ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 531ਵੇਂ ਟਰੱਕ ਦੀ ਰਾਹਤ ਸਮੱਗਰੀ

11/21/2019 6:23:04 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ 'ਚ ਹਜ਼ਾਰਾਂ ਪਰਿਵਾਰ ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਜਾਨੀ-ਮਾਲੀ ਨੁਕਸਾਨ ਸਹਿਣ ਦੇ ਨਾਲ-ਨਾਲ ਇਨ੍ਹਾਂ ਪਰਿਵਾਰਾਂ ਨੂੰ ਅਨੇਕਾਂ ਹੋਰ ਸਮੱਸਿਆਵਾਂ ਕਾਰਣ ਵੀ ਬਹੁਤ ਮੰਦਹਾਲੀ 'ਚ ਦਿਨ ਗੁਜ਼ਾਰਨੇ ਪੈ ਰਹੇ ਹਨ। ਇਸ ਦੇ ਨਾਲ ਹੀ ਸਰਹੱਦੀ ਖੇਤਰਾਂ 'ਚ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਕਾਰਣ ਵੀ ਲੱਖਾਂ ਲੋਕ ਨਰਕ ਵਰਗੀ ਜ਼ਿੰਦਗੀ ਹੰਢਾਉਣ ਲਈ ਮਜਬੂਰ ਹਨ। ਸੰਕਟ ਦੇ ਦੌਰ 'ਚੋਂ ਗੁਜ਼ਾਰ ਰਹੇ ਅਜਿਹੇ ਅਣਗਿਣਤ ਪਰਿਵਾਰਾਂ ਲਈ ਜਦੋਂ ਸਮੇਂ ਦੀਆਂ ਸਰਕਾਰਾਂ ਕੋਈ ਤਸੱਲੀਬਖਸ਼ ਪ੍ਰਬੰਧ ਨਹੀਂ ਕਰ ਸਕੀਆਂ ਤਾਂ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਅੱਗੇ ਵਧ ਕੇ ਇਨ੍ਹਾਂ ਮੁਸੀਬਤ ਮਾਰਿਆਂ ਦੀ ਬਾਂਹ ਫੜੀ ਅਤੇ ਸੇਵਾ ਦਾ ਇਕ ਯੱਗ ਚਲਾ ਦਿੱਤਾ। ਇਸ ਯੱਗ-ਸੇਵਾ ਨਾਲ ਹੁਣ ਤਕ ਅਣਗਿਣਤ ਦਾਨਵੀਰ ਜੁੜ ਚੁੱਕੇ ਹਨ, ਜਿਨ੍ਹਾਂ ਦੇ ਯਤਨਾਂ ਸਦਕਾ ਪੀੜਤ ਪਰਿਵਾਰਾਂ ਤਕ ਸੈਂਕੜੇ ਟਰੱਕਾਂ ਦੀ ਰਾਹਤ ਸਮੱਗਰੀ ਭਿਜਵਾਈ ਜਾ ਚੁੱਕੀ ਹੈ। 

ਇਸ ਵਿਸ਼ੇਸ਼ ਰਾਹਤ ਮੁਹਿੰਮ ਅਧੀਨ ਪਿਛਲੇ ਦਿਨੀਂ 531ਵੇਂ ਟਰੱਕ ਦੀ ਰਾਹਤ ਸਮੱਗਰੀ ਨੌਸ਼ਹਿਰਾ ਸੈਕਟਰ ਦੇ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਦਾ ਯੋਗਦਾਨ ਸ਼੍ਰੀ ਸੁਦਰਸ਼ਨ ਲਾਲ ਜੈਨ, ਸਵਤੰਤਰ ਲਾਲ ਜੈਨ (ਸਪੁੱਤਰ ਸਵਰਗੀ ਸ਼੍ਰੀ ਚੂਨੀ ਲਾਲ ਜੈਨ, ਨਾਰੋਵਾਲ ਵਾਲੇ) ਅਤੇ ਸਮੁੱਚੇ ਪਰਿਵਾਰ ਵਲੋਂ ਲੁਧਿਆਣਾ ਤੋਂ ਦਿੱਤਾ ਗਿਆ ਸੀ। 

ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਦੀ ਪ੍ਰੇਰਨਾ ਸਦਕਾ ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸ਼੍ਰੀਮਤੀ ਕਾਂਤਾ ਜੈਨ, ਲਤਾ ਰਾਣੀ ਜੈਨ, ਸੰਗੀਤਾ ਜੈਨ, ਅੰਜੂ ਜੈਨ, ਰਾਜੇਸ਼ ਜੈਨ, ਅਜੈ ਜੈਨ, ਵਿਪਿਨ-ਰੇਨੂ ਜੈਨ ਅਤੇ ਰਾਕੇਸ਼ ਜੈਨ ਨੇ ਵੀ ਅਹਿਮ ਭੂਮਿਕਾ ਨਿਭਾਈ।
ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਲੁਧਿਆਣਾ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ ਸਰਦੀਆਂ ਤੋਂ ਬਚਾਅ ਲਈ 300 ਰਜਾਈਆਂ ਸ਼ਾਮਲ ਸਨ। ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਸ਼੍ਰੀ ਸੁਦਰਸ਼ਨ ਲਾਲ ਜੈਨ, ਵਿਪਿਨ ਜੈਨ, ਰਾਕੇਸ਼ ਜੈਨ, ਸ਼੍ਰੀਮਤੀ ਕਾਂਤਾ ਜੈਨ, ਮੁਕੇਸ਼ ਜੈਨ, ਮੋਨਿਕਾ ਜੈਨ ਅਤੇ ਰਾਜੇਸ਼ ਭਗਤ ਵੀ ਸ਼ਾਮਲ ਸਨ। 


shivani attri

Content Editor

Related News