ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ
Friday, Mar 18, 2022 - 09:30 PM (IST)
ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਦੀ ਨਵੀਂ ਕੈਬਨਿਟ ’ਚ 10 ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੈਬਨਿਟ 'ਚ ਲਏ ਗਏ ਇਹ 10 ਵਿਧਾਇਕ 19 ਮਾਰਚ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣਗੇ। ਉਥੇ ਹੀ ਜੇਕਰ ਰੂਸ-ਯੂਕ੍ਰੇਨ ਯੁੱਧ ਦੀ ਗੱਲ ਕਰੀਏ ਤਾਂ ਯੂਰਪੀਅਨ ਸਿਆਸਤਦਾਨਾਂ ਨੇ 2022 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਲਈ ਅੱਜ ਯੂਕ੍ਰੇਨ ਦੇ ਵੋਲੋਦੀਮਿਰ ਜ਼ੇਲੇਂਸਕੀ ਨੂੰ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਦੀ ਬੇਨਤੀ ਕੀਤੀ। ਇਹੋ ਜਿਹੀਆਂ ਘਟਨਾਵਾਂ ਸਬੰਧੀ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-
ਵੱਡੀ ਖ਼ਬਰ : ‘ਆਪ’ ਸਰਕਾਰ ਦੇ 10 ਕੈਬਨਿਟ ਮੰਤਰੀ ਭਲਕੇ ਚੁੱਕਣਗੇ ਸਹੁੰ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਅੱਜ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੀ ਕੈਬਨਿਟ ’ਚ 10 ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੈਬਨਿਟ ਵਿਚ ਲਏ ਗਏ ਇਹ 10 ਵਿਧਾਇਕ 19 ਮਾਰਚ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣਗੇ।
ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਹੋਲਾ-ਮਹੱਲਾ ਵੇਖਣ ਆਈ ਔਰਤ ਨਾਲ ਗੱਡੀ ’ਚ ਗੈਂਗਰੇਪ
ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਆਈ ਇਕ ਔਰਤ ਨਾਲ ਪੰਜ ਲੜਕਿਆਂ ਵੱਲੋਂ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੰਘੀ 16 ਮਾਰਚ ਨੂੰ ਨਵਾਂਸ਼ਹਿਰ ਦੇ ਨਜ਼ਦੀਕ ਖੜਕੜ ਕਲਾਂ ਵਿਖੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੱਖੇ ਸਹੁੰ ਚੁੱਕ ਸਮਾਗਮ ਸਬੰਧੀ ਬੰਗਾ ਪੁਲਸ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬੈਰੀਕੇਡਿੰਗ ਕੀਤੀ ਹੋਈ ਸੀ ਕਿ ਇੰਨੇ ਨੂੰ ਸ੍ਰੀ ਅਨੰਦਪੁਰ ਸਾਹਿਬ ਸਾਈਡ ਤੋਂ ਆਈ ਇਕ ਤੇਜ਼ ਰਫ਼ਤਾਰ ਗੱਡੀ ਵੱਲੋਂ ਬੈਰੀਕੇਟਿੰਗ ਤੋੜ ਕੇ ਲੰਘਣ ਦੀ ਕੋਸ਼ਿਸ਼ ਕੀਤੀ ਗਈ।
ਟਾਂਡਾ ਗਊ ਕਤਲਕਾਂਡ ’ਚ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਦੋ ਮੁੱਖ ਦੋਸ਼ੀ UP ’ਚੋਂ ਗ੍ਰਿਫ਼ਤਾਰ
ਟਾਂਡਾ ’ਚ ਬੀਤੇ ਦਿਨੀਂ ਹੋਏ ਗਊ ਕਤਲਕਾਂਡ ਦੇ ਦੋ ਮੁੱਖ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕਰ ਲਈ ਹੈ। ਜ਼ਿਲ੍ਹਾ ਪੁਲਸ ਮੁਖੀ ਧਰੁਮਨ ਐੱਚ. ਨਿੰਬਲੇ ਨੇ ਦੱਸਿਆ ਕਿ ਕਤਲਕਾਂਡ ਤੋਂ ਬਾਅਦ ਗਠਿਤ ਵਿਸ਼ੇਸ਼ ਟੀਮ ਨੇ ਕਲੀਅਰ ਸ਼ਰੀਫ ਉੱਤਰ ਪ੍ਰਦੇਸ਼ ਤੋਂ ਇਸ ਕੇਸ ਨਾਲ ਸੰਬੰਧਿਤ ਮੁੱਖ ਦੋਸ਼ੀ ਇਰਸ਼ਾਦ ਖਾਨ ਪੁੱਤਰ ਨਵਾਬ ਖਾਨ ਵਾਸੀ ਮਾਣੂੰਕੇ ਨਿਹਾਲ ਸਿੰਘ ਵਾਲਾ ਅਤੇ ਫਰਿਆਦ ਪੁੱਤਰ ਬਰਕਤ ਅਲੀ ਵਾਸੀ ਖੱਖ (ਟਾਂਡਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਭਗਵੰਤ ਮਾਨ ਨੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਕਰੋੜਾਂ ਦਾ ਮੁਆਵਜ਼ਾ ਕੀਤਾ ਜਾਰੀ
ਪੰਜਾਬ ਦੀ ਸੱਤਾ ’ਚ ਆਉਂਦੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਐਕਸ਼ਨ ’ਚ ਦਿੱਸ ਰਹੀ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਮਗਰੋਂ ਕਿਸਾਨਾਂ ਲਈ ਹੋਲੀ ਦੇ ਤਿਉਹਾਰ ਦੇ ਮੌਕੇ ’ਤੇ ਵੱਡਾ ਐਲਾਨ ਕੀਤਾ ਹੈ। ਕਿਸਾਨਾਂ ਲਈ ਵੱਡਾ ਫ਼ੈਸਲਾ ਲੈਂਦੇ ਹੋਏ ਭਗਵੰਤ ਮਾਨ ਨੇ ਕਿਸਾਨਾਂ ਦੀ ਨਰਮੇ ਦੀ ਖ਼ਰਾਬ ਹੋਈ ਫ਼ਸਲ ਦਾ ਰਹਿੰਦਾ ਕਰੋੜਾਂ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਹੈ।
ਰੂਸ ਨੂੰ ਝਟਕਾ, ਜ਼ੇਲੇਂਸਕੀ ਨੂੰ 'ਨੋਬਲ ਸ਼ਾਂਤੀ ਪੁਰਸਕਾਰ' ਲਈ ਕੀਤਾ ਗਿਆ ਨਾਮਜ਼ਦ
ਕਈ ਮੌਜੂਦਾ ਅਤੇ ਸਾਬਕਾ ਯੂਰਪੀਅਨ ਸਿਆਸਤਦਾਨਾਂ ਨੇ ਨਾਰਵੇਈ ਨੋਬਲ ਕਮੇਟੀ ਨੂੰ ਸੰਬੋਧਿਤ ਕਰਦੇ ਹੋਏ 2022 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਲਈ ਯੂਕ੍ਰੇਨ ਦੇ ਵੋਲੋਡੀਮਿਰ ਜ਼ੇਲੇਂਸਕੀ ਨੂੰ ਨਾਮਜ਼ਦ ਕਰਨ ਦੀ ਬੇਨਤੀ ਕੀਤੀ ਅਤੇ ਇਸ ਕਾਰਨ ਨਾਮਜ਼ਦਗੀ ਪ੍ਰਕਿਰਿਆ ਨੂੰ 31 ਮਾਰਚ ਤੱਕ ਵਧਾ ਦਿੱਤਾ। 11 ਮਾਰਚ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਲਈ ਅਸੀਂ ਨਿਮਰਤਾ ਨਾਲ ਤੁਹਾਨੂੰ, ਕਮੇਟੀ ਨੂੰ ਇਸ 'ਤੇ ਵਿਚਾਰ ਕਰਨ ਲਈ ਕਹਿੰਦੇ ਹਾਂ।