ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 530ਵੇਂ ਟਰੱਕ ਦੀ ਰਾਹਤ ਸਮੱਗਰੀ

11/17/2019 6:06:35 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਵੱਲੋਂ 1947 ਤੋਂ ਰਚੀਆਂ ਜਾ ਰਹੀਆਂ ਭਾਰਤ ਵਿਰੋਧੀ ਸਾਜ਼ਿਸ਼ਾਂ ਅਤੇ ਮਾਰੂ ਕਾਰਵਾਈਆਂ ਨੇ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ। ਕਈ ਦਹਾਕਿਆਂ ਤੋਂ ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਨੇ ਧਰਤੀ ਦੇ ਸਵਰਗ ਕਹੇ ਜਾਣ ਵਾਲੇ ਕਸ਼ਮੀਰ ਨੂੰ ਨਰਕ ਤੋਂ ਵੀ ਬਦਤਰ ਬਣਾ ਦਿੱਤਾ ਹੈ। ਹਮਦਰਦੀ ਦੇ ਝੂਠੇ ਨਾਟਕ ਹੇਠ ਗੁਆਂਢੀ ਦੇਸ਼ ਵੱਲੋਂ ਕਸ਼ਮੀਰੀਆਂ ਦੇ ਘਰਾਂ 'ਚ ਮੌਤ ਦਾ ਤਾਂਡਵ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ ਅਧੀਨ ਤਬਾਹ ਹੋਏ ਕਸ਼ਮੀਰੀ ਪਰਿਵਾਰਾਂ ਦੀ ਜ਼ਿੰਦਗੀ ਅਜੇ ਤਕ ਪਟੜੀ 'ਤੇ ਨਹੀਂ ਆ ਸਕੀ।

ਇਸ ਦੌਰਾਨ ਪਾਕਿਸਤਾਨੀ ਸੈਨਿਕਾਂ ਵੱਲੋਂ ਬਿਨਾਂ ਕਾਰਣ ਸਰਹੱਦ ਪਾਰ ਤੋਂ ਗੋਲੀਬਾਰੀ ਦਾ ਸਿਲਸਿਲਾ ਛੇੜ ਦਿੱਤਾ ਗਿਆ, ਜਿਹੜਾ ਭਾਰਤੀ ਸਰਹੱਦੀ ਪਰਿਵਾਰਾਂ ਦੇ ਲੇਖਾਂ 'ਚ ਕਈ ਵਰ੍ਹਿਆਂ ਤੋਂ ਤਬਾਹੀ ਦੇ ਲੇਖ ਲਿਖਣ ਦੇ ਬਾਵਜੂਦ ਅੱਜ ਵੀ ਜਾਰੀ ਹੈ। ਨਤੀਜੇ ਵਜੋਂ ਲੱਖਾਂ ਸਰਹੱਦੀ ਲੋਕ ਗਲੀਆਂ ਦੇ ਕੱਖਾਂ ਵਾਂਗ ਰੁਲਣ ਲਈ ਮਜਬੂਰ ਹੋ ਗਏ ਹਨ। ਅਜਿਹੇ ਪਰਿਵਾਰਾਂ ਦੀ ਵੇਦਨਾ ਸਮਝਦਿਆਂ ਅਤੇ ਉਨ੍ਹਾਂ ਦਾ ਦੁੱਖ-ਦਰਦ ਵੰਡਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਦੋ ਦਹਾਕਿਆਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।
ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਸੇਵਾ ਦੀ ਇਸ ਮੁਹਿੰਮ ਅਧੀਨ ਹੁਣ ਤਕ ਸੈਂਕੜੇ ਟਰੱਕਾਂ ਦੀ ਸਮੱਗਰੀ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਰਹਿਣ ਵਾਲੇ ਸਰਹੱਦੀ ਪਰਿਵਾਰਾਂ ਤਕ ਪਹੁੰਚਾਈ ਜਾ ਚੁੱਕੀ ਹੈ। ਇਸੇ ਸਿਲਸਿਲੇ 'ਚ 530ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਹੀਰਾ ਨਗਰ ਸੈਕਟਰ ਨਾਲ ਸਬੰਧਤ ਸਰਹੱਦੀ ਲੋਕਾਂ ਲਈ ਭਿਜਵਾਈ ਗਈ ਸੀ।

ਇਸ ਟਰੱਕ ਦੀ ਸਮੱਗਰੀ ਦਾ ਯੋਗਦਾਨ 'ਸੰਕਲਪ' ਮਹਿਲਾ ਸੇਵਾ ਸੋਸਾਇਟੀ ਲੁਧਿਆਣਾ ਵੱਲੋਂ ਪ੍ਰਧਾਨ ਸ਼੍ਰੀਮਤੀ ਕੁਲਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਸ. ਅਵਤਾਰ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਸੋਸਾਇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ, ਵਾਈਸ ਪ੍ਰਧਾਨ ਤਨਵੀ ਛਾਬੜਾ, ਸਰੋਜ ਵਰਮਾ, ਮੋਨਿਕਾ ਅਰੋੜਾ, ਲੱਕੀ ਅਰੋੜਾ, ਗੋਲਡੀ ਸੱਭਰਵਾਲ, ਸ਼ੈਂਪੀ ਖੁਰਾਣਾ, ਵਿਜੇ ਖਟਕ, ਸ਼ਿਵਮ ਭਾਰਦਵਾਜ, ਸੋਨੂ ਵੋਹਰਾ, ਪੱਲਵੀ ਵਿਨਾਇਕ ਅਤੇ ਧਰਮਿੰਦਰ ਚੋਪੜਾ ਨੇ ਵੀ ਵਡਮੁੱਲਾ ਯੋਗਦਾਨ ਦਿੱਤਾ।
ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 180 ਥੈਲੀ ਆਟਾ (ਪ੍ਰਤੀ ਥੈਲੀ 10 ਕਿਲੋ) ਅਤੇ 180 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਸ਼੍ਰੀ ਵਿਜੇ ਚੋਪੜਾ ਜੀ ਦੇ ਭੈਣ ਜੀ ਸ਼੍ਰੀਮਤੀ ਸੁਧਾ ਤਲਵਾੜ ਅਤੇ ਜੀਜਾ ਜੀ ਕੇ. ਐੱਲ. ਤਲਵਾੜ ਵੀ ਮੌਜੂਦ ਸਨ। ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਲੁਧਿਆਣਾ ਤੋਂ ਸ਼੍ਰੀਮਤੀ ਕੁਲਦੀਪ ਕੌਰ, ਸ. ਅਵਤਾਰ ਸਿੰਘ, ਰਿਸ਼ਿਮਾ, ਪਾਰਸ, ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੂਰਨੀ ਦੇ ਪ੍ਰਧਾਨ ਐੱਮ. ਡੀ. ਸੱਭਰਵਾਲ ਅਤੇ ਵਿਨੋਦ ਕੁਮਾਰ ਵੀ ਸ਼ਾਮਲ ਸਨ।


shivani attri

Content Editor

Related News