'ਆਪ' ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ 'ਤੇ ਦਲਜੀਤ ਚੀਮਾ ਨੇ ਲਈ ਚੁਟਕੀ

Friday, Nov 12, 2021 - 04:22 PM (IST)

'ਆਪ' ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ 'ਤੇ ਦਲਜੀਤ ਚੀਮਾ ਨੇ ਲਈ ਚੁਟਕੀ

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ.ਦਲਜੀਤ ਚੀਮਾ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਿਸ ਤਰੀਕੇ 'ਆਪ' ਦੇ ਵਿਧਾਇਕ ਬੋਰੀਆ-ਬਿਸਤਰ ਚੁੱਕ ਕੇ ਭੱਜਣੇ ਸ਼ੁਰੂ ਹੋ ਗਏ ਹਨ, ਉਸ ਨੂੰ ਵੇਖਦਿਆਂ ਪਾਰਟੀ ਨੂੰ ਕਾਹਲੀ 'ਚ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਪਈ।ਚੀਮਾ ਨੇ ਕਿਹਾ ਕਿ ਮੈਨੂੰ ਹਾਲੇ ਵੀ ਸ਼ੱਕ ਹੈ ਕਿ 'ਆਪ' ਵੱਲੋਂ ਟਿਕਟਾਂ ਲੈ ਕੇ ਵੀ ਕਈ ਵਿਧਾਇਕ ਭੱਜ ਸਕਦੇ ਹਨ।

ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਖ਼ੁਲਾਸਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਪੰਜਾਬ ਸਰਕਾਰ ਦੀਆਂ ਬੱਸਾਂ (ਵੀਡੀਓ)

ਅੱਜ ਇੱਥੇ ਇਕ ਵੀਡੀਓ ਬਿਆਨ ਜਾਰੀ ਕਰਦਿਆਂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਮੀਦਵਾਰਾਂ ਦੀ ਸੂਚੀ ਜਾਰੀ ਕਰਨਾ ਕਿਸੇ ਵੀ ਪਾਰਟੀ ਦਾ ਸੰਵਿਧਾਨਕ ਹੱਕ ਹੈ ਪਰ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਨੇ ਕਾਹਲੀ ਵਿੱਚ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਉਸ ਤੋਂ ਪਤਾ ਚੱਲਦਾ ਹੈ ਕਿ 'ਆਪ' ਵਿਧਾਇਕਾਂ ਦੇ ਹੋਰਾਂ ਪਾਰਟੀਆਂ 'ਚ ਜਾਣ ਤੋਂ ਘਬਰਾਈ ਆਮ ਆਦਮੀ ਪਾਰਟੀ ਨੂੰ ਮਜਬੂਰਨ ਇਹ ਫ਼ੈਸਲਾ ਲੈਣਾ ਪਿਆ ਹੈ।ਚੀਮਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ 'ਆਪ' ਨੇ ਜਿਨ੍ਹਾਂ ਨੂੰ ਉਮੀਦਵਾਰ ਐਲਾਨ ਵੀ ਦਿੱਤਾ ਹੈ ਉਨ੍ਹਾਂ ਵਿੱਚੋਂ ਵੀ ਕੁਝ ਉਮੀਦਵਾਰ ਹੋਰ ਪਾਰਟੀਆਂ ਵੱਲ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਉਮੀਦਵਾਰ ਹੋਰ ਪਾਰਟੀਆਂ 'ਚ ਨਾ ਗਏ ਤਾਂ ਉਨ੍ਹਾਂ ਦੀ ਜਗ੍ਹਾ ਉਹ ਵਿਅਕਤੀ ਜਾਣਗੇ ਜਿਨ੍ਹਾਂ ਦੇ ਇਨ੍ਹਾਂ ਨੇ ਪੈਸੇ ਖ਼ਰਚਾਏ ਹੋਏ ਹਨ। ਦਲਜੀਤ ਚੀਮਾ ਨੇ 'ਆਪ' 'ਤੇ ਚੁਟਕੀ ਲੈਂਦੇ ਕਿਹਾ ਕਿ 'ਜਾਂ ਟਾਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ, ਇਹ ਪਾਰਟੀ ਹੁਣ ਬਚਦੀ ਨਹੀਂ।' 

ਇਹ ਵੀ ਪੜ੍ਹੋ: ਮਜੀਠੀਆ ਦੀ ਮੁੱਖ ਮੰਤਰੀ ਚੰਨੀ ਨੂੰ ਚੁਣੌਤੀ, ਕਿਹਾ-ਕਿਸੇ ਵੀ ਗ਼ਲਤ ਕੰਮ ਦਾ ਦੇਣ ਸਬੂਤ

ਜ਼ਿਕਰਯੋਗ ਹੈ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਹਿਲੀ ਸੂਚੀ ਵਿਚ 10 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਲਟੀ ਵਲੋਂ ਜਾਰੀ ਕੀਤੀ ਸੂਚੀ ਮੁਤਾਬਕ ਗੜ੍ਹਸ਼ੰਕਰ ਤੋਂ ਜੈ ਕਿਸ਼ਨ ਰੌੜੀ, ਜਗਰਾਓਂ ਤੋਂ ਸਰਵਜੀਤ ਕੌਰ ਮਾਣੂੰਕੇ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਬਿਲਾਸਪੁਰ, ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਬੁਢਲਾਢਾ ਤੋਂ ਪ੍ਰਿੰਸੀਪਲ ਬੁੱਧਰਾਮ, ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਅਮਨ ਅਰੋੜਾ, ਬਰਨਾਲਾ ਤੋਂ ਗੁਰਮੀਤ ਸਿੰਘ ‘ਮੀਤ’ ਹੇਅਰ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਨੋਟ  : ਦਲਜੀਤ ਚੀਮਾ ਦੀ ਇਸ ਪ੍ਰਤੀਕਿਰਿਆ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News