ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Tuesday, Feb 08, 2022 - 10:31 PM (IST)

ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਜਲੰਧਰ : ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆ ਰਹੀ ਹੈ ਤਿਉਂ-ਤਿਉਂ ਚੋਣ ਮਾਹੌਲ ਭਖ਼ਦਾ ਜਾ ਰਿਹਾ ਹੈ। ਜਿਥੇ ਅੱਜ ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਨਵਾਂਸ਼ਹਿਰ 'ਚ ਅਕਾਲੀ-ਬਸਪਾ ਗਠਜੋੜ ਦੇ ਹੱਕ 'ਚ ਰੈਲੀ ਕੀਤੀ ਗਈ, ਉਥੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਤੋਂ ਹੀ ਵਰਚੂਅਲ ਰੈਲੀ ਕੀਤੀ। ਇਸੇ ਤਰ੍ਹਾਂ ਦੀਆਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਪੜ੍ਹੋ ਅੱਜ ਦੀਆਂ ਪ੍ਰਮੁੱਖ ਖ਼ਬਰਾਂ :

ਪੰਜਾਬ ਵਰਚੁਅਲ ਰੈਲੀ ’ਚ PM ਮੋਦੀ ਬੋਲੇ- ਸਾਡਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਵਰਚੁਅਲ ਰੈਲੀ ਜ਼ਰੀਏ ‘ਫਤਿਹ ਰੈਲੀ’ ਦੀ ਸ਼ੁਰੂਆਤ ਸਤਿ ਸ੍ਰੀ ਅਕਾਲ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਫਤਿਹਗੜ੍ਹ ਦੀ ਇਸ ਧਰਤੀ ਨੂੰ ਨਮਸਕਾਰ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਕੰਮ ਕਰਨਾ ਮੇਰਾ ਫਰਜ਼ ਹੈ। ਕੁਝ ਲੋਕਾਂ ਨੇ ਪੰਜਾਬ ਨੂੰ ਅਤੇ ਗੁਰੂਆਂ ਦੀ ਧਰਤੀ ਨੂੰ ਅੱਗ ’ਚ ਸੁੱਟਿਆ। ਅਸੀਂ ਕਰਤਾਰਪੁਰ ਦੀ ਰਾਹਦਾਰੀ ਖੋਲ੍ਹੀ। 

ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਈ ਮਾਇਆਵਤੀ, ਕਾਂਗਰਸ ’ਤੇ ਬੋਲੇ ਵੱਡੇ ਹਮਲੇ

ਅਕਾਲੀ ਦਲ ਨਾਲ ਗਠਜੋੜ ਹੋਣ ਉਪਰੰਤ ਪੰਜਾਬ ਦੇ ਨਵਾਂਸ਼ਹਿਰ ਵਿਖੇ ਅੱਜ ਪਹਿਲੀ ਵਾਰ ਪਹੁੰਚੀ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਕਾਂਗਰਸ ਪਾਰਟੀ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਿਰਫ਼ ਸਿਆਸੀ ਸਵਾਰਥ ਲਈ ਹੀ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ। ਕਾਂਗਰਸ ’ਤੇ ਵੱਡਾ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦਾ ਰਿਮੋਟ ਕੰਟਰੋਲ ਗ਼ੈਰ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੱਥ ਵਿਚ ਹੈ। 

ਸੁਖਬੀਰ ਦਾ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਪਹਿਲੀ ਵਾਰ ਮਾਫ਼ੀਆ ਦੇ ਮਾਈਨਿੰਗ ਕਿੰਗ ਚੰਨੀ ਨੂੰ CM ਚਿਹਰਾ ਬਣਾਇਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰੂਪਨਗਰ ਵਿਖੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਰਨੈਲ ਸਿੰਘ ਔਲਖ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ। ਰੂਪਨਗਰ ਵਿਖੇ ਜਰਨੈਲ ਸਿੰਘ ਔਲਖ ਦੀ ਰਿਹਾਇਸ਼ ਵਿਖੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪਹਿਲੀ ਵਾਰ ਮਾਫ਼ੀਆ ਦੇ ਮਾਈਨਿੰਗ ਕਿੰਗ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ, ਜਿਸ ਨੇ ਰੂਪਨਗਰ ਜਿਲ੍ਹੇ ਨੂੰ ਪੁੱਟ-ਪੁੱਟ ਕੇ ਪਹਾੜ ਹੀ ਖ਼ਤਮ ਕਰ ਦਿੱਤੇ। ਉਨ੍ਹਾਂ ਕਿਹਾ ਕਿ ਲੋਕ ਹੁਣ ਕਾਂਗਰਸ ਦੀ ਪਾਰਟੀ ਤੋਂ ਪੂਰੀ ਤਰ੍ਹਾਂ ਅੱਕ ਚੁਕੇ ਹਨ। ਲੋਕਾਂ ਦੇ ਚਿਹਰਿਆਂ ’ਤੇ ਕਾਂਗਰਸ ਦੇ ਖ਼ਿਲਾਫ਼ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। 

CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਤਿੰਨ ਦਿਨ ਲਈ ED ਦੇ ਰਿਮਾਂਡ ’ਤੇ ਭੇਜਿਆ (ਵੀਡੀਓ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਿਫ਼ਤਾਰ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ 4 ਦਿਨਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਜਲੰਧਰ ਦੀ ਜੁਡੀਸ਼ੀਅਲ ਅਦਾਲਤ ’ਚ ਪੇਸ਼ ਕੀਤਾ। ਈ. ਡੀ. ਨੇ ਹੋਰ ਪੁੱਛਗਿੱਛ ਕਰਨ ਲਈ 10 ਦਿਨਾ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ’ਤੇ ਸੈਸ਼ਨ ਜੱਜ ਨੇ ਉਸ ਨੂੰ ਤਿੰਨ ਦਿਨਾਂ ਲਈ ਰਿਮਾਂਡ ’ਤੇ ਭੇਜ ਦਿੱਤਾ ਹੈ। ਹਨੀ ਨੂੰ ਜਲੰਧਰ ਦੀ ਜੁਡੀਸ਼ੀਅਲ ਅਦਾਲਤ ’ਚ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਈ. ਡੀ. ਦੇ ਵਕੀਲ ਤੇ ਭੁਪਿੰਦਰ ਹਨੀ ਦੇ ਵਕੀਲ ਦਰਮਿਆਨ ਬਹਿਸ ਹੋਈ।

ਭਗਵੰਤ ਮਾਨ ਦਾ CM ਚੰਨੀ ’ਤੇ ਤੰਜ, 'ਜੋ ਆਪਣੇ ਰਿਸ਼ਤੇਦਾਰਾਂ ’ਤੇ ਨਜ਼ਰ ਨਹੀਂ ਰੱਖ ਸਕਿਆ, ਪੰਜਾਬ ’ਤੇ ਕਿਵੇਂ ਰੱਖੇਗਾ'

ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਚੰਨੀ ’ਤੇ ਸ਼ਬਦੀ ਹਮਲੇ ਕੀਤੇ ਹਨ। ਭਗਵੰਤ ਮਾਨ ਨੇ ਕਿਹਾ ਆਪਣੇ ਆਪ ਨੂੰ ਗ਼ਰੀਬ ਕਹਿਣ ਵਾਲੇ ਮੁੱਖ ਮੰਤਰੀ ਚੰਨੀ ਕੋਲ ਕਰੋੜਾਂ ਰੁਪਏ ਹਨ। ਭਗਵੰਤ ਮਾਨ ਨੇ ਕਿਹਾ ਕਿ ਚੰਨੀ ਨੇ ਖੁਦ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ’ਤੇ ਧਿਆਨ ਨਹੀਂ ਦੇ ਸਕੇ, ਜਿਸ ਕਰਕੇ ਅਜਿਹਾ ਹੋਇਆ ਹੈ। ਇਸੇ ਲਈ ਜੋ ਮੁੱਖ ਮੰਤਰੀ ਆਪਣੇ ਰਿਸ਼ਤੇਦਾਰਾਂ ’ਤੇ ਨਜ਼ਰ ਨਹੀਂ ਰੱਖ ਸਕਦਾ, ਉਹ ਪੰਜਾਬ ’ਤੇ ਨਜ਼ਰ ਕਿਵੇਂ ਰੱਖ ਸਕਦਾ ਹੈ। 

ਪੁਲਸ ਦੀ ਵੱਡੀ ਕਾਰਵਾਈ, ਸਿਮਰਜੀਤ ਬੈਂਸ ਨੂੰ ਕੀਤਾ ਗ੍ਰਿਫ਼ਤਾਰ

ਬੀਤੀ ਰਾਤ ਲੁਧਿਆਣਾ ਦੇ ਆਤਮ ਨਗਰ ਹਲਕੇ ਵਿਚ ਲੋਕ ਇਨਸਾਫ ਪਾਰਟੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ ਦੇ ਮਾਮਲੇ ਪੁਲਸ ਨੇ ਸਿਮਰਜੀਤ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ’ਤੇ ਮਾਮਲਾ ਦਰਜ ਕੀਤਾ ਸੀ। ਬੈਂਸ ਤੋਂ ਇਲਾਵਾ ਇਹ ਮਾਮਲਾ ਲੋਕ ਇਨਸਾਫ ਪਾਰਟੀ ਦੇ 34 ਤੋਂ ਵੱਧ ਵਰਕਰਾਂ ’ਤੇ ਦਰਜ ਕੀਤਾ ਗਿਆ। ਇਹ ਮਾਮਲਾ ਕਾਂਗਰਸ ਦੇ ਉਮੀਦਵਾਰ ਕਮਲਜੀਤ ਸਿਘ ਕੜਵਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਪੁਲਸ ਨੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ’ਤੇ ਸ਼ਿਮਲਾਪੁਰੀ ਥਾਣੇ ਵਿਚ ਧਾਰਾ 307 ਇਰਾਦਾ ਕਤਲ, 427, 148, 149, 506 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਧਰ ਲੋਕ ਇਨਸਾਫ ਪਾਰਟੀ ਨੇ ਇਸ ਨੂੰ ਪੁਲਸ ਦੀ ਇਕ ਤਰਫਾ ਕਾਰਵਾਈ ਦੱਸਿਆ ਹੈ। ਲਿਪ ਦਾ ਆਖਣਾ ਹੈ ਕਿ ਪਹਿਲਾਂ ਵਰਕਰਾਂ ਵਲੋਂ ਝੜਪ ਲਈ ਉਕਸਾਇਆ ਗਿਆ ਸੀ, ਜਦਕਿ ਹੁਣ ਪੁਲਸ ਨੇ ਇਕ ਤਰਫਾ ਕਾਰਵਾਈ ਕੀਤੀ ਹੈ।

ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਦੇ ਭਰਾ ਇੰਦਰ ਸੇਖੜੀ ਭਾਜਪਾ 'ਚ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਜੋਰਾ-ਸ਼ੋਰਾਂ ਨਾਲ ਤਿਆਰੀਆਂ ਕਰ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਸਿਆਸੀ ਫੇਰਬਦਲੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਦੇ ਸਕੇ ਭਰਾ ਇੰਦਰ ਸੇਖੜੀ ਅੱਜ ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਭਾਜਪਾ ਨੇਤਾ ਤਰੁਣ ਚੁੱਘ ਨੇ ਟਵੀਟ ਰਾਹੀਂ ਦਿੱਤੀ।

PM ਮੋਦੀ 14 ਫਰਵਰੀ ਨੂੰ ਆਉਣਗੇ ਜਲੰਧਰ, ਕਰਨਗੇ ਚੋਣ ਪ੍ਰਚਾਰ

ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆ ਰਹੀ ਹੈ ਤਿਉਂ-ਤਿਉਂ ਚੋਣ ਮਾਹੌਲ ਭਖ਼ਦਾ ਜਾ ਰਿਹਾ ਹੈ। ਇਸੇ ਦਰਮਿਆਨ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ 14 ਫਰਵਰੀ ਨੂੰ ਜਲੰਧਰ ਆਉਣਗੇ। ਪ੍ਰਧਾਨ ਮੰਤਰੀ ਮੋਦੀ ਇਸ ਦੌਰੇ ਦੌਰਾਨ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਪੰਜਾਬ ਲਈ ਕਈ ਵੱਡੇ ਐਲਾਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸੁਰੱਖਿਆ ’ਚ ਹੋਈ ਕੁਤਾਹੀ ਕਾਰਨ 5 ਫਰਵਰੀ ਨੂੰ ਫ਼ਿਰੋਜ਼ਪੁਰ ’ਚ ਭਾਜਪਾ ਦੀ ਰੈਲੀ ’ਚ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਪਰਤ ਗਏ ਸਨ।


author

Harnek Seechewal

Content Editor

Related News