ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Monday, Feb 07, 2022 - 09:03 PM (IST)

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦਾ ਸਿਆਸੀ ਪਾਰਾ ਵੀ ਗਰਮ ਹੁੰਦਾ ਜਾ ਰਿਹਾ ਹੈ। ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਕਈ ਵਾਅਦੇ ਕਰ ਰਹੀਆਂ ਹਨ। ਉਮੀਦਵਾਰਾਂ ਦੇ ਹੱਕ 'ਚ ਸਟਾਰ ਪ੍ਰਚਾਰਕਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਪ੍ਰਮੁੱਖ ਖ਼ਬਰਾਂ :

‘ਆਪ’ ਆਗੂ ਜਰਨੈਲ ਸਿੰਘ ਦਾ ਕਾਂਗਰਸ ’ਤੇ ਤੰਜ, ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਰੈਕਟਰਲੈੱਸ

ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ’ਤੇ ਆਮ ਆਦਮੀ ਪਾਰਟੀ ਨੇ ਵੱਡੇ ਹਮਲੇ ਬੋਲੇ ਹਨ। ‘ਆਪ’ ਆਗੂ ਜਰਨੈਲ ਸਿੰਘ ਨੇ ਕਿਹਾ ਕਿ ਇੰਨੀ ਵੱਡੀ ਕਾਂਗਰਸ ’ਚੋਂ ਹਾਈਕਮਾਨ ਵੱਲੋਂ ਸਿਰਫ਼ ਅਜਿਹੇ ਸ਼ਖ਼ਸ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋ ਚੁਣਿਆ ਗਿਆ, ਜਿਸ ’ਤੇ ‘ਮੀਟੂ’ ਦੇ ਦੋਸ਼ ਤੱਕ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਕਾਂਗਰਸ ਦੀ ਪਾਰਟੀ ਤੋਂ ਕੋਈ ਆਸ ਨਹੀਂ ਬਚੀ ਸੀ ਪਰ ਜਦੋਂ ਤੋਂ ਕੱਲ੍ਹ ਤੋਂ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਹੀ ਪੰਜਾਬ ਕਾਂਗਰਸ ਦੇ ਵਾਲੰਟੀਅਰ ਸਮੇਤ ਸਾਰੇ ਆਗੂਆਂ ’ਚ ਨਿਰਾਸ਼ਾ ਦਾ ਮਾਹੌਲ ਪਾਇਆ ਜਾ ਰਿਹਾ ਹੈ। 

ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਵੱਡਾ ਬਿਆਨ

ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈਕਮਾਨ ਵਲੋਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਬਾਅਦ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ ਨਾਲ ਖੜ੍ਹਾ ਹਾਂ ਅਤੇ ਖੜ੍ਹਾ ਰਹਾਂਗਾ। ਮੈਂ ਹਾਈਕਮਾਨ ਦੇ ਨਾਲ ਹਾਂ, ਪਾਰਟੀ ਦਾ ਹਰ ਫ਼ੈਸਲਾ ਮਨਜ਼ੂਰ ਹੈ ਪਰ ਜਿੰਨਾਂ ਮੈਂ ਹਾਈਕਮਾਨ ਨਾਲ ਹਾਂ, ਉਸ ਤੋਂ ਦੁੱਗਣਾ ਪੰਜਾਬ ਨਾਲ ਹਾਂ। ਸਿੱਧੂ ਨੇ ਕਿਹਾ ਕਿ ਜੇ ਪੰਜਾਬ ਦਾ ਭਲਾ ਕਰਨਾ ਹੈ ਤਾਂ ਪੰਜਾਬ ਮਾਡਲ ਵਿਚੋਂ ਚੰਗੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਮਾਡਲ ਨੂੰ ਆਪਣੇ ਫੇਸਬੁੱਕ ’ਤੇ ਵੀ ਸਾਂਝਾ ਕਰਨਗੇ। ਉਹ ਪੰਜਾਬ ਮਾਡਲ ਪਹਿਲਾਂ ਹੀ ਕਾਂਗਰਸ ਨੂੰ ਦੇ ਚੁੱਕੇ ਹਨ। ਹੁਣ ਜਦੋਂ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਹੁਣ ਚੰਨੀ ਕੋਲ ਪੰਜਾਬ ਮਾਡਲ ਨੂੰ ਲਾਗੂ ਕਰਨ ਦੀ ਤਾਕਤ ਹੈ। ਵਿਰੋਧੀ ਜੋ ਮਰਜ਼ੀ ਕਹੀ ਜਾਣ, ਹੁਣ ਫ਼ੈਸਲਾ ਲੋਕਾਂ ਦੇ ਹੱਥ ਹੈ।

ਸੁਖਬੀਰ ਬਾਦਲ ਦਾ ‘ਆਪ’ ’ਤੇ ਤੰਜ, ਕਿਹਾ-ਪੰਜਾਬ ਦੇ ਸਾਰੇ ਠੱਗ ਇਸ ਪਾਰਟੀ ’ਚ ਇਕੱਠੇ

ਹਲਕਾ ਬੱਸੀ ਪਠਾਣਾ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ਼ਿਵ ਕਲਿਆਣ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਅਕਾਲੀ ਦਲ ਵਲੋਂ ਬੱਸੀ ਪਠਾਣਾ ’ਚ ਰੈਲੀ ਕੀਤੀ ਗਈ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦ ਹੋਏ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਨੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਮੁੜ ਲਪੇਟੇ ’ਚ ਲਿਆ। ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਸਿਰਫ਼ ਨਾਂ ਦੀ ਪਾਰਟੀ ਹੈ। ਇਸ ਪਾਰਟੀ ’ਚ ਸਾਰੇ ਠੱਗ ਇਕੱਠੇ ਕੀਤੇ ਗਏ ਹਨ।

ਪੰਜਾਬ ’ਚ ਚੋਣ ਪ੍ਰਚਾਰ ਭਖਾਉਣਗੇ PM ਮੋਦੀ, ਭਲਕੇ ਕਰਨਗੇ ਪਹਿਲੀ ਵਰਚੁਅਲ ਰੈਲੀ

ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜਾਰੀ ਹੈ। ਇਸ ਦੌਰਾਨ ਭਾਜਪਾ ਨੇ ਚੋਣ ਪ੍ਰਚਾਰ ਦੀ ਖ਼ਾਸ ਰਣਨੀਤੀ ਤਿਆਰ ਕੀਤੀ ਹੈ। ਇਸ ਦੇ ਅਧੀਨ 8 ਫਰਵਰੀ ਤੋਂ ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਹਾਲਾਂਕਿ ਪ੍ਰਧਾਨ ਮੰਤਰੀ ਦਾ ਇਹ ਪ੍ਰਚਾਰ ਵਰਚੁਅਲ ਹੋਵੇਗਾ। ਚੰਡੀਗੜ੍ਹ ਭਾਜਪਾ ਦਫ਼ਤਰ ਅਨੁਸਾਰ ਕੋਰੋਨਾ ਪਾਬੰਦੀਆਂ ਕਾਰਨ ਪ੍ਰਧਾਨ ਮੰਤਰੀ ਪੰਜਾਬ 'ਚ ਵਰਚੁਅਲ ਰੈਲੀਆਂ ਕਰਨਗੇ।

ਮਸ਼ਹੂਰ ਪੰਜਾਬੀ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੋਬੀ ਧਾਲੀਵਾਲ ਭਾਜਪਾ ’ਚ ਹੋਏ ਸ਼ਾਮਲ (ਵੀਡੀਓ)

ਮਸ਼ਹੂਰ ਪੰਜਾਬੀ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੋਬੀ ਧਾਲੀਵਾਲ ਅੱਜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕੀਤਾ ਹੈ।

ਕਾਂਗਰਸ 'ਚ ਬਗਾਵਤ ਕਰਨ ਤੋਂ ਬਾਅਦ ਦਾਮਨ ਬਾਜਵਾ ਭਾਜਪਾ 'ਚ ਸ਼ਾਮਲ

ਕਾਂਗਰਸ ਦੀ ਬਾਗੀ ਆਗੂ ਦਾਮਨ ਬਾਜਵਾ, ਜਿਨ੍ਹਾਂ ਨੇ ਸੁਨਾਮ ਤੋਂ ਪਾਰਟੀ ਵੱਲੋਂ ਟਿਕਟ ਨਾ ਮਿਲਣ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕੀਤੇ ਸਨ ਅਤੇ ਬਾਅਦ ਵਿੱਚ ਨਾਮਜ਼ਦਗੀ ਵਾਪਸ ਲੈ ਲਈ ਸੀ, ਨੇ ਅੱਜ ਭਾਜਪਾ ਪੰਜਾਬ ਚੋਣ ਪ੍ਰਚਾਰ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰੇਰਣਾ ਨਾਲ ਭਾਜਪਾ ਜੁਆਇਨ ਕਰ ਲਈ। ਦਾਮਨ ਨੇ ਕਿਹਾ ਕਿ ਸ਼ੇਖਾਵਤ ਨੇ ਉਨ੍ਹਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਉਸ ਨੇ ਕਿਹਾ ਕਿ ਸ਼ੇਖਾਵਤ ਨੇ ਦੱਸਿਆ ਕਿ ਭਾਜਪਾ ਨੂੰ ਮੇਰੇ ਵਰਗੇ ਲੋਕਾਂ ਦੀ ਲੋੜ ਹੈ, ਜੋ ਇਮਾਨਦਾਰ ਹੋਣ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ। ਅੱਜ ਗਜੇਂਦਰ ਸ਼ੇਖਾਵਤ ਦੀ ਹਾਜ਼ਰੀ 'ਚ ਹੋਈ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਕਈ ਵੱਡੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ।

ਭਗਵੰਤ ਮਾਨ ਦਾ ਵੱਡਾ ਦਾਅਵਾ, ਕਿਹਾ-ਇਸ ਵਾਰ ਬਾਦਲ ਪਰਿਵਾਰ ਦੀ ਸਿਆਸਤ ਦਾ ਹੋਵੇਗਾ ਅੰਤ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਗੜ੍ਹ ਲੰਬੀ ’ਚ ਬਾਦਲ ਪਰਿਵਾਰ ’ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਕਿਹਾ ਕਿ ਪੰਜਾਬ ਦੀ ਹਵਾ ਹੁਣ ਬਦਲ ਚੁੱਕੀ ਹੈ। ਇਸ ਵਾਰ ਬਾਦਲ ਪਰਿਵਾਰ ਦੀ ਸਿਆਸਤ ਦਾ ਅੰਤ ਹੋਣ ਵਾਲਾ ਹੈ। ਸੱਤਾ ਦੇ ਲਾਲਚ ਕਾਰਨ ਵੱਡੇ ਬਾਦਲ ਸੇਵਾ ਕਰਵਾਉਣ ਦੀ ਉਮਰ ’ਚ ਲੋਕਾਂ ਕੋਲੋਂ ਸੇਵਾ ਕਰਨ ਦਾ ਇਕ ਹੋਰ ਮੌਕਾ ਮੰਗ ਰਹੇ ਹਨ। 94 ਸਾਲ ਦੀ ਉਮਰ ’ਚ ਲੋਕ ਭਗਵਾਨ ਦਾ ਨਾਂ ਲੈਂਦੇ ਹਨ ਅਤੇ ਘਰ ਦੇ ਛੋਟੇ ਬੱਚਿਆਂ ਦੇ ਨਾਲ ਹੱਸਦੇ-ਖੇਡਦੇ ਹਨ ਪਰ ਸੱਤਾ ਅਤੇ ਪਰਿਵਾਰ ਦੇ ਮੋਹ ’ਚ ਭਗਵਾਨ ਦਾ ਨਾਂ ਲੈਣ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਬੁਢਾਪੇ ’ਚ ਵੀ ਚੋਣ ਲੜ ਰਹੇ ਹਨ।

ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਪੈਰੋਲ

ਹਰਿਆਣਾ ਦੀ ਰੋਹਤਕ ਜੇਲ੍ਹ 'ਚ ਬੰਦ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ 21 ਦਿਨਾਂ ਦੀ ਪੈਰੋਲ ਦੇ ਦਿੱਤੀ ਹੈ। ਰਾਮ ਰਹੀਮ ਜਬਰ ਜ਼ਿਨਾਹ ਅਤੇ ਕਤਲ ਮਾਮਲੇ 'ਚ ਰੋਹਤਕ ਜੇਲ੍ਹ 'ਚ ਸਜ਼ਾ ਕੱਟ ਰਹੇ ਹਨ। ਪੈਰੋਲ ਦੇ ਬਾਅਦ ਤੋਂ ਜੇਲ੍ਹ ਦੇ ਨੇੜੇ-ਤੇੜੇ ਪੁਲਸ ਦੀ ਹਰਕਤ ਵਧ ਗਈ ਹੈ। ਉਨ੍ਹਾਂ ਨੂੰ ਜਲਦ ਹੀ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਸਕਦਾ ਹੈ। 2 ਦਿਨ ਪਹਿਲਾਂ ਹੀ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਬਿਆਨ ਆਇਆ ਸੀ ਕਿ ਪੈਰੋਲ ਲੈਣਾ ਹਰ ਕੈਦੀ ਦਾ ਅਧਿਕਾਰ ਹੈ।

 


Harnek Seechewal

Content Editor

Related News