ਕੋਰੋਨਾ ਦੀ ਦਹਿਸ਼ਤ 'ਚ ਅੰਮ੍ਰਿਤਸਰ ਵਾਸੀਆਂ ਲਈ ਰਾਹਤ ਭਰੀ ਖਬਰ

Thursday, Apr 16, 2020 - 04:20 PM (IST)

ਕੋਰੋਨਾ ਦੀ ਦਹਿਸ਼ਤ 'ਚ ਅੰਮ੍ਰਿਤਸਰ ਵਾਸੀਆਂ ਲਈ ਰਾਹਤ ਭਰੀ ਖਬਰ

ਅੰਮ੍ਰਿਤਸਰ (ਦਿਲਜੀਤ ਸ਼ਰਮਾ) :  ਕੋਰੋਨਾ ਦੀ ਦਹਿਸ਼ਤ 'ਚ ਅੰਮ੍ਰਿਤਸਰ ਵਾਸੀਆਂ ਲਈ ਰਾਹਤ ਭਰੀ ਖਬਰ ਹੈ। ਪੰਜਾਬ 'ਚ ਜਿੱਥੇ ਨਿੱਤ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ, ਉੱਥੇ ਹੀ ਪਿਛਲੇ 7 ਦਿਨਾਂ 'ਚ ਅੰਮ੍ਰਿਤਸਰ 'ਚ ਕੋਰੋਨਾ ਪਾਜ਼ੇਟਿਵ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਇਲਾਵਾ ਕਮਿਊਨਿਟੀ ਤੋਂ ਸਾਹਮਣੇ ਆਏ ਕੇਸਾਂ ਨੂੰ ਧਿਆਨ 'ਚ ਰੱਖਦਿਆਂ ਸਿਹਤ ਵਿਭਾਗ ਵਲੋਂ ਜ਼ਿਲ੍ਹੇ 'ਚ 5 ਖੇਤਰਾਂ ਨੂੰ ਅਤਿ-ਸੰਵੇਦਨਸ਼ੀਲ ਕਰਾਰ ਦੇ ਕੇ 10 ਹਜ਼ਾਰ ਘਰਾਂ 'ਚ ਰਹਿਣ ਵਾਲੇ 50 ਹਜ਼ਾਰ ਲੋਕਾਂ ਦੀ ਸਕਰੀਨਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਵਿਭਾਗ ਵਲੋਂ ਇਨ੍ਹਾਂ ਖੇਤਰਾਂ 'ਚ ਟੀਮਾਂ ਦਾ ਗਠਨ ਕਰਕੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 11 ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਨ੍ਹਾਂ 'ਚੋਂ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ ► ਚੰਡੀਗੜ੍ਹ : ਪੀ. ਜੀ. ਆਈ. ਦੇ ਮੇਲ ਨਰਸ ਨੇ ਕੋਰੋਨਾ ਨੂੰ ਦਿੱਤੀ ਮਾਤ 

ਜਾਣਕਾਰੀ ਅਨੁਸਾਰ ਚਾਟੀਵਿੰਡ ਸ਼ਹੀਦ ਊਧਮ ਸਿੰਘ ਤੇ ਕ੍ਰਿਸ਼ਨਾ ਨਗਰ ਤੋਂ 3 ਕੇਸ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਕੋਈ ਵੀ ਵਿਦੇਸ਼ ਹਿਸਟਰੀ ਨਹੀਂ ਹੈ ਪਰ ਇਹ ਤਿੰਨ ਕੇਸ ਕੋਰੋਨਾ ਪਾਜ਼ੇਟਿਵ ਹਨ। ਚਾਟੀਵਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਦਰਜੀ ਅਤੇ ਉਸ ਦੇ ਪਤੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਇਲਾਜ ਅਧੀਨ ਹੈ। ਸਿਹਤ ਵਿਭਾਗ ਹੁਣ ਇਹ ਪਤਾ ਨਹੀਂ ਲਾ ਸਕਿਆ ਕਿ ਆਖਿਰਕਾਰ ਇਨ੍ਹਾਂ ਤਿੰਨਾਂ ਨੂੰ ਕੋਰੋਨਾ ਕਿੱਥੋਂ ਹੋਇਆ। ਵਿਭਾਗ ਵਲੋਂ ਸੰਘਣੀ ਆਬਾਦੀ ਵਾਲੇ ਇਨ੍ਹਾਂ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੀ ਸਕਰੀਨਿੰਗ ਮੁਕੰਮਲ ਕਰ ਲਈ ਗਈ ਹੈ ਅਤੇ ਵਿਸ਼ੇਸ਼ ਟੀਮਾਂ ਲਾ ਕੇ ਨਜ਼ਰ ਰੱਖੀ ਜਾ ਸਕਦੀ ਹੈ।
ਕਮਿਊਨਿਟੀ ਤੋਂ ਸਾਹਮਣੇ ਆਉਣ ਵਾਲੇ ਕੇਸਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪਿਛਲੇ 7 ਦਿਨਾਂ 'ਚ ਅੰਮ੍ਰਿਤਸਰ 'ਚ ਕੋਈ ਵੀ ਕੋਰੋਨਾ ਦਾ ਕੇਸ ਸਾਹਮਣੇ ਨਹੀਂ ਆਇਆ ਹੈ, ਜੋ ਕਿ ਇਕ ਰਾਹਤ ਭਰੀ ਖਬਰ ਹੈ।

ਇਹ 5 ਖੇਤਰ ਹਨ ਸੰਵੇਦਨਸ਼ੀਲ
ਸਿਹਤ ਵਿਭਾਗ ਅਨੁਸਾਰ ਊਧਮ ਸਿੰਘ ਨਗਰ, ਕ੍ਰਿਸ਼ਨਾ ਨਗਰ, ਚੰਨਣ ਸਿੰਘ ਆਬਾਦੀ, ਤੇਜ ਨਗਰ ਤੇ ਚਾਟੀਵਿੰਡ ਸੰਵੇਦਨਸ਼ੀਲ ਖੇਤਰ ਹਨ, ਜਿਨ੍ਹਾਂ 'ਚ ਸਕਕੀਨਿੰਗ ਦਾ ਕੰਮ ਹੋ ਚੁੱਕਾ ਹੈ ਅਤੇ ਇਨ੍ਹਾਂ 'ਚ ਕਿਸੇ ਨੂੰ ਵੀ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਵਿਭਾਗ ਵਲੋਂ ਇਨ੍ਹਾਂ ਖੇਤਰਾਂ 'ਚ ਖਾਸ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ ► ਗੁਰਦਾਸਪੁਰ 'ਚ ਕੋਰੋਨਾ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ 

25 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ
ਸਰਕਾਰੀ ਮੈਡੀਕਲ ਦੇ ਮਾਈਕਰੋਬਾਇਓਲੋਜੀ ਵਿਭਾਗ ਦੀ ਲੈਬਾਰਟਰੀ 'ਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ 25 ਸੈਂਪਲਾਂ ਦੀ ਜਾਂਚ ਤੀਤੀ ਗਈ ਹੈ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ, ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰ ਜੋ 5 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਦਾ ਦੁਬਾਰਾ ਟੈਸਟ ਕਰਨ ਲਈ ਸੈਂਪਲ ਲੈ ਕੇ ਮੈਡੀਕਲ ਕਾਲਜ ਦੀ ਲੈਬਾਰਟਰੀ 'ਚ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਵੀਰਵਾਰ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ।

ਅੰਮ੍ਰਿਤਸਰ ਦੀ ਸਥਿਤੀ ਕੰਟਰੋਲ 'ਚ, ਸੋਸ਼ਲ ਡਿਸਟੈਂਸ ਦਾ ਰੱਖੋ ਧਿਆਨ
ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ 'ਚ ਕੋਰੋਨਾ ਸਬੰਧੀ ਸਥਿਤੀ ਕੰਟਰੋਲ 'ਚ ਹੈ। ਪਿਛਲੇ ਇਕ ਹਫ਼ਤੇ 'ਚ ਕੋਈ ਨਵਾਂ ਮਾਮਲਾ ਸਾਹਮਣੇ ਨਾ ਆਉਣਾ ਰਾਹਤ ਭਰੀ ਖਬਰ ਹੈ। ਵਿਭਾਗ ਅਨੁਸਾਰ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਣਾਉਣਾ ਚਾਹੀਦਾ ਹੈ ਅਤੇ ਘਰਾਂ 'ਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ। ਬਾਹਰੋਂ ਲਿਆਂਦੀ ਗਈ ਚੀਜ਼ ਨੂੰ ਪੂਰੀ ਤਰ੍ਹਾਂ ਸਾਫ ਕਰਕੇ ਇਸਤੇਮਾਲ ਕਰਨਾ ਚਾਹੀਦਾ ਹੈ।

ਪੰਜਾਬ 'ਚ ਕੋਰੋਨਾ ਦਾ ਕਹਿਰ
ਇੱਥੇ ਇਹ ਵੀ ਦੱਸ ਦਈਏ ਕਿ ਪੰਜਾਬ 'ਚ ਹੁਣ ਤੱਕ 191 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਕੋਰੋਨਾ ਵਾਇਰਸ ਕਾਰਨ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 22 ਲੋਕ ਠੀਕ ਵੀ ਹੋ ਗਏ ਹਨ। ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 56 ਕੇਸ ਹਨ। ਮਲੇਰਕੋਟਲਾ 1, ਗੁਰਦਾਸਪੁਰ ਤੋਂ 1 ਕੇਸ, ਨਵਾਂਸ਼ਹਿਰ 'ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ ਦੇ 25 ਕੇਸ, ਲੁਧਿਆਣਾ 'ਚ 11 ਪਾਜ਼ੇਟਿਵ ਕੇਸ, ਅੰਮ੍ਰਿਤਸਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 11, ਪਟਿਆਲਾ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 6, ਰੋਪੜ 'ਚ ਕੋਰੋਨਾ ਦੇ 03 ਮਰੀਜ਼, ਮਾਨਸਾ 'ਚ 11 ਮਰੀਜ਼, ਪਠਾਨਕੋਟ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 24, ਫਰੀਦਕੋਟ 3 ਕੇਸ, ਬਰਨਾਲਾ 'ਚ 2 ਕੇਸ, ਕਪੂਰਥਲਾ ਦਾ 1 ਕੇਸ ਪਾਜ਼ੇਟਿਵ, ਫਗਵਾੜਾ ਤੋਂ 1 ਕੇਸ, ਮੋਗਾ ਦੇ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਫਤਿਹਗੜ ਸਾਹਿਬ ਦੇ 02 ਪਾਜ਼ੇਟਿਵ ਕੇਸ, ਸ੍ਰੀ ਮੁਕਤਸਰ ਸਹਿਬ 'ਚ 1, ਸੰਗਰੂਰ 'ਚ 2 ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।


author

Anuradha

Content Editor

Related News