ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ
Saturday, Mar 19, 2022 - 10:09 PM (IST)
ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਨਵੀਂ ਕੈਬਨਿਟ ਦੇ 10 ਮੰਤਰੀਆਂ ਨੂੰ ਅੱਜ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਸਹੁੰ ਚੁਕਵਾਈ ਗਈ। ਉਥੇ ਹੀ ਜੇਕਰ ਰੂਸ-ਯੂਕ੍ਰੇਨ ਯੁੱਧ ਦੀ ਗੱਲ ਕਰੀਏ ਤਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਰੂਸ ਨੂੰ ਸਾਜ਼ੋ-ਸਾਮਾਨ ਦੀ ਮਦਦ ਦੇਣ ’ਤੇ ‘ਗੰਭੀਰ ਨਤੀਜੇ’ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਇਹੋ ਜਿਹੀਆਂ ਘਟਨਾਵਾਂ ਸਬੰਧੀ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-
ਭਗਵੰਤ ਮਾਨ ਕੈਬਨਿਟ ਦਾ ਗਠਨ : 10 ਮੰਤਰੀਆਂ ਨੇ ਚੁੱਕੀ ਸਹੁੰ, ਜਾਣੋ ਪੂਰਾ ਵੇਰਵਾ
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਪਹਿਲੇ ਦਸ ਮੰਤਰੀਆਂ ਨੇ ਅੱਜ ਆਪਣੇ ਅਹੁਦੇ ਦੀ ਗੋਪਨੀਅਤਾ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਭਵਨ ਵਿਚ ਭਗਵੰਤ ਮਾਨ ਸਰਕਾਰ ਦੇ 10 ਮੰਤਰੀਆਂ ਨੂੰ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਅਹੁਦੇ ਦੀ ਸਹੁੰ ਚੁਕਵਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਰਹੇ ਜਦੋਂ ਕਿ ਹਰਿਆਣਾ ਦੇ ਰਾਜਪਾਲ ਬੰਗਾਰੂ ਦੱਤਾਤ੍ਰੇਅ ਪਹਿਲੀ ਵਾਰ ਪੰਜਾਬ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਵਿੱਚ ਹਾਜ਼ਰ ਰਹੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾ ਵਿਖੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਚੁੱਕੇ ਹਨ। ਰਾਜਪਾਲ ਭਵਨ ਵਿਚ ਹੋਏ ਸਹੁੰ ਚੁੱਕ ਸਮਾਗਮ ਵਿਚ ਸਭ ਤੋਂ ਪਹਿਲਾਂ ਲਗਾਤਾਰ ਦੂਜੀਵਾਰ ਵਿਧਾਇਕ ਬਣੇ ਹਰਪਾਲ ਚੀਮਾ ਨੇ ਅਹੁਦੇ ਦੀ ਸਹੁੰ ਚੁੱਕੀ। ਡਾ. ਬਲਜੀਤ ਕੌਰ ਨੇ ਦੂਜੇ ਨੰਬਰ, ਹਰਭਜਨ ਸਿੰਘ ਨੇ ਤੀਜੇ ਨੰਬਰ ’ਤੇ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਡਾ. ਵਿਜੇ ਸਿੰਗਲਾ, ਲਾਲ ਚੰਦ ਕਟਾਰੂਚੱਕ, ਮੀਤ ਹੇਅਰ, ਕੁਲਦੀਪ ਧਾਲੀਵਾਲ, ਬ੍ਰਹਮ ਸ਼ੰਕਰ ਜਿੰਪਾ ਅਤੇ ਅਖੀਰ ਵਿਚ ਹਰਜੋਤ ਬੈਂਸ ਨੇ ਕੈਬਨਿਟ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ। ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ 10 ਵਿਧਾਇਕਾਂ ’ਚੋਂ 8 ਆਗੂ ਪਹਿਲੀ ਵਾਰ ਵਿਧਾਇਕ ਬਣੇ ਹਨ।
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)
14 ਮਾਰਚ ਦੀ ਸ਼ਾਮ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਕੌਮਾਂਤਰੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੱਜ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੱਦੀ ਪਿੰਡ ਨੰਗਲ ਅੰਬੀਆਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਜਿੱਥੇ ਕਈ ਖੇਡ ਪ੍ਰੇਮੀਆਂ ਪਹੁੰਚੇ, ਉਥੇ ਹੀ ਕਈ ਮਹਾਨ ਆਗੂ ਵੀ ਮੌਜੂਦ ਰਹੇ। ਅੰਤਿਮ ਸਸਕਾਰ ਤੋਂ ਪਹਿਲਾਂ ਅੱਜ ਸਵੇਰੇ ਸੰਦੀਪ ਨੰਗਲ ਦਾ ਪੋਸਟਮਾਰਮ ਕਰਵਾਇਆ ਗਿਆ ਅਤੇ ਇਸ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਹਵਾਲੇ ਕੀਤੀ ਗਈ।
ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਚਾਰ ਗ੍ਰਿਫ਼ਤਾਰ, ਸਾਹਮਣੇ ਆਇਆ ਕਤਲ ਦਾ ਪੂਰਾ ਸੱਚ
ਪੰਜਾਬ ਪੁਲਸ ਨੇ ਕੌਮਾਂਤਰੀ ਕਬੱਡੀ ਖਿਡਾਰੀ ਦੇ ਕਤਲ ਦੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਇਸ ਕਤਲ ਦੀ ਸਾਜ਼ਿਸ਼ ਰਚਣ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਵੱਡੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਦੱਸਣਯੋਗ ਹੈ ਕਿ 14 ਮਾਰਚ 2022 ਨੂੰ ਸ਼ਾਮ 6 ਵਜੇ ਦੇ ਕਰੀਬ ਜਲੰਧਰ ਜ਼ਿਲ੍ਹੇ ਦੇ ਪਿੰਡ ਮੱਲ੍ਹੀਆਂ ਵਿਚ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਨੇ ਨਾਮਵਰ ਕਬੱਡੀ ਖਿਡਾਰੀ ਸੰਦੀਪ ਸਿੰਘ ਉਰਫ਼ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਫਤਿਹ ਸਿੰਘ ਉਰਫ ਯੁਵਰਾਜ ਵਾਸੀ ਸੰਗਰੂਰ, ਕੌਸ਼ਲ ਚੌਧਰੀ ਵਾਸੀ ਨਾਹਰਪੁਰ ਰੂਪਾ ਗੁਰੂਗ੍ਰਾਮ ਹਰਿਆਣਾ, ਅਮਿਤ ਡਾਗਰ ਵਾਸੀ ਪਿੰਡ ਮਹੇਸ਼ਪੁਰ ਪਲਵਾਂ ਹਰਿਆਣਾ ਦੇ, ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਵਾਸੀ ਪਿੰਡ ਮਾਧੋਪੁਰ ਪੀਲੀਭੀਤ, ਯੂ.ਪੀ. ਵਜੋਂ ਹੋਈ ਹੈ। ਇਹ ਚਾਰੇ ਦੋਸ਼ੀ ਜੋ ਹਿਸਟਰੀਸ਼ੀਟਰ ਹਨ ਅਤੇ 20 ਤੋਂ ਵੱਧ ਅਪਰਾਧਿਕ ਮਾਮਲਿਆਂ ਜਿਨ੍ਹਾਂ ਵਿਚ ਜਿ਼ਆਦਾਤਰ ਕਤਲ ਅਤੇ ਇਰਾਦਾ ਕਤਲ ਦੇ ਕੇਸ ਹਨ, ’ਚ ਲੋੜੀਂਦੇ ਹਨ, ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ।
ਅਹਿਮ ਖ਼ਬਰ : ਅਨਮੋਲ ਰਤਨ ਸਿੱਧੂ ਬਣੇ ਪੰਜਾਬ ਦੇ ਐਡਵੋਕੇਟ ਜਨਰਲ
ਕਾਨੂੰਨੀ ਖੇਤਰ ’ਚ ਇਕ ਮਾਇਨਾਜ਼ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਅਨਮੋਲ ਰਤਨ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਨਸ਼ਿਆਂ ਵਿਰੁੱਧ ਜੰਗ ’ਚ ਆਪਣਾ ਬਣਦਾ ਯੋਗਦਾਨ ਪਾਉਂਦਿਆਂ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਆਪਣੀ ਤਨਖਾਹ ਨਸ਼ਾ ਪੀੜਤ ਲੋਕਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਦਾਨ ਕਰਨ ਦਾ ਵਾਅਦਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਜਨਰਲ ਨੇ ਦੱਸਿਆ ਕਿ ਉਹ ਇਸ ਨੇਕ ਕਾਰਜ ਦੀ ਸ਼ੁਰੂਆਤ ਅੰਮ੍ਰਿਤਸਰ (ਪੂਰਬੀ) ਦੀ ਵਿਧਾਇਕ ਜੀਵਨਜੋਤ ਕੌਰ ਦੀ ਅਗਵਾਈ ’ਚ ਪਿੰਡ ਮਕਬੂਲਪੁਰਾ ਤੋਂ ਕਰਨਗੇ। ਦੱਸਣਯੋਗ ਹੈ ਕਿ ਅਨਮੋਲ ਰਤਨ ਸਿੱਧੂ ਦਾ ਜਨਮ 1 ਮਈ 1958 (ਮਜ਼ਦੂਰ ਦਿਵਸ) ਨੂੰ ਇਕ ਕਿਸਾਨ ਪਰਿਵਾਰ ’ਚ ਹੋਇਆ ਸੀ।
ਅਮਰੀਕਾ ਦੀ ਚੀਨ ਨੂੰ ਚੇਤਾਵਨੀ, ਕਿਹਾ- ਰੂਸ ਨੂੰ ਸਾਜੋ-ਸਾਮਾਨ ਦੀ ਮਦਦ ਦੇਣ ਦੇ ਹੋਣਗੇ 'ਗੰਭੀਰ ਨਤੀਜੇ'
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਯੂਕ੍ਰੇਨ ਦੇ ਸ਼ਹਿਰਾਂ ਅਤੇ ਨਾਗਰਿਕਾਂ 'ਤੇ ਹਮਲਿਆਂ ਦਰਮਿਆਨ ਰੂਸ ਨੂੰ ਸਾਜੋ-ਸਾਮਾਨ ਦੀ ਮਦਦ ਦੇਣ 'ਤੇ 'ਗੰਭੀਰ ਨਤੀਜੇ' ਦੀ ਚੇਤਾਵਨੀ ਦਿੱਤੀ ਹੈ। ਦੋਵਾਂ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਕਰੀਬ 2 ਘੰਟੇ ਤੱਕ ਟੈਲੀਫੋਨ 'ਤੇ ਗੱਲਬਾਤ ਕੀਤੀ। ਗੱਲਬਾਤ ਦਾ ਕੇਂਦਰ ਯੂਕ੍ਰੇਨ 'ਤੇ ਰੂਸੀ ਹਮਲਾ ਸੀ। ਨਵੰਬਰ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਸ਼ਾਇਦ ਇਹ ਪਹਿਲੀ ਗੱਲਬਾਤ ਸੀ।
ਇਟਲੀ ’ਚ ਵਾਪਰੀ ਦਿਲ-ਕੰਬਾਊ ਘਟਨਾ, ਜ਼ਿੰਦਾ ਸੜਿਆ ਪੰਜਾਬੀ ਵਿਅਕਤੀ
ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਬੰਦੇ ਨੂੰ ਦਬੋਚ ਲਵੇ। ਕਈ ਵਾਰ ਤਾਂ ਪ੍ਰਦੇਸਾਂ ’ਚ ਜਿਹੜਾ ਬੰਦਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਰਾਤ ਘਰ ਆ ਕੇ ਖੁਦ ਹੀ ਤਵੇ ਉੱਤੇ ਹੱਥ ਜਾਲ਼ੇ, ਉਸ ਨੂੰ ਵੀ ਰੋਟੀ ਖਾਣ ਦਾ ਹੁਕਮ ਨਹੀਂ ਹੁੰਦਾ ਤੇ ਮੌਤ ਦਾ ਦੈਂਤ ਉਸ ਨੂੰ ਖਾ ਲੈਂਦਾ ਹੈ। ਅਜਿਹਾ ਹੀ ਦਿਲ-ਕੰਬਾਊ ਹਾਦਸਾ ਇਟਲੀ ਦੇ ਜ਼ਿਲ੍ਹੇ ਲਾਤੀਨਾ ਸ਼ਹਿਰ ਸਨ ਫਲੀਚੇ ਦੇ ਖੇਤੀਬਾੜੀ ਵਾਲੇ ਇਲਾਕੇ ’ਚ ਉਦੋਂ ਦੇਖਣ ਨੂੰ ਮਿਲਿਆ, ਜਦੋਂ ਦੋ ਪੰਜਾਬੀ ਸਾਰਾ ਦਿਨ ਖੇਤਾਂ ’ਚ ਕੰਮ ਕਰਨ ਉਪੰਰਤ ਘਰ ਆ ਕੇ ਰੋਟੀ ਬਣਾਉਣ ਲੱਗੇ ਤਾਂ ਉਨ੍ਹਾਂ ਦੇ ਘਰ ’ਚ ਠੰਡ ਤੋਂ ਬਚਣ ਲਈ ਕਮਰੇ ਨੂੰ ਨਿੱਘਾ ਕਰਨ ਲਈ ਲੱਗੇ ਹੀਟਰ ਨਾਲ ਕਮਰੇ ਨੂੰ ਅੱਗ ਲੱਗ ਗਈ, ਜਿਸ ’ਚ ਇਕ ਪੰਜਾਬੀ ਨੌਜਵਾਨ ਦੀ ਮੌਤ ਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।