ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Tuesday, Feb 22, 2022 - 08:45 PM (IST)

ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਜਲੰਧਰ : ਅੱਜ ਜਿਥੇ 2017 ’ਚ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਨੂੰ ਲੈ ਕੇ ਹਾਈਕੋਰਟ ਨੇ ਵੱਡਾ ਫ਼ੈਸਲਾ ਲਿਆ, ਉਥੇ ਹੀ ਬਿਜਲੀ ਸੰਕਟ 'ਚ ਉਲਝੇ ਚੰਡੀਗੜ੍ਹ 'ਤੇ ਬਲੈਕ ਆਊਟ ਦਾ ਖ਼ਤਰਾ ਮੰਡਰਾ ਰਿਹਾ ਹੈ। ਚੋਣਾਂ ਤੋਂ ਬਾਅਦ ਸੂਬੇ 'ਚ ਅਸਥਿਰ ਸਰਕਾਰ ਬਣਨ ਦੇ ਵੀ ਕਿਆਸ ਲਾਏ ਜਾ ਰਹੇ ਹਨ। ਕੁਝ ਇਸੇ ਤਰ੍ਹਾਂ ਦੀਆਂ ਘਟਨਾਵਾਂ ਨਾਲ ਸਬੰਧਿਤ ਪੰਜਾਬ ਨਾਲ ਜੁੜੀਆਂ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਬਿਨਾਂ ਪਾਸਪੋਰਟ ਤੇ ਵੀਜ਼ੇ ਤੋਂ ਰਾਜਾਸਾਂਸੀ ’ਚ ਘੁੰਮ ਰਹੀ ਰੂਸੀ ਲੜਕੀ ਗ੍ਰਿਫ਼ਤਾਰ

ਕਸਬਾ ਰਾਜਾਸਾਂਸੀ ’ਚ ਬਿਨਾਂ ਪਾਸਪੋਰਟ ਅਤੇ ਵੀਜ਼ੇ ਤੋਂ ਘੁੰਮ ਰਹੀ ਰੂਸ ਦੀ ਇਕ ਲੜਕੀ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਮੁਖੀ ਰਾਜਾਸਾਂਸੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਲੀਸ਼ੀਆ ਨਾਮੀ ਲੜਕੀ ਕਿਰਗਿਜ਼ਸਤਾਨ (ਰੂਸ) ਦੀ ਹੈ, ਜੋ ਰਾਤ ਕਰੀਬ ਅੱਠ ਵਜੇ ਕਸਬਾ ਰਾਜਾਸਾਂਸੀ ਵਿਖੇ ਘੁੰਮ ਰਹੀ ਸੀ।

ਪੰਜਾਬ 'ਚ ਸਰਕਾਰ ਜਿਸ ਮਰਜ਼ੀ ਪਾਰਟੀ ਦੀ ਬਣੇ, ਇਸ ਖੇਤਰ ਤੋਂ ਹੋਵੇਗਾ ਅਗਲਾ 'ਮੁੱਖ ਮੰਤਰੀ'

ਪੰਜਾਬ 'ਚ ਵਿਧਾਨ ਸਭਾ ਚੋਣਾਂ ਹੋਣ ਦੇ 48 ਘੰਟੇ ਤੋਂ ਜ਼ਿਆਦਾ ਦਾ ਸਮਾਂ ਬੀਤਣ ਮਗਰੋਂ ਵੀ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਕਿਸ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਜਾ ਰਿਹਾ ਹੈ ਪਰ ਇਹ ਗੱਲ ਸਾਫ਼ ਹੈ ਕਿ ਮੌਜੂਦਾ ਸਮੇਂ ਦੌਰਾਨ ਚੋਣਾਂ ਲੜਨ ਵਾਲੀਆਂ ਮੁੱਖ ਪਾਰਟੀਆਂ 'ਚੋਂ ਸਰਕਾਰ ਜਿਸ ਦੀ ਮਰਜ਼ੀ ਬਣੇ, ਅਗਲਾ ਮੁੱਖ ਮੰਤਰੀ ਮਾਲਵਾ ਤੋਂ ਹੀ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਪਿਛਲੇ 30 ਸਾਲਾਂ ਦੌਰਾਨ ਸਾਰੇ ਮੁੱਖ ਮੰਤਰੀ ਮਾਲਵਾ ਤੋਂ ਰਹੇ ਹਨ।

2017 ’ਚ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਨੂੰ ਲੈ ਕੇ ਹਾਈਕੋਰਟ ਨੇ ਲਿਆ ਵੱਡਾ ਫ਼ੈਸਲਾ

2017 ਵਿੱਚ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਦੇ ਮਾਮਲੇ ’ਤੇ ਮੁੜ ਤੋਂ ਕੇਸ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਚੱਲੇਗਾ। ਹਾਈ ਕੋਰਟ ਨੇ ਇਸ ਮਾਮਲੇ ਦੇ ਸਬੰਧ ’ਚ ਰੀਵਿਊ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਗੁਰਜੀਤ ਔਜਲਾ ਦਾ ਨਵਜੋਤ ਸਿੱਧੂ ਖ਼ਿਲਾਫ਼ ਵੱਡਾ ਬਿਆਨ, ਕਿਹਾ- ਲੋਕਾਂ ਨੂੰ ਸਿੱਧੂ ਦੇ ਬੋਲਣ ਦਾ ਅੰਦਾਜ਼ ਪਸੰਦ ਨਹੀਂ

ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਈਸਟ ਦੇ ਲੋਕਾਂ 'ਚ ਸਿੱਧੂ ਪ੍ਰਤੀ ਨਾਰਾਜ਼ਗੀ ਸੀ। ਲੋਕਾਂ ਨੂੰ ਨਵਜੋਤ ਸਿੱਧੂ ਦੇ ਬੋਲਣ ਦਾ ਅੰਦਾਜ਼ ਪਸੰਦ ਨਹੀਂ ਆਇਆ, ਜਿਸ ਕਰਕੇ ਲੋਕਾਂ 'ਚ ਸਿੱਧੂ ਪ੍ਰਤੀ ਨਾਰਾਜ਼ਗੀ ਵੀ ਦਿਖਾਈ ਦਿੱਤੀ।

ਪੰਜਾਬ 'ਚ ਵਿਛਣ ਲੱਗੀ 'ਸਿਆਸੀ ਬਿਸਾਤ', ਤਿਕੋਣੀ ਵਿਧਾਨ ਸਭਾ ਬਣੀ ਤਾਂ ਹੋਣਗੇ ਇਹ ਬਦਲ

ਪੰਜਾਬ ’ਚ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਿਆਸੀ ਮਾਹਿਰ ਨਤੀਜਿਆਂ ਨੂੰ ਲੈ ਕੇ ਆਪਣੇ-ਆਪਣੇ ਅਨੁਮਾਨ ਲਾ ਰਹੇ ਹਨ ਪਰ ਸਾਰੇ ਅਨੁਮਾਨਾਂ ’ਚ ਮੁੱਖ ਮੁਕਾਬਲਾ ਹਾਲਾਂਕਿ ਸੱਤਾਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਮੰਨਿਆ ਜਾ ਰਿਹਾ ਹੈ ਪਰ ਅਕਾਲੀ ਦਲ ਵੀ ਆਪਣੀ ਜ਼ਬਰਦਸਤ ਵਾਪਸੀ ਨੂੰ ਲੈ ਕੇ ਆਸਵੰਦ ਹੈ।

ਚੰਡੀਗੜ੍ਹ 'ਚ ਬਲੈਕ ਆਊਟ ਦਾ ਖ਼ਤਰਾ! ਕਈ ਸੈਕਟਰਾਂ 'ਚ ਗੁੱਲ ਹੋਈ ਬਿਜਲੀ

ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਬਿਜਲੀ ਦੇ ਨਿੱਜੀਕਰਨ ਖ਼ਿਲਾਫ਼ ਵਿਭਾਗ ਦੇ ਮੁਲਾਜ਼ਮ 3 ਦਿਨਾਂ ਦੀ ਹੜਤਾਲ 'ਤੇ ਚਲੇ ਗਏ ਹਨ, ਜਿਸ ਕਾਰਨ ਸ਼ਹਿਰ 'ਚ ਬਲੈਕ ਆਊਟ ਦਾ ਖ਼ਤਰਾ ਮੰਡਰਾ ਰਿਹਾ ਹੈ। ਸ਼ਹਿਰ 'ਚ ਬੀਤੀ ਰਾਤ ਤੋਂ ਹੀ ਬਿਜਲੀ ਦੀ ਸਮੱਸਿਆ ਸ਼ੁਰੂ ਹੋ ਗਈ ਹੈ।

ਅਹਿਮ ਖ਼ਬਰ : ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮ 72 ਘੰਟੇ ਦੀ ਹੜਤਾਲ 'ਤੇ, ਜਾਰੀ ਕੀਤੇ ਗਏ ਹੈਲਪਲਾਈਨ ਨੰਬਰ

ਨਿੱਜੀਕਰਨ ਖ਼ਿਲਾਫ਼ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ 72 ਘੰਟੇ ਦੀ ਹੜਤਾਲ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਿਸੇ ਹਿੱਸੇ ਵਿਚ ਬਿਜਲੀ ਜਾਂਦੀ ਹੈ ਤਾਂ ਫਾਲਟ ਨੂੰ ਠੀਕ ਕਰਨ ਲਈ ਕੋਈ ਮੁਲਾਜ਼ਮ ਨਹੀਂ ਆਵੇਗਾ। ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੜਤਾਲ ਦੌਰਾਨ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ, ਇਸ ਲਈ ਸਾਰੇ ਕੇ. ਵੀ. ਸਟੇਸ਼ਨ ’ਤੇ ਬਿਜਲੀ ਵਿਭਾਗ ਦੇ ਮੁਲਾਜ਼ਮ ਤਾਇਨਾਤ ਰਹਿਣਗੇ।

ਪੰਜਾਬ ਦੀ ਸਿਆਸਤ ਨਾਲ ਜੁੜੀ ਅਹਿਮ ਖ਼ਬਰ, 2024 ਤੱਕ ਸੂਬੇ 'ਚ ਰਹਿ ਸਕਦੀ ਹੈ 'ਅਸਥਿਰ ਸਰਕਾਰ'!

ਭਾਵੇਂ ਕਿ ਵਿਧਾਨ ਸਭਾ ਚੋਣਾਂ 2022 ਪੈ ਚੁੱਕੀਆਂ ਹਨ ਅਤੇ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਹੈ। ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ਮਸ਼ੀਨਾਂ ’ਚ ਕੈਦ ਹੋ ਚੁੱਕੀ ਹੈ। ਆਉਂਦੀ 10 ਮਾਰਚ ਨੂੰ ਖੁੱਲ੍ਹਣ ਉਪਰੰਤ ਹੀ ਪਤਾ ਲੱਗੇਗਾ ਕਿ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ। ਸੂਬੇ ਅੰਦਰ ਅਸਿਥਰਤਾ ਰਹੇਗੀ ਜਾਂ ਫਿਰ ਰਾਸ਼ਟਰਪਤੀ ਰਾਜ ਲੱਗਦਾ ਹੈ।

ਬਿਜਲੀ ਸੰਕਟ 'ਚ ਉਲਝਿਆ ਚੰਡੀਗੜ੍ਹ, 'ਪਾਵਰਕਾਮ' ਨੇ ਮਦਦ ਦੇਣ ਤੋਂ ਕੀਤੀ ਕੋਰੀ ਨਾਂਹ

ਪੰਜਾਬ ਦੀ ਰਾਜਧਾਨੀ ਅਤੇ ਯੂ. ਟੀ. ਚੰਡੀਗੜ੍ਹ ਬਿਜਲੀ ਸੰਕਟ ਵਿਚ ਉਲਝ ਗਿਆ ਹੈ ਕਿਉਂਕਿ ਇੱਥੇ ਬਿਜਲੀ ਮੁਲਾਜ਼ਮ 72 ਘੰਟਿਆਂ ਦੀ ਹੜਤਾਲ ’ਤੇ ਚਲੇ ਗਏ ਹਨ। ਚੰਡੀਗੜ੍ਹ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ)ਤੋਂ ਇੰਜੀਨੀਅਰ ਤੇ ਮੁਲਾਜ਼ਮਾਂ ਦੀ ਕੀਤੀ ਮੰਗ ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ, ਜੇ. ਈ. ਕੌਂਸਲ ਅਤੇ ਮੁਲਾਜ਼ਮ ਫ਼ਰੰਟ ਨੇ ਠੁਕਰਾ ਦਿੱਤੀ ਹੈ ਅਤੇ ਉਲਟਾ ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।


author

Harnek Seechewal

Content Editor

Related News