਹੰਸ, ਪਰਮਜੀਤ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ, ਪੰਜਾਬ ਸਿੰਘ ਨਾਹਰ, ਬਿਸ਼ਪ ਐੱਸ. ਐੱਮ. ਥਾਪਰ, ਸੁਰਜੀਤ ਸਿੰਘ, ਨਰਿੰਦਰ ਸਿੰਘ ਖੁਸਰੋਪੁਰ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਵਿਜੇ ਕੁਮਾਰ ਉੱਚਾ ਪਿੰਡ, ਕੋਮਲ ਕੁਮਾਰ, ਮਦਨ ਲਾਲ, ਮੋਹਿਤ ਭੱਲਾ, ਲਵਪ੍ਰੀਤ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।


Related News