ਨਹਿਰਾਂ ''ਚੋਂ ਲਾਸ਼ਾਂ ਬਰਾਮਦ

07/20/2017 6:37:50 AM

ਸ੍ਰੀ ਆਨੰਦਪੁਰ ਸਾਹਿਬ,  (ਬਾਲੀ)-  ਥਾਣਾ ਸ੍ਰੀ ਆਨੰਦਪੁਰ ਸਾਹਿਬ ਦੀ ਪੁਲਸ ਨੂੰ ਭਾਖੜਾ ਨਹਿਰ 'ਤੇ ਬਣੇ ਕੋਟਲਾ ਪਾਵਰ ਹਾਊਸ ਗੇਟਾਂ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ।
ਤਫ਼ਤੀਸ਼ੀ ਅਫਸਰ ਏ. ਐੱਸ. ਆਈ. ਚਿਰੰਜੀ ਲਾਲ ਨੇ ਦੱਸਿਆ ਕਿ ਦੁਪਹਿਰ ਸਮੇਂ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੋਟਲਾ ਪਾਵਰ ਹਾਊਸ ਦੀ ਮਸ਼ੀਨ ਨੰਬਰ 1 'ਤੇ ਗੇਟ ਨੰਬਰ 3 ਨਾਲ ਲੱਗ ਕੇ ਇਕ ਲਾਸ਼ ਪਾਣੀ 'ਤੇ ਤੈਰ ਰਹੀ ਹੈ, ਜੋ ਪਿੱਛਿਓਂ ਭਾਖੜਾ ਨਹਿਰ ਤੋਂ ਆ ਕੇ ਗੇਟਾਂ ਨਾਲ ਲੱਗ ਗਈ। ਉਨ੍ਹਾਂ ਤੁਰੰਤ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਤਕਰੀਬਨ 32 ਸਾਲ, ਸਿਰੋਂ ਮੋਨਾ ਤੇ ਕਲੀਨ ਸ਼ੇਵ ਹੈ। ਮ੍ਰਿਤਕ ਦੇ ਨੀਲੀ ਜੀਨ ਦੀ ਪੈਂਟ, ਹਰੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ ਤੇ ਲਾਸ਼ 15 ਕੁ ਦਿਨ ਪੁਰਾਣੀ ਵੱਗਦੀ ਹੈ। ਪਛਾਣ ਨਾ ਹੋਣ ਕਾਰਨ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾਘਰ 'ਚ ਸ਼ਨਾਖ਼ਤ ਲਈ ਰਖਵਾ ਦਿੱਤਾ ਹੈ।
ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ 'ਤੇ ਬਣੇ ਨੱਕੀਆਂ ਪਣਬਿਜਲੀ ਘਰ ਦੀ ਮਸ਼ੀਨ ਨੰਬਰ ਚਾਰ 'ਤੇ ਗੇਟ ਨੰਬਰ 6 ਨਾਲ ਲੱਗ ਕੇ ਪਾਣੀ 'ਤੇ ਤੈਰਦੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। 
ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਮੋਹਣ ਲਾਲ ਨੇ ਦੱਸਿਆ ਕਿ ਇਹ ਲਾਸ਼ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ 'ਚ ਪਿੱਛਿਓਂ ਆ ਕੇ ਪਣਬਿਜਲੀ ਘਰ ਦੇ ਗੇਟਾਂ ਨਾਲ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਤਕਰੀਬਨ 38 ਸਾਲ, ਸਿਰੋਂ ਮੋਨਾ, ਕਲੀਨ ਸ਼ੇਵ, ਆਸਮਾਨੀ ਰੰਗ ਦੀ ਕਮੀਜ਼ ਤੇ ਪਜਾਮਾ ਪਾਇਆ ਹੋਇਆ ਹੈ। ਲਾਸ਼ ਇਕ ਹਫਤਾ ਪੁਰਾਣੀ ਲੱਗਦੀ ਹੈ। ਪਛਾਣ ਨਾ ਹੋਣ ਕਾਰਨ ਲਾਸ਼ ਨੂੰ 72 ਘੰਟਿਆਂ ਲਈ ਸ਼ਨਾਖ਼ਤ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾਘਰ 'ਚ ਰਖਵਾ ਦਿਤਾ ਹੈ।


Related News