ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 536ਵੇਂ ਟਰੱਕ ਦੀ ਰਾਹਤ ਸਮੱਗਰੀ

12/01/2019 4:27:02 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ 'ਚੋਂ ਪਲਾਇਨ ਕਰਨ ਵਾਲੇ ਪਰਿਵਾਰਾਂ ਦਾ ਜੀਵਨ ਕਿਸੇ ਅੰਨ੍ਹੀ ਸੁਰੰਗ 'ਚ ਭਟਕ ਰਿਹਾ ਜਾਪਦਾ ਹੈ, ਜਿਨ੍ਹਾਂ ਦੀ ਚਾਨਣ ਲਈ ਤਲਾਸ਼ ਨੂੰ ਅਜੇ ਤਕ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਪਾਕਿਸਤਾਨ ਦੀ ਸ਼ਹਿ ਹੇਠ ਇਸ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ, ਅੱਤਵਾਦੀਆਂ ਵੱਲੋਂ ਕੀਤੇ ਗਏ ਮਨੁੱਖਤਾ ਦੇ ਘਾਣ ਦੀ ਘਿਨਾਉਣੀ ਤਸਵੀਰ ਅੱਜ ਵੀ ਬਹੁਤ ਸਾਰੇ ਇਲਾਕਿਆਂ 'ਚ ਦੇਖੀ ਜਾ ਸਕਦੀ ਹੈ। ਪੀੜਤ ਪਰਿਵਾਰਾਂ ਦੇ ਰਿਸਦੇ ਜ਼ਖਮਾਂ ਦੇ ਇਲਾਜ ਲਈ ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਨੁਸਖਾ ਕਾਮਯਾਬ ਨਹੀਂ ਹੋ ਸਕਿਆ।

ਅੱਤਵਾਦ ਪੀੜਤਾਂ ਵਰਗੀ ਹੀ ਮੰਦਭਾਗੀ ਤਕਦੀਰ ਪਾਕਿਸਤਾਨ ਦੀ ਗੋਲੀਬਾਰੀ ਤੋਂ ਪ੍ਰਭਾਵਿਤ ਅਤੇ ਪਲਾਇਨਕਰਤਾ ਨਾਗਰਿਕਾਂ ਦੀ ਹੈ। ਇਨ੍ਹਾਂ ਲੋਕਾਂ ਦੇ ਮਸਲੇ ਦਾ ਵੀ ਕੋਈ ਸਥਾਈ ਹੱਲ ਸਮੇਂ ਦੀਆਂ ਸਰਕਾਰਾਂ ਹੁਣ ਤਕ ਨਹੀਂ ਕਰ ਸਕੀਆਂ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਬਹੁਤ ਸਾਰੇ ਇਲਾਕਿਆਂ ਨੂੰ ਮਹਿੰਗਾਈ, ਬੇਰੋਜ਼ਗਾਰੀ ਅਤੇ ਗਰੀਬੀ ਦੀ ਮਾਰ ਵੀ ਪੈ ਰਹੀ ਹੈ। ਮੁਸ਼ਕਲਾਂ ਭਰਿਆ ਜੀਵਨ ਗੁਜ਼ਾਰਨ ਲਈ ਮਜਬੂਰ ਅਜਿਹੇ ਪਰਿਵਾਰਾਂ ਦਾ ਦਰਦ ਪਛਾਣਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਵਿਚ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਹੜੀ ਹੁਣ ਤੱਕ ਨਿਰਵਿਘਨ ਰੂਪ 'ਚ ਜਾਰੀ ਹੈ।

ਇਸ ਮੁਹਿੰਮ ਅਧੀਨ ਹੀ 536ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਜ਼ਿਲਾ ਰਿਆਸੀ ਨਾਲ ਸਬੰਧਤ ਦੂਰ-ਦੁਰਾਡੇ ਪਹਾੜੀ ਖੇਤਰਾਂ 'ਚ ਗਰੀਬੀ ਨਾਲ ਸੰਘਰਸ਼ ਕਰ ਰਹੇ ਲੋੜਵੰਦ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਮੈਸਰਜ਼ ਮਹਾਵੀਰ ਟਰੇਡਰਜ਼ ਲੁਧਿਆਣਾ ਵੱਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਸ਼੍ਰੀ ਅਜੀਤ ਕੁਮਾਰ ਜੈਨ, ਨੀਰਜ ਜੈਨ, ਗੁਲਸ਼ਨ ਕੁਮਾਰ ਜੈਨ, ਰਜਤ ਜੈਨ ਅਤੇ ਮਯੰਕ ਜੈਨ ਨੇ ਪ੍ਰਮੁੱਖ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਅਤੇ ਉਪ-ਪ੍ਰਧਾਨ ਸ਼੍ਰੀ ਰਾਜੇਸ਼ ਜੈਨ ਦਾ ਯੋਗਦਾਨ ਵੀ ਇਸ ਕਾਰਜ ਵਿਚ ਅਹਿਮ ਰਿਹਾ।

'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਲੁਧਿਆਣਾ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ, ਸਰਦੀਆਂ ਦੀ ਰੁੱਤ ਨੂੰ ਦੇਖਦੇ ਹੋਏ, 325 ਰਜਾਈਆਂ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਵੱਖ-ਵੱਖ ਜੈਨ ਪਰਿਵਾਰਾਂ ਵਲੋਂ ਪੀੜਤ ਪਰਿਵਾਰਾਂ ਲਈ ਲਗਾਤਾਰ ਸਮੱਗਰੀ ਭਿਜਵਾਈ ਜਾ ਰਹੀ ਹੈ। ਰਾਹਤ ਸਮੱਗਰੀ ਦੀ ਵੰਡ ਲਈ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਜੀ ਦੀ ਅਗਵਾਈ ਹੇਠ ਜਾਣ ਵਾਲੀ ਟੀਮ 'ਚ ਲੁਧਿਆਣਾ ਤੋਂ ਸ਼੍ਰੀ ਰਾਕੇਸ਼ ਜੈਨ, ਵਿਪਿਨ ਜੈਨ, ਗੁਲਸ਼ਨ ਜੈਨ, ਕਾਂਤਾ  ਜੈਨ, ਮੁਕੇਸ਼ ਜੈਨ, ਮੋਨਿਕਾ ਜੈਨ, ਰਾਜੇਸ਼ ਭਗਤ ਅਤੇ ਕੋਟ ਈਸੇ ਖਾਂ ਤੋਂ ਸ਼੍ਰੀ ਸੰਜੀਵ ਸੂਦ, ਰਾਜਨ ਸੂਦ, ਦਵਿੰਦਰ ਸਿੰਘ ਸੋਨੂੰ ਅਤੇ ਵਿੱਕੀ ਸੂਦ ਵੀ ਸ਼ਾਮਲ ਸਨ।


shivani attri

Content Editor

Related News