ਮੁੱਖ ਮੰਤਰੀ ਵਲੋਂ ਸਾਧਾਰਨ ਬੱਸਾਂ ਨੂੰ ਰਾਹਤ, ਟੈਕਸ ਦਰਾਂ ''ਚ ਕਟੌਤੀ ਦੇ ਹੁਕਮ ਜਾਰੀ

06/01/2020 8:35:41 PM

ਚੰਡੀਗੜ੍ਹ, (ਅਸ਼ਵਨੀ)— ਲਾਕਡਾਊਨ ਦੇ ਚੱਲਦਿਆਂ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰ ਰਹੀਆਂ ਪੰਜਾਬ ਦੀਆਂ ਸਾਧਾਰਨ ਬੱਸਾਂ ਨੂੰ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਨੇ ਸੋਮਵਾਰ ਨੂੰ ਟੈਕਸ ਰੇਟਾਂ 'ਚ ਕਟੌਤੀ ਦੇ ਹੁਕਮ ਦਿੱਤੇ ਹਨ। ਪ੍ਰਤੀ ਦਿਨ ਪ੍ਰਤੀ ਵਾਹਨ ਪ੍ਰਤੀ ਕਿਲੋਮੀਟਰ ਟੈਕਸ 2.80 ਰੁਪਏ ਤੋਂ ਘਟਾ ਕੇ 2.69 ਰੁਪਏ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਟਰਾਂਸਪੋਰਟ ਵਾਹਨ ਮਾਲਕਾਂ ਨੂੰ 30 ਜੂਨ ਤਕ ਬਿਨਾਂ ਜੁਰਮਾਨੇ ਤੇ ਵਿਆਜ ਦੇ ਟੈਕਸ ਬਕਾਏ ਅਦਾ ਕਰਨ ਦੀ ਆਗਿਆ ਦਿੱਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਸੈਕਟਰ ਤੋਂ ਹਜ਼ਾਰਾਂ ਲੋਕ ਸਿੱਧੇ ਤੇ ਅਸਿੱਧੇ ਤੌਰ 'ਤੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ। ਲਾਕਡਾਊਨ ਕਾਰਨ ਮੁਕੰਮਲ ਬੱਸ ਸੇਵਾ ਬੰਦ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ 'ਚ ਇਹ ਫੈਸਲਾ ਮੱਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਗੈਰ-ਏ. ਸੀ. ਬੱਸ ਆਪਰੇਟਰ ਵੱਡੇ ਵਿੱਤੀ ਘਾਟੇ 'ਚੋਂ ਨਿਕਲ ਰਹੇ ਹਨ, ਜਦੋਂ ਕਿ ਸੂਬੇ ਦੇ ਆਮ ਲੋਕਾਂ ਲਈ ਇਹ ਬੱਸਾਂ ਆਵਾਜਾਈ ਦਾ ਆਮ ਸਾਧਨ ਹਨ। ਇਸ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸ਼ਿਵਾ ਪ੍ਰਸਾਦ ਨੇ ਦੱਸਿਆ ਕਿ ਟੈਕਸ ਦਰਾਂ ਨੂੰ ਘਟਾਉਣ ਦਾ ਉਦੇਸ਼ ਸੂਬੇ ਅੰਦਰ ਚੱਲਦੀਆਂ ਸਾਧਾਰਨ ਬੱਸਾਂ ਨੂੰ ਰਾਹਤ ਦੇਣਾ ਹੈ ਤਾਂ ਜੋ ਉਹ ਮੌਜੂਦਾ ਸਮੇਂ ਦੇ ਆਪਣੇ ਵਿੱਤੀ ਸੰਕਟ 'ਚੋਂ ਬਾਹਰ ਨਿਕਲ ਸਕਣ। ਉਨ੍ਹਾਂ ਕਿਹਾ ਕਿ ਇਹ ਕਦਮ ਇਸ ਖੇਤਰ 'ਚ ਲੱਗੇ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰੇਗਾ।

ਇਸ ਦੌਰਾਨ ਹੀ ਪੰਜਾਬ ਸਰਕਾਰ ਵਲੋਂ ਆਵਾਜਾਈ ਵਾਹਨਾਂ ਦੇ ਮਾਲਕ ਵਿਅਕਤੀਆਂ ਨੂੰ ਪੰਜਾਬ ਮੋਟਰ ਵਾਹਨ ਟੈਕਸੇਸ਼ਨ ਐਕਟ 1924 (ਪੰਜਾਬ ਐਕਟ ਨੰ. 4, 1924 (2007 ਦੀ ਤਰਮੀਮ) ਦੀਆਂ ਵਿਵਸਥਾਵਾਂ ਤੋਂ ਇਸ ਸਥਿਤੀ ਤਹਿਤ ਛੋਟ ਦਿੱਤੀ ਗਈ ਹੈ ਕਿ ਜਿਨ੍ਹਾਂ ਆਵਾਜਾਈ ਵਾਹਨ ਮਾਲਕਾਂ ਦੇ ਪੰਜਾਬ ਮੋਟਰ ਵਾਹਨ ਟੈਕਸੇਸ਼ਨ ਐਕਟ, 1924 ਤਹਿਤ ਟੈਕਸ ਬਕਾਇਆ ਹਨ। ਉਹ ਇਹ ਟੈਕਸ 1 ਜੂਨ 2020 ਤੋਂ 30 ਜੂਨ 2020 ਤਕ ਇਕ ਮਹੀਨੇ ਦੇ ਅੰਦਰ-ਅੰਦਰ ਅਦਾ ਕਰ ਸਕਦੇ ਹਨ। ਇਸ ਸਮੇਂ ਦੌਰਨ ਕੋਈ ਜੁਰਮਾਨਾ ਜਾਂ ਵਿਆਜ ਜਾਂ ਟੈਕਸ ਦੀ ਦੇਰੀ ਨਾਲ ਅਦਾਇਗੀ ਨਹੀਂ ਲਗਾਈ/ਵਸੂਲੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬਕਾਇਆ ਟੈਕਸ ਦੀ ਅਦਾਇਗੀ ਤੈਅ ਸਮੇਂ ਦੌਰਾਨ ਨਹੀਂ ਕੀਤੀ ਜਾਵੇਗੀ ਤਾਂ ਇਹ ਬਕਾਇਆ ਟੈਕਸ ਸਮੇਤ ਜ਼ੁਰਮਾਨਾ ਅਤੇ ਵਿਆਜ ਤੈਅ ਸਮਾਂ ਮਿਆਦ ਬੀਤਣ ਬਾਅਦ ਵਸੂਲਣਯੋਗ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।

 


KamalJeet Singh

Content Editor

Related News