ਰੈੱਡ ਲਾਈਟ ਜੰਪ ਕਰ ਕੇ ਭੱਜ ਰਹੇ ਮੋਟਰਸਾਈਕਲ ਸਵਾਰਾਂ ਨੂੰ ਪੀ. ਸੀ. ਆਰ. ਨੇ ਮਾਰੀ ਟੱਕਰ, ਇਕ ਦੀ ਮੌਤ
Monday, Jul 23, 2018 - 05:22 AM (IST)

ਚੰਡੀਗਡ਼੍ਹ (ਸੁਸ਼ੀਲ)- ਰੈੱਡ ਲਾਈਟ ਜੰਪ ਕਰ ਕੇ ਭੱਜ ਰਹੇ ਬਿਨਾਂ ਹੈਲਮੇਟ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਏਅਰਪੋਰਟ ਲਾਈਟ ਪੁਆਇੰਟ ’ਤੇ ਪੀ. ਸੀ. ਆਰ. ਨੇ ਟੱਕਰ ਮਾਰ ਦਿੱਤੀ। ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੂਜੇ ਨੌਜਵਾਨ ਨੂੰ ਲਹੂ-ਲੁਹਾਨ ਹਾਲਤ ਵਿਚ ਪੀ. ਜੀ. ਆਈ. ਵਿਚ ਦਾਖਲ ਕਰਵਾਇਆ ਗਿਆ ਹੈ। ਇਥੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਥੇ ਹੀ ਮੌਕੇ ’ਤੇ ਪੀ. ਸੀ. ਆਰ. ਦੀ ਟੱਕਰ ਨਾਲ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਮੌਕੇ ਤੋਂ ਪੀ. ਸੀ. ਆਰ. ਨੌਜਵਾਨ ਪੀ. ਸੀ. ਆਰ. ਗੱਡੀ ਉਥੇ ਹੀ ਛੱਡ ਕੇ ਫਰਾਰ ਹੋ ਗਏ।
ਸੈਕਟਰ-31 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੋਟਰਸਾਈਕਲ ਤੇ ਪੀ. ਸੀ. ਆਰ. ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਸੈਕਟਰ-31 ਥਾਣਾ ਪੁਲਸ ਮਾਮਲੇ ਦੀ ਜਾਂਚ ਕਰਨ ਵਿਚ ਲੱਗੀ ਹੋਈ ਹੈ। ਘਟਨਾ ਐਤਵਾਰ ਸਾਢੇ 9 ਵਜੇ ਦੀ ਹੈ। ਪਲਸਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਬਿਨਾਂ ਹੈਲਮੇਟ ਦੇ ਜ਼ੀਰਕਪੁਰ ਤੋਂ ਚੰਡੀਗਡ਼੍ਹ ਆ ਰਹੇ ਸਨ। ਨੌਜਵਾਨ ਜਦੋਂ ਏਅਰਪੋਰਟ ਲਾਈਟ ਪੁਆਇੰਟ ’ਤੇ ਪੁੱਜੇ ਤਾਂ ਉਨ੍ਹਾਂ ਨੇ ਏਅਰਪੋਰਟ ਲਾਈਟ ਪੁਆਇੰਟ ’ਤੇ ਰੈੱਡ ਲਾਈਟ ਜੰਪ ਕਰ ਦਿੱਤੀ, ਇੰਨੇ ਵਿਚ ਹੀ ਪੀ. ਸੀ. ਆਰ. ਨੇ ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨਾਂ ਦਾ ਪਿੱਛਾ ਕੀਤਾ। ਥੋਡ਼੍ਹੀ ਦੂਰ ਜਾ ਕੇ ਪੀ. ਸੀ. ਆਰ. ਨੇ ਨੌਜਵਾਨਾਂ ਨੂੰ ਰੋਕਣ ਲਈ ਖੱਬੇ ਪਾਸਿਓਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਲਗਦਿਅਾਂ ਹੀ ਦੋਵੇਂ ਸਡ਼ਕ ’ਤੇ ਡਿਗ ਕੇ ਲਹੂ-ਲੁਹਾਨ ਹੋ ਗਏ। ਪੀ. ਸੀ. ਆਰ. ਗੱਡੀ ਦੀ ਟੱਕਰ ਨਾਲ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੂਜਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਪੀ. ਜੀ. ਆਈ. ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਇਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਿਕ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚਸ਼ਮਦੀਦ ਨੇ ਦੱਸਿਆ ਕਿ ਪੀ. ਸੀ. ਆਰ. ਗੱਡੀ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟੱਕਰ ਮਾਰੀ ਸੀ, ਜਿਸ ਕਾਰਨ ਨੌਜਵਾਨ ਦੀ ਮੌਤ ਹੋਈ ਹੈ। ਇਸ ਮਾਮਲੇ ਵਿਚ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪੀ. ਸੀ. ਆਰ. ਨੂੰ ਟੱਕਰ ਮਾਰੀ ਸੀ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।