ਗੁੰਮ ਹੋਈ ਲੜਕੀ ਨੂੰ ਰੇਲਵੇ ਪੁਲਸ ਨੇ ਕੀਤਾ ਵਾਰਿਸਾਂ ਹਵਾਲੇ
Saturday, Aug 12, 2017 - 03:53 PM (IST)
ਕੋਟਕਪੂਰਾ(ਨਰਿੰਦਰ) - ਰੇਲਵੇ ਸਟੇਸ਼ਨ ਜੀ. ਆਰ. ਪੀ. ਪੁਲਸ ਵੱਲੋਂ ਗੁੰਮ ਹੋਈ ਲੜਕੀ ਨੂੰ ਉਸ ਦੇ ਵਾਰਿਸਾਂ ਹਵਾਲੇ ਕੀਤਾ ਗਿਆ ਹੈ। ਇਸ ਸਬੰਧੀ ਰੇਲਵੇ ਚੌਕੀ ਦੇ ਮੁਲਾਜ਼ਮ ਤਰਲੋਕ ਸਿੰਘ ਨੇ ਦੱਸਿਆ ਕਿ ਫ਼ਾਜ਼ਿਲਕਾ ਤੋਂ ਇਕ 12 ਸਾਲ ਦੀ ਲੜਕੀ ਗਲਤੀ ਨਾਲ ਰੇਲ ਗੱਡੀ ਵਿਚ ਬੈਠ ਕੇ ਰਾਤ ਸਮੇਂ ਕੋਟਕਪੂਰਾ ਰੇਲਵੇ ਸਟੇਸ਼ਨ ਵਿਖੇ ਪਹੁੰਚ ਗਈ।
ਲੜਕੀ ਨੂੰ ਰੇਲਵੇ ਸਟੇਸ਼ਨ ਵਿਖੇ ਲਾਵਾਰਿਸ ਹਾਲਤ ਵਿਚ ਘੁੰਮਦੇ ਹੋਏ ਵੇਖ ਕੇ ਇਸ ਦੀ ਸੂਚਨਾ ਤੁਰੰਤ ਚਾਈਲਡ ਹੈਲਪਲਾਈਨ ਦੇ ਦਫਤਰ ਫਰੀਦਕੋਟ, ਡੀ. ਜੀ. ਪੀ. ਰੇਲਵੇ ਪੰਜਾਬ ਤੇ ਐੱਸ. ਐੱਚ. ਓ. ਬਲਬੀਰ ਸਿੰਘ ਥਾਣਾ ਜੀ. ਆਰ. ਪੀ. ਫ਼ਰੀਦਕੋਟ ਨੂੰ ਦਿੱਤੀ ਗਈ। ਸੂਚਨਾ ਦੇ ਆਧਾਰ 'ਤੇ ਚਾਈਲਡ ਹੈਲਪਲਾਈਨ ਦੀ ਪੂਰੀ ਟੀਮ ਕੋਟਕਪੂਰਾ ਰੇਲਵੇ ਸਟੇਸ਼ਨ ਜੀ. ਆਰ. ਪੀ. ਥਾਣਾ ਵਿਖੇ ਪਹੁੰਚੀ। ਚਾਈਲਡ ਹੈਲਪਲਾਈਨ ਦੀ ਕੋਆਰਡੀਨੇਟਰ ਸੋਨੀਆ ਰਾਣੀ ਨੇ ਲੜਕੀ ਨਾਲ ਗੱਲਬਾਤ ਕੀਤੀ ਤੇ ਲੜਕੀ ਦੇ ਪਰਿਵਾਰ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਜੀ. ਆਰ. ਪੀ. ਚੌਕੀ ਕੋਟਕਪੂਰਾ ਵਿਖੇ ਬੁਲਾਇਆ ਗਿਆ ਤੇ ਪੂਰੀ ਪੜਤਾਲ ਕਰਨ ਉਪਰੰਤ ਡਾ. ਦੀਪਕ ਗੋਇਲ ਚੇਅਰਮੈਨ ਬਾਲ ਭਲਾਈ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਲੜਕੀ ਨੂੰ ਉਸ ਦੇ ਪਿਤਾ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਚਾਈਲਡ ਹੈਲਪਲਾਈਨ ਦੇ ਟੀਮ ਮੈਂਬਰ ਪਲਵਿੰਦਰ ਕੌਰ, ਪੂਜਾ ਰਾਣੀ ਅਤੇ ਸ਼ਵੇਤਾ, ਜਗਸੀਰ ਸਿੰਘ, ਇਕਬਾਲ ਸਿੰਘ, ਸੁਰਜੀਤ ਸਿੰਘ ਬਾਬਾ ਤੇ ਕੁਲਦੀਪ ਸਿੰਘ ਹਾਜ਼ਰ ਸਨ।
