ਲੋਕਾਂ ਦੀ ਸਹੂਲਤ ਲਈ ਚਲਾਈਆਂ ਜਾਣਗੀਆਂ ਨਵੀਆਂ ਸਰਕਾਰੀ ਬੱਸਾਂ : ਰਜ਼ੀਆ ਸੁਲਤਾਨਾ

09/30/2019 6:00:36 PM

ਫਤਹਿਗੜ੍ਹ ਸਾਹਿਬ (ਜਗਦੇਵ) - ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਨਵੀਆਂ ਸਰਕਾਰੀ ਬੱਸਾਂ ਚਲਾਏਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ, ਪੰਜਾਬ ਸ਼੍ਰੀਮਤੀ ਰਜ਼ੀਆ ਸੁਲਤਾਨਾ ਵਲੋਂ ਫਤਹਿਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਰੂਟ 'ਤੇ ਬੱਸਾਂ ਨਹੀਂ ਚਲ ਰਹੀਆਂ, ਉਸ ਜਗ੍ਹਾ 'ਤੇ ਸਰਕਾਰ ਵਲੋਂ ਬੱਸਾਂ ਚਲਾਉਣ ਲਈ ਪਲਾਨ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਦਿੱਲੀ ਸਥਿਤ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਦੀਆਂ ਸਰਕਾਰੀ ਬੱਸਾਂ ਪੁੱਜਣੀਆਂ ਯਕੀਨੀ ਬਣਾਉਣ ਦੇ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸ਼੍ਰੀਮਤੀ ਰਜ਼ੀਆ ਸੁਲਤਾਨਾ ਅੱਜ ਸਰਹਿੰਦ ਕੌਮੀ ਮਾਰਗ 'ਤੇ ਅਨਾਜ ਮੰਡੀ ਨੇੜੇ 3.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਦਾ ਉਦਘਾਟਨ ਕਰਨ ਆਏ ਸਨ।

PunjabKesari

ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਬੱਸਾਂ ਨੂੰ ਅਜਿਹੀ ਅਤਿ ਆਧੁਨਿਕ ਪ੍ਰਣਾਲੀ ਨਾਲ ਲੈਸ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੋਕੇਸ਼ਨ ਅਤੇ ਰਫਤਾਰ ਟਰੇਸ ਹੋ ਸਕੇ।ਇਸ ਮੌਕੇ ਉਨ੍ਹਾਂ ਨੇ ਨਵੇਂ ਬੱਸ ਸਟੈਂਡ ਤੋਂ ਬੱਸਾਂ ਚੱਲਣ ਦੀ ਸ਼ੁਰੂਆਤ ਚੰਡੀਗੜ੍ਹ ਜਾਣ ਵਾਲੀ ਪੀ.ਆਰ.ਟੀ.ਸੀ. ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤੀ। ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਬੱਸ ਸਟੈਂਡ 'ਚ 08 ਕਾਊਂਟਰਾਂ ਦੇ ਨਾਲ-ਨਾਲ ਦੁਕਾਨਾਂ ਵੀ ਬਣਾਈਆਂ ਗਈਆਂ ਹਨ। ਆਮ ਪਖਾਨਿਆਂ ਦੇ ਨਾਲ-ਨਾਲ ਵਿਲੱਖਣ ਸਮਰੱਥਾ ਵਾਲੇ ਲੋਕਾਂ ਲਈ ਵਿਸ਼ੇਸ਼ ਪਖਾਨੇ ਬਣਾਏ ਗਏ ਹਨ। ਬੱਸ ਸਟੈਂਡ ਅੰਦਰ ਪੀਣ ਵਾਲੇ ਪਾਣੀ ਅਤੇ ਪੱਖਿਆਂ ਆਦਿ ਦੇ ਵੀ ਉਚੇਚੇ ਤੌਰ 'ਤੇ ਪ੍ਰਬੰਧ ਕੀਤੇ ਗਏ ਹਨ। ਬੱਸ ਸਟੈਂਡ ਦੇ ਉਦਘਾਟਨ ਸਮਾਗਮ 'ਚ ਸੰਸਦ ਮੈਂਬਰ ਡਾ. ਅਮਰ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਚੇਅਰਮੈਨ ਕੇ.ਕੇ. ਸ਼ਰਮਾ, ਡੀ.ਸੀ ਪ੍ਰਸ਼ਾਂਤ ਕੁਮਾਰ ਗੋਇਲ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


rajwinder kaur

Content Editor

Related News