ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 580ਵੇਂ ਟਰੱਕ ਦੀ ਰਾਹਤ ਸਮੱਗਰੀ

Sunday, Jan 03, 2021 - 10:43 AM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 580ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਢਾਹੇ ਜਾ ਰਹੇ ਅੱਤਵਾਦ ਦਾ ਸੇਕ ਸਹਿਣ ਕਰਣ ਵਾਲੇ ਜੰਮੂ-ਕਸ਼ਮੀਰ ਦੇ ਪਰਿਵਾਰਾਂ ਅਤੇ ਸਰਹੱਦ ਪਾਰਲੀ ਗੋਲੀਬਾਰੀ ਕਾਰਣ ਬਰਬਾਦ ਹੋਏ ਲੱਖਾਂ ਸਰਹੱਦੀ ਲੋਕਾਂ ਲਈ ਜੀਵਨ ਬਸਰ ਕਰਨਾ ਬਹੁਤ ਮੁਸ਼ਕਲ ਕਾਰਜ ਬਣ ਗਿਆ ਹੈ। ਸਾਡੀਆਂ ਸਰਕਾਰਾਂ ਇਨ੍ਹਾਂ ਲੋਕਾਂ ਦਾ ਦੁੱਖ-ਦਰਦ ਵੰਡਾਉਣ ਅਤੇ ਜੀਵਨ ਨੂੰ ਸਹਿਜ ਬਣਾਉਣ ਲਈ ਕੋਈ ਠੋਸ ਅਤੇ ਅਸਲੀ ਕਦਮ ਚੁੱਕਣ ਵਿਚ ਅਸਫਲ ਰਹੀਆਂ ਹਨ। ਅਜਿਹੀ ਸਥਿਤੀ ਵਿਚ ਪਲ-ਪਲ ਖਤਰਿਆਂ ਦਾ ਸਾਹਮਣਾ ਕਰਨ ਵਾਲੇ ਅਤੇ ਰੋਜ਼ੀ-ਰੋਟੀ ਲਈ ਦਰ-ਦਰ ਭਟਕਦੇ ਲੋਕਾਂ ਦੀ ਸੇਵਾ-ਸਹਾਇਤਾ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਮੁਹਿੰਮ ਅਧੀਨ 580ਵੇਂ ਟਰੱਕ ਦੀ ਰਾਹਤ ਸਮੱਗਰੀ ਪਰਿਵਾਰਾਂ ਲਈ ਭਿਜਵਾਈ ਗਈ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਉਦਯੋਗਿਕ ਘਰਾਣੇ ਜੈਨ ਸਤੀਸ਼ ਹੌਜ਼ਰੀ ਪਰਿਵਾਰ ਲੁਧਿਆਣਾ ਵਲੋਂ ਸਵਰਗੀ ਸ਼੍ਰੀ ਤਰਸੇਮ ਲਾਲ ਜੈਨ ਜੀ ਦੀ ਪਵਿੱਤਰ ਯਾਦ ਵਿਚ ਦਿੱਤਾ ਗਿਆ ਸੀ। ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਦੀ ਪ੍ਰੇਰਣਾ ਸਦਕਾ ਕੀਤੇ ਗਏ ਪੁੰਨ ਦੇ ਇਸ ਕਾਰਜ ਵਿਚ ਪਰਿਵਾਰ ਦੇ ਸ਼੍ਰੀ ਸੁਰੇਸ਼-ਰਜਨੀ ਜੈਨ, ਵਿਨੇ-ਜਯਤੀ ਜੈਨ, ਮਹਿਕ ਜੈਨ, ਹਰਿਆਲੀ ਜੈਨ, ਅਰਿਸ਼ਠਾ ਜੈਨ, ਦੈਵਿਕ-ਵਿਦਿਆਂਸ਼ ਜੈਨ ਅਤੇ ਨੀਰੂ-ਸੰਨੀ ਜੈਨ ਵਲੋਂ ਪ੍ਰਮੁੱਖ ਭੂਮਿਕਾ ਨਿਭਾਈ ਗਈ। ਇਸ ਪਰਿਵਾਰ ਵਲੋਂ ਪਹਿਲਾਂ ਵੀ ਵੱਡੀ ਮਾਤਰਾ ’ਚ ਰਾਹਤ ਸਮੱਗਰੀ ਪੀੜਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਜਾ ਚੁੱਕੀ ਹੈ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਬੀਤੇ ਦਿਨ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 600 ਗਰਮ ਕੋਟੀਆਂ ਅਤੇ 600 ਟੋਪੀਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਕੈਬਨਿਟ ਮੰਤਰੀ ਸ਼੍ਰੀ ਓ. ਪੀ. ਸੋਨੀ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਵਿਧਾਇਕਾ ਜਸਵੀਰ ਕੌਰ ਮਾਣੂੰਕੇ ਵੀ ਮੌਜੂਦ ਸਨ।
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁੱਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਖੇਤਰਾਂ ਤੱਕ ਜਾਣ ਵਾਲੇ ਮੈਂਬਰਾਂ ’ਚ ਸਮਾਜ ਸੇਵੀ ਸ. ਇਕਬਾਲ ਸਿੰਘ ਅਰਨੇਜਾ ਅਤੇ ਲੁਧਿਆਣਾ ਤੋਂ ਸ਼੍ਰੀ ਰਾਜਨ ਚੋਪੜਾ ਵੀ ਸ਼ਾਮਲ ਸਨ।


author

shivani attri

Content Editor

Related News