ਕੱਚਾ ਮਾਲ ਨਾ ਮਿਲਣ ਨਾਲ ਜੇਲ ਫੈਕਟਰੀ ''ਚ ਨਮਕੀਨ ਯੂਨਿਟ ਬੰਦ
Friday, Jul 20, 2018 - 02:33 PM (IST)

ਲੁਧਿਆਣਾ (ਸਲੂਜਾ) : ਤਾਜਪੁਰ ਰੋਡ, ਕੇਂਦਰੀ ਜੇਲ ਤੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜੇਲ 'ਚ ਵੱਖ-ਵੱਖ ਮਾਮਲਿਆਂ ਤਹਿਤ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਸੁਧਾਰਨ ਲਈ ਅਨੇਕਾਂ ਪ੍ਰਾਜੈਕਟ ਵਿਚਾਰ ਅਧੀਨ ਹਨ। ਇਸ ਤੋਂ ਇਲਾਵਾ ਇਨ੍ਹਾਂ ਕੈਦੀਆਂ ਅੰਦਰ ਮੌਜੂਦ ਹੁਨਰ ਦੀ ਵਰਤੋਂ ਕਰਨ ਲਈ ਜੇਲ ਅੰਦਰ ਸਥਿਤ ਫੈਕਟਰੀ 'ਚ ਵੱਖ-ਵੱਖ ਯੂਨਿਟਾਂ 'ਚ ਉਨ੍ਹਾਂ ਨੂੰ ਮਿਹਨਤ ਦੇ ਰੂਪ 'ਚ ਕੰਮ 'ਤੇ ਲਾਇਆ ਗਿਆ ਹੈ ਅਤੇ ਉਕਤ ਫੈਕਟਰੀ ਤੋਂ ਹੋਣ ਵਾਲੇ ਉਤਪਾਦਨ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ 'ਚ ਭੇਜ ਦਿੱਤਾ ਜਾਂਦਾ ਹੈ।
ਪਿਛਲੇ ਕੁਝ ਸਮੇਂ ਤੋਂ ਫੰਡ ਨਾ ਆਉਣ ਕਾਰਨ ਉਕਤ ਫੈਕਟਰੀ ਦੇ ਕੁਝ ਯੂਨਿਟ ਬੰਦ ਪਏ ਹਨ ਪਰ ਨਮਕੀਨ ਦੀ ਮਸ਼ੀਨ ਲਈ ਕੱਚਾ ਮਾਲ ਨਾ ਮਿਲਣ ਨਾਲ ਉਤਪਾਦਨ ਨਹੀਂ ਹੋ ਰਿਹਾ। ਇਸ ਵਿਸ਼ੇ 'ਚ ਉਨ੍ਹਾਂ ਨੇ ਆਪਣੇ ਸੀਨੀਅਰ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜ ਦਿੱਤਾ ਹੈ।
ਬੋਪਾਰਾਏ ਨੇ ਆਸ ਜ਼ਾਹਰ ਕੀਤੀ ਕਿ ਜਲਦੀ ਹੀ ਹੋਰ ਯੂਨਿਟ ਤੋਂ ਕੱਚਾ ਮਾਲ ਮਿਲਣ 'ਤੇ ਉਤਪਾਦਨ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕੁਝ ਵਪਾਰੀਆਂ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਜੇਲ 'ਚ ਕੈਦੀਆਂ ਵਲੋਂ ਉਤਪਾਦਕ ਮਾਲ 'ਚ ਦਿਲਚਸਪੀ ਦਿਖਾਈ ਹੈ। ਇਸ ਵਿਸ਼ੇ 'ਚ ਵੀ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਲ ਅੰਦਰ ਬਿਸਕੁਟ, ਸਾਬਣ, ਫਰਨੈਲ, ਟਾਟ, ਟੈਕਸਟਾਈਲ ਦਾ ਕੰਮ ਚੱਲ ਵੀ ਰਿਹਾ ਹੈ।