ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 559ਵੇਂ ਟਰੱਕ ਦੀ ਰਾਹਤ ਸਮੱਗਰੀ

02/19/2020 11:30:56 AM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਪਾਕਿਸਤਾਨ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚ ਕੇ ਭਾਰਤ ਦੇ, ਸਰਹੱਦੀ ਖੇਤਰਾਂ 'ਚ ਰਹਿਣ ਵਾਲੇ, ਨਾਗਰਿਕਾਂ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਪਿੰਡਾਂਂ ਨੂੰ ਅੱਤਵਾਦ, ਗੋਲੀਬਾਰੀ ਅਤੇ ਸਮੱਗਲਿੰਗ ਆਦਿ ਦਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਸਿੱਟੇ ਵਜੋਂ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਹੱਸਦੇ-ਵੱਸਦੇ ਘਰਾਂ 'ਚੋਂ ਪਲਾਇਨ ਕਰਨਾ ਪਿਆ। ਪਾਕਿਸਤਾਨ ਦੇ ਹਮਲੇ ਅੱਜ ਵੀ ਜਾਰੀ ਹਨ, ਜਿਸ ਕਾਰਨ ਲੱਖਾਂ ਲੋਕਾਂ ਦੀ ਹਾਲਤ ਬੇਹੱਦ ਖਰਾਬ ਹੋ ਗਈ ਹੈ।

ਮੁਸੀਬਤਾਂ ਅਤੇ ਪ੍ਰੇਸ਼ਾਨੀਆਂ 'ਚ ਜੀਵਨ ਗੁਜ਼ਾਰ ਰਹੇ ਇਨ੍ਹਾਂ ਸਰਹੱਦੀ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਮਾਰਗ-ਦਰਸ਼ਨ ਹੇਠ ਚੱਲ ਰਹੇ ਸੇਵਾ ਦੇ ਇਸ ਕੁੰਭ ਅਧੀਨ ਸੈਂਕੜੇ ਟਰੱਕਾਂ ਦੀ ਸਮੱਗਰੀ ਵੱਖ-ਵੱਖ ਖੇਤਰਾਂ ਦੇ ਪਰਿਵਾਰਾਂ ਲਈ ਭਿਜਵਾਈ ਜਾ ਚੁੱਕੀ ਹੈ। ਇਸੇ ਸਿਲਸਿਲੇ ਹੇਠ ਬੀਤੇ ਦਿਨੀਂ 559ਵੇਂ ਟਰੱਕ ਦੀ ਰਾਹਤ ਸਮੱਗਰੀ ਪੰਜਾਬ ਦੇ ਜ਼ਿਲਾ ਪਠਾਨਕੋਟ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ।

ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਸਵਰਗੀ ਸ਼੍ਰੀਮਤੀ ਤਾਰਾ ਦੇਵੀ ਧਰਮ ਪਤਨੀ ਸ਼੍ਰੀ ਪ੍ਰੇਮ ਚੰਦ ਜੈਨ ਜੀ ਦੀ ਪਵਿੱਤਰ ਯਾਦ 'ਚ ਸ਼੍ਰਮਣ ਜੈਨ ਸਵੀਟਸ ਦੇ ਮਾਲਕ ਸ਼੍ਰੀ ਵਿਪਨ ਜੈਨ ਅਤੇ ਪਰਿਵਾਰ ਵੱਲੋਂ ਦਿੱਤਾ ਗਿਆ ਸੀ। ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਦੀ ਪ੍ਰੇਰਨਾ ਸਦਕਾ ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਸ਼੍ਰੀ ਪ੍ਰੇਮ ਚੰਦ ਜੈਨ, ਲਖਪਤ ਰਾਏ ਜੈਨ, ਸੁਨੀਤਾ ਜੈਨ, ਮਾਣਿਕ-ਰੀਆ ਜੈਨ, ਪਾਵਨ ਜੈਨ ਅਤੇ ਪੇਸ਼ਲ ਜੈਨ ਨੇ ਅਹਿਮ ਭੂਮਿਕਾ ਨਿਭਾਈ।  

ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਲੁਧਿਆਣਾ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ ਸਰਦੀਆਂ ਦੀ ਰੁੱਤ ਨੂੰ ਧਿਆਨ 'ਚ ਰੱਖਦਿਆਂ 325 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਯੋਗੇਸ਼ ਗੁਪਤਾ, ਵੰਦਨਾ ਗੁਪਤਾ, ਵੈਭਵ ਗੁਪਤਾ, ਯੁਕਤੀ ਜੈਨ, ਜੈ ਮਿੱਤਲ, ਰਾਜ ਕੁਮਾਰ ਗਰਗ, ਸਤੀਸ਼ ਗੁਪਤਾ, ਅਰੁਣ ਗੋਇਲ, ਰਾਕੇਸ਼ ਜਿੰਦਲ, ਗੌਰੀ ਬਾਂਸਲ, ਸ਼੍ਰੀਮਤੀ ਰਮਾ ਜੈਨ, ਨੋਬਲ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ, ਪ੍ਰਤੀਨਿਧੀ ਸੰਜੀਵ ਮੋਹਣੀ ਅਤੇ ਅਮਨ ਚੋਪੜਾ ਵੀ ਮੌਜੂਦ ਸਨ। ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੀ ਟੀਮ ਵਿਚ ਰਾਕੇਸ਼-ਰਮਾ ਜੈਨ, ਵਜਿੰਦਰ ਜੈਨ ਸ਼ੰਟੀ-ਨੀਰੂ ਜੈਨ, ਸੁਨੀਲ ਗੁਪਤਾ, ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਨ ਚੋਪੜਾ, ਦੀਨਾਨਗਰ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਦੀਪਕ ਕੁਮਾਰ ਅਤੇ ਪਠਾਨਕੋਟ ਤੋਂ ਪੰਜਾਬ ਕੇਸਰੀ ਦਫਤਰ ਦੇ ਇੰਚਾਰਜ ਸੰਜੀਵ ਸ਼ਾਰਦਾ ਵੀ ਸ਼ਾਮਲ ਸਨ।


shivani attri

Content Editor

Related News