ਮਾਮਲਾ ਡੀ. ਸੀ. ਤੇ ਐੱਸ. ਐੱਸ. ਪੀ. ਰਿਹਾਇਸ਼ ਦੇ ਬਾਹਰ ਗੋਲੀ ਚੱਲਣ ਦਾ, 2 ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ

Thursday, Jan 04, 2018 - 12:50 PM (IST)

ਪਟਿਆਲਾ (ਬਲਜਿੰਦਰ)-ਬੀਤੇ ਕੱਲ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਦੀ ਰਿਹਾਇਸ਼ ਦੇ ਬਾਹਰ ਚੱਲੀ ਗੋਲੀ ਅਤੇ ਹੋਏ ਝਗੜੇ ਨੂੰ ਲੈ ਕੇ ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਲਗਭਗ 2 ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਗੋਲੀ ਚੱਲੀ ਜਾਂ ਨਹੀਂ? ਇਸ ਨੂੰ ਲੈ ਕੇ ਪੁਲਸ ਅਜੇ ਤੱਕ ਸਪੱਸ਼ਟ ਨਹੀਂ ਹੈ। ਪੁਲਸ ਵੱਲੋਂ ਇਸ ਮਾਮਲੇ ਵਿਚ ਇੰਦਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਉਤਾਪੜ ਥਾਣਾ ਨਵਾਂਸ਼ਹਿਰ ਦੀ ਸ਼ਿਕਾਇਤ 'ਤੇ ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ ਵਾਸੀ ਸ਼ਾਦੀਪੁਰ ਜ਼ਿਲਾ ਫਤਿਹਗੜ੍ਹ ਸਾਹਿਬ, ਗੀਤ ਦੀਪ ਸਿੰਘ, ਕਰਨਦੀਪ ਸਿੰਘ ਵਾਸੀ ਭੈਣੀ ਕਲਾਂ ਜ਼ਿਲਾ ਸੰਗਰੂਰ, ਪਰਮਿੰਦਰ ਸਿੰਘ ਵਾਸੀ ਪਿੰਡ ਖੋਜੇ ਮਾਜਰਾ ਜ਼ਿਲਾ ਫਤਿਹਗੜ੍ਹ ਸਾਹਿਬ, ਮੇਜਰ ਸਿੰਘ ਅਤੇ 15-20 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿਚ 341, 323, 148 ਅਤੇ 149 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਚੱਲੀ ਗੋਲੀ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਕੀਤਾ ਗਿਆ। 
ਇਸ ਸਬੰਧੀ ਐੱਸ. ਐੱਚ. ਓ. ਡੀ. ਐੱਸ. ਪੀ. ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਗੋਲੀ ਸਬੰਧੀ ਜਾਂਚ ਵਿਚ ਅਜੇ ਤੱਕ ਕੁਝ ਨਹੀਂ ਆਇਆ। ਪੁਲਸ ਵੱਲੋਂ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਜਿਉਂ ਹੀ ਗੋਲੀ ਸਬੰਧੀ ਸਪੱਸ਼ਟ ਹੋਵੇਗਾ, ਦਰਜ ਕੇਸ ਵਿਚ ਵਾਧਾ ਕਰ ਦਿੱਤਾ ਜਾਵੇਗਾ।


Related News