ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
Wednesday, Feb 09, 2022 - 09:32 PM (IST)
ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। ਚੋਣ ਮਨੋਰਥ ਪੱਤਰ ਜਾਰੀ ਕੀਤੇ ਜਾ ਰਹੇ ਹਨ। ਹਰ ਪਾਰਟੀ ਵੱਲੋਂ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਕੁਝ ਇਸੇ ਤਰ੍ਹਾਂ ਦੀਆਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਪੜ੍ਹੋ ਅੱਜ ਦੀਆਂ ਪ੍ਰਮੁੱਖ ਖ਼ਬਰਾਂ :
ਲੋਕ ਸਭਾ 'ਚ ਬੋਲੇ ਭਗਵੰਤ ਮਾਨ- ਅੰਦੋਲਨ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਅਜੇ ਤੱਕ ਨਹੀਂ ਦਿੱਤਾ ਮੁਆਵਜ਼ਾ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸ਼ੂਗਰ ਐਕਟ 1966 ਤਹਿਤ ਗੰਨੇ ਦੇ ਕਿਸਾਨਾਂ ਨੇ 14 ਦਿਨਾਂ ਦੇ ਅੰਦਰ ਖੰਡ ਮਿੱਲ ਨੂੰ ਅਦਾਇਗੀ ਕਰਨੀ ਹੁੰਦੀ ਹੈ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵਿਆਜ ਅਦਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ 2020-21 ਤੱਕ ਸਰਕਾਰੀ ਰੇਟ 360 ਰੁਪਏ ਪ੍ਰਤੀ ਕੁਇੰਟਲ ਸੀ, ਮਿੱਲਾਂ 325 ਦਿੰਦੀਆਂ ਸਨ, 35 ਰੁਪਏ ਸਰਕਾਰ ਨੇ ਦੇਣੇ ਸਨ। ਸਵਾ ਕਰੋੜ ਪਿਛਲੇ ਸਾਲ ਦੀ ਤੇ 20 ਕਰੋੜ ਰੁਪਏ ਇਸ ਸਾਲ ਦੀ ਅਦਾਇਗੀ ਬਕਾਇਆ ਪਈ ਹੈ।
ਬੰਦੀ ਸਿੱਖਾਂ ਦੀ ਰਿਹਾਈ ਲਈ ਗਜੇਂਦਰ ਸ਼ੇਖਾਵਤ ਨੂੰ ਮਿਲੀਆਂ ਸਿੱਖ ਜਥੇਬੰਦੀਆਂ
ਕੇਂਦਰ ਸਰਕਾਰ ਬੰਦੀ ਸਿੱਖਾਂ ਦੀ ਰਿਹਾਈ ਲਈ ਜਲਦ ਹੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਅੱਜ ਸਿੱਖ ਜਥੇਬੰਦੀਆਂ ਦਾ ਇਕ ਡੈਲੀਗੇਸ਼ਨ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ ਸਬੰਧੀ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨੂੰ ਮਿਲਿਆ। ਵਫਦ ਦੇ ਮੈਂਬਰਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 2019 'ਚ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੱਖਾਂ ਦੀ ਰਿਹਾਈ ਦਾ ਨੋਟੀਫਿਕੇਸ਼ਨ ਦਿੱਤਾ ਸੀ, ਉਸ ਨੂੰ ਪ੍ਰੈਕਟੀਕਲ ਲਾਗੂ ਕੀਤਾ ਜਾਵੇ। ਜਿਹੜੇ ਸਿੱਖ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ,ਚੋਣ ਮੈਨੇਜਮੈਂਟ ਕਮੇਟੀ ਦਾ ਬਣਾਇਆ ਚੇਅਰਮੈਨ
ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆਉਣ ਦੇ ਨਾਲ-ਨਾਲ ਚੋਣ ਮਾਹੌਲ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਇਸੇ ਦਰਮਿਆਨ ਕਾਂਗਰਸ ਹਾਈਮਕਾਨ ਵੱਲ਼ੋਂ ਵਿਧਾਨ ਸਭ ਚੋਣਾਂ ਤੋਂ ਪਹਿਲਾਂ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਹਲਕਾ ਆਬਜ਼ਰਵਰਾਂ ਦੀ ਨਿਯੁਕਤੀ
ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆਉਣ ਦੇ ਨਾਲ-ਨਾਲ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ 'ਚ ਰੁਝੀਆਂ ਹੋਈਆਂ ਹਨ। ਇਸੇ ਦਰਮਿਆਨ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਭਾਜਪਾ ਗਠਜੋੜ ਦਾ ਪੰਜਾਬ ਲਈ ਚੋਣ ਮਨੋਰਥ ਪੱਤਰ ਝੂਠੇ ਲਾਰੇ ਅਤੇ ਚਿੱਟਾ ਧੋਖ਼ਾ : ਭਗਵੰਤ ਮਾਨ
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਨੂੰ ਝੂਠੇ ਲਾਰੇ ਅਤੇ ਚਿੱਟਾ ਧੋਖ਼ਾ ਕਰਾਰ ਦਿੱਤਾ ਹੈ ਕਿਉਂਕਿ ਇਸ ਵਿਚ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ, ਵਿਦਿਆਰਥੀਆਂ ਤੇ ਨੌਜਵਾਨਾਂ ਲਈ ਕੁੱਝ ਵੀ ਨਹੀਂ ਹੈ। ਮਾਨ ਨੇ ਕਿਹਾ ਕਿ ਇਹ ਵੀ ਇਤਿਹਾਸ ਹੈ ਕਿ ਚੋਣ ਜਿੱਤਣ ਤੋਂ ਬਾਅਦ ਭਾਜਪਾ ਆਗੂ ਚੋਣ ਵਾਅਦਿਆਂ ਨੂੰ 'ਚੋਣਾਵੀ ਜੁਮਲੇ' ਐਲਾਨ ਕੇ ਵਾਅਦੇ ਪੂਰੇ ਕਰਨ ਤੋਂ ਮੁੱਕਰ ਜਾਂਦੇ ਹਨ।
ਸੰਤ ਸਮਾਜ ਵੱਲੋਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਹਮਾਇਤ ਦਾ ਐਲਾਨ
ਗੁਰਦੁਆਰਾ ਬਾਬੇ ਸ਼ਹੀਦਾਂ ਸਮਸਤੀਪੁਰ ਜਲੰਧਰ ਵਿਖੇ ਸਮੂਹ ਸੰਤ ਸਮਾਜ ਵੱਲੋਂ ਇਕੱਠ ਕੀਤਾ ਗਿਆ ਹੈ। ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਇਹ ਇਕੱਤਰਤਾ ਹੋਈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਤ ਸਮਾਜ ਦੀ ਇਕੱਤਰਤਾ ਪੰਜਾਬ ਦੀ ਸਿਆਸਤ ਵਿਚ ਵੱਡੀ ਹਲਚਲ ਪੈਦਾ ਕਰ ਸਕਦੀ ਹੈ। ਇਸ ਇਕੱਠ ਵਿਚ ਮਾਝਾ, ਮਾਲਵਾ ਅਤੇ ਦੋਆਬਾ ਤੋਂ ਸੰਤ ਸਮਾਜ ਪਹੁੰਚਿਆ। ਸਮੂਹ ਸੰਤ ਸਮਾਜ ਵੱਲੋਂ ਕੀਤੇ ਗਏ ਇਕੱਠ ਵਿਚ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੂੰ ਹਮਾਇਤ ਕੀਤੀ ਜਾਵੇਗੀ।
ਇਕ ਹਫਤੇ ’ਚ ਦੂਜੀ ਵਾਰ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਪਹੁੰਚੇ ਸਿੱਧੂ, ਸ਼ਾਮ ਦੀ ਆਰਤੀ ’ਚ ਹੋਣਗੇ ਸ਼ਾਮਲ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਇਕ ਵਾਰ ਫਿਰ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਪਹੁੰਚ ਗਏ ਹਨ। ਸਿੱਧੂ ਇਕ ਹਫਤੇ ਵਿਚ ਦੂਜੇ ਵਾਰ ਮਾਤਾ ਦੇ ਦਰਬਾਰ ’ਚ ਹਾਜ਼ਰੀ ਲਗਾਉਣ ਪਹੁੰਚੇ ਹਨ। ਬੁੱਧਵਾਰ ਦੁਪਹਿਰ ਉਹ ਕੱਟੜਾ ਪਹੁੰਚੇ ਅਤੇ ਉਥੋਂ ਉਹ ਹੈਲੀਕਾਪਟਰ ਰਾਹੀਂ ਮਾਤਾ ਦੇ ਭਵਨ ਲਈ ਰਵਾਨਾ ਹੋਏ। ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਵਿਚ ਚੋਣ ਪ੍ਰਚਾਰ ਚੋਟੀ ’ਤੇ ਹੈ। ਇਸ ਦਰਮਿਆਨ ਬੁੱਧਵਾਰ ਨੂੰ ਨਵਜੋਤ ਸਿੱਧੂ ਮਾਂ ਦੇ ਦਰਬਾਰ ਵੈਸ਼ਣੋ ਦੇਵੀ ਪਹੁੰਚ ਗਏ ਹਨ। ਪਤਾ ਲੱਗਾ ਹੈ ਕਿ ਦੁਪਹਿਰ ਤਿੰਨ ਵਜੇ ਉਹ ਕੱਟੜਾ ਤੋਂ ਹੈਲੀਕਾਪਟਰ ਸੇਵਾ ਰਾਹੀਂ ਮਾਂ ਦੇ ਭਵਨ ਲਈ ਰਵਾਨਾ ਹੋਏ ਅਤੇ ਉਹ ਸ਼ਾਮ ਦੀ ਆਰਤੀ ਵਿਚ ਸ਼ਾਮਲ ਹੋਣਗੇ।
ਸਿਮਰਜੀਤ ਬੈਂਸ ਨੂੰ ਪੁਲਸ ਨੇ ਕੀਤਾ ਰਿਹਾਅ, ਮਾਮਲੇ ਦੀ ਜਾਂਚ ਦੇ ਹੁਕਮ ਜਾਰੀ
ਬੀਤੀ ਰਾਤ ਲੁਧਿਆਣਾ ਦੇ ਆਤਮ ਨਗਰ ਹਲਕੇ ਵਿਚ ਲੋਕ ਇਨਸਾਫ ਪਾਰਟੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ ਦੇ ਮਾਮਲੇ ’ਚ ਪੁਲਸ ਨੇ ਸਿਮਰਜੀਤ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਦੇਰ ਰਾਤ ਸਿਮਰਜੀਤ ਬੈਂਸ ਨੂੰ ਪੁਲਸ ਵਲੋਂ ਰਿਹਾਅ ਕਰ ਦੇਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਝਗੜੇ ਤੋਂ ਬਾਅਦ ਸਿਮਰਜੀਤ ਬੈਂਸ ਅਤੇ ਸਾਥੀਆਂ ਉਪਰ 307 ਦਾ ਪਰਚਾ ਦਰਜ ਕੀਤਾ ਗਿਆ ਸੀ। ਝੜਪ ਦੌਰਾਨ ਫਾਈਰਿੰਗ ਹੋਈ ਸੀ। ਗੱਡੀਆਂ ਦੀ ਭੰਨਤੋੜ੍ਹ ਵੀ ਕੀਤੀ ਗਈ ਸੀ। ਦੂਜੀ ਧਿਰ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਸੀ।
ਕਾਂਗਰਸ ਨੂੰ ਵੱਡਾ ਝਟਕਾ, ਜਸਬੀਰ ਡਿੰਪਾ ਦਾ ਭਰਾ ਰਾਜਨ ਗਿੱਲ ਸ਼੍ਰੋਮਣੀ ਅਕਾਲੀ ਦਲ ’ਚ ਹੋਇਆ ਸ਼ਾਮਲ
ਅੰਮ੍ਰਿਤਸਰ ’ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਉਦੋਂ ਲੱਗਾ, ਜਦੋਂ ਪੁਰਾਣੇ ਟਕਸਾਲੀ ਕਾਂਗਰਸੀ ਗਿੱਲ ਪਰਿਵਾਰ ਦੇ ਹਰਪਿੰਦਰ ਸਿੰਘ ਰਾਜਨ ਗਿੱਲ ਅੱਜ ਅਕਾਲੀ ਦਲ 'ਚ ਸ਼ਾਮਲ ਹੋ ਗਏ। ਰਾਜਨ ਗਿੱਲ ਨੂੰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ 'ਚ ਸ਼ਾਮਲ ਕੀਤਾ। ਜਸਬੀਰ ਸਿੰਘ ਡਿੰਪਾ ਦੇ ਬੇਟੇ ਗੁਰਸੰਤ ਉਪਦੇਸ਼ ਸਿੰਘ ਗਿੱਲ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸਨ ਪਰ ਕਾਂਗਰਸ ਨੇ ਰਮਨਜੀਤ ਸਿੰਘ ਸਿੱਕੀ ਨੂੰ ਦਾਅਵੇਦਾਰ ਬਣਾਇਆ ਸੀ, ਜਿਸ ਤੋਂ ਡਿੰਪਾ ਦਾ ਪਰਿਵਾਰ ਨਾਰਾਜ਼ ਚੱਲ ਰਿਹਾ ਸੀ।