ਕਾਂਗਰਸ ਦਾ ''ਹੱਥ'' ਛੱਡ ਕੇ ਭਾਜਪਾ ''ਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਦਾ ਪਹਿਲਾ ਬਿਆਨ ਆਇਆ ਸਾਹਮਣੇ
Wednesday, Mar 27, 2024 - 01:26 AM (IST)
ਜਲੰਧਰ (ਵੈੱਬਡੈਸਕ)- ਅੱਜ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਲੁਧਿਆਣਾ ਤੋਂ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ। ਇਸ ਦੌਰਾਨ ਰਵਨੀਤ ਬਿੱਟੂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਦੇ ਨਾਲ ਵੀ ਮੁਲਾਕਾਤ ਕੀਤੀ।
ਇਸ ਦੌਰਾਨ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦਾ ਲੜ ਫੜ ਲਿਆ ਹੈ ? ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਜਾਂ ਕਾਂਗਰਸ ਦੀ ਲੀਡਰਸ਼ਿਪ ਨਾਲ ਕੋਈ ਪਰੇਸ਼ਾਨੀ ਨਹੀਂ ਹੈ। ਉਹ ਪਿਛਲੇ ਕਰੀਬ 5 ਸਾਲ ਤੋਂ ਇਸ ਬਾਰੇ ਸੋਚ ਰਹੇ ਹਨ ਕਿ ਉਹ ਚੋਣਾਂ ਜਿੱਤ ਕੇ ਮੈਂਬਰ ਪਾਰਲੀਮੈਂਟ ਤਾਂ ਬਣ ਜਾਂਦੇ ਹਨ, ਪਰ ਉਨ੍ਹਾਂ ਕੋਲ ਨਾਅਰੇਬਾਜ਼ੀ ਕਰਨ ਦੇ ਇਲਾਵਾ ਹੋਰ ਕੋਈ ਰਾਹ ਨਹੀਂ ਹੁੰਦਾ। ਸਿਰਫ਼ ਐੱਮ.ਪੀ. ਬਣਨ ਨਾਲ ਹੀ ਕੋਈ ਕੰਮ ਨਹੀਂ ਹੋ ਸਕਦਾ, ਇਸ ਦੇ ਲਈ ਪਾਰਲੀਮੈਂਟ 'ਚ ਮੁੱਦੇ ਉਠਾਉਣੇ ਪੈਂਦੇ ਹਨ ਤਾਂ ਜੋ ਸੂਬੇ ਅਤੇ ਦੇਸ਼ ਦਾ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣਾਂ ਦੀ ਗੱਲ ਹੈ ਤਾਂ ਉਹ ਪਹਿਲਾਂ ਵੀ ਐੱਮ.ਪੀ. ਦੀਆਂ ਚੋਣਾਂ ਜਿੱਤ ਚੁੱਕੇ ਹਨ, ਤੇ ਸ਼ਾਇਦ ਇਸ ਵਾਰ ਵੀ ਜਿੱਤ ਜਾਂਦੇ। ਪਰ ਉਹ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਭਾਜਪਾ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਕਿਸਾਨ ਅੰਦੋਲਨ ਦੌਰਾਨ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਤਾਂ ਸਰਕਾਰ ਦੇ ਬੁਲਾਰਿਆਂ ਤੇ ਮੰਤਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਰਕਾਰ ਕਿਸਾਨਾਂ ਅਤੇ ਪੰਜਾਬ ਦੇ ਵਿਕਾਸ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਅਕਾਲੀ ਦਲ-ਭਾਜਪਾ ਦਾ ਗਠਜੋੜ ਸੀ ਤਾਂ ਅਕਾਲੀ ਦਲ ਨੇ ਹੀ ਖੇਤੀਬਾੜੀ ਬਿੱਲ ਲਿਆਉਣ ਦੀ ਸਲਾਹ ਦਿੱਤੀ ਸੀ ਤੇ ਜਦੋਂ ਉਹ ਬਿੱਲ ਲਿਆਂਦੇ ਗਏ ਤਾਂ ਉਹ ਖੁਦ ਗਠਜੋੜ ਤੋੜ ਕੇ ਇਸ ਦਾ ਵਿਰੋਧ ਕਰਨ ਲੱਗ ਪਏ।
ਇਹ ਵੀ ਪੜ੍ਹੋ- ਹੋਲੀ ਵਾਲੇ ਦਿਨ ਮਾਲਕ ਨੇ ਛੁੱਟੀ ਦੇਣ ਤੋਂ ਕੀਤਾ ਇਨਕਾਰ, ਗੁੱਸੇ 'ਚ ਆਏ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ (ਵੀਡੀਓ
ਇਸ ਤੋਂ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਹਰ ਚੈਨਲ 'ਤੇ ਦਿਖਾਇਆ ਜਾ ਰਿਹਾ ਹੈ ਕਿ ਕੇਂਦਰ 'ਚ ਮੁੜ ਮੋਦੀ ਸਰਕਾਰ ਬਣਾਉਣ ਵਾਲੇ ਹਨ। ਭਾਜਪਾ ਦੀਆਂ ਚੋਣਾਂ ਜਿੱਤਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹੈ, ਜਿਸ ਕਾਰਨ ਕਈ ਸੂਬਿਆਂ 'ਚ ਮੁੜ 'ਡਬਲ ਇੰਜਣ' ਸਰਕਾਰ ਬਣਨ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਬਾਕੀ ਸੂਬਿਆਂ ਦੇ ਕਿਸਾਨ ਤਰੱਕੀ ਕਰ ਰਹੇ ਹਨ ਤਾਂ ਪੰਜਾਬ ਦੇ ਕਿਸਾਨ ਕਿਉਂ ਖ਼ੁਦਕੁਸ਼ੀਆਂ ਕਰਨ ਜਾਂ ਧਰਨੇ ਦੇਣ। ਇਸੇ ਕਾਰਨ ਉਨ੍ਹਾਂ ਭਾਜਪਾ 'ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਉਹ ਸਰਕਾਰ ਅਤੇ ਕਿਸਾਨਾਂ ਵਿਚਾਲੇ ਪੁਲ ਦਾ ਕੰਮ ਕਰ ਸਕਣ ਤੇ ਪੰਜਾਬ ਦੇ ਕਿਸਾਨ ਵੀ ਦੇਸ਼ ਦੇ ਬਾਕੀ ਸੂਬਿਆਂ ਵਾਂਗ ਤਰੱਕੀ ਕਰ ਸਕਣ।
ਉਨ੍ਹਾਂ ਅੱਗੇ ਕਿਹਾ ਕਿ 4 ਜੂਨ ਨੂੰ ਚੋਣਾਂ ਦੇ ਨਤੀਜੇ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਕਿਸਾਨਾਂ ਦੇ ਮੁੱਦੇ ਹੀ ਸਰਕਾਰ ਅੱਗੇ ਰੱਖਣਗੇ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ, ਪੰਜਾਬ ਦੇ ਉਦਯੋਗ ਨੂੰ ਅੱਗੇ ਵਧਣ ਲਈ ਲੋੜੀਂਦੀ ਮਦਦ ਕੀਤੀ ਜਾਵੇ, ਨਸ਼ੇ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ 'ਚ ਰਹਿ ਕੇ ਉਹ ਛੋਟੇ-ਮੋਟੇ ਮਸਲੇ ਤਾਂ ਹੱਲ ਕਰ ਸਕਦੇ ਹਨ, ਪਰ ਵੱਡੇ ਮਸਲੇ ਜਿਵੇਂ ਕਿਸਾਨਾਂ ਦੀਆਂ ਮੰਗਾਂ ਅਤੇ ਐੱਮ.ਐੱਸ.ਪੀ. ਆਦਿ ਨੂੰ ਹੱਲ ਕਰਨ ਲਈ ਉਨ੍ਹਾਂ ਨੂੰ ਸਰਕਾਰ ਦੇ ਸਹਿਯੋਗ ਦੀ ਲੋੜ ਹੈ।
ਕਾਂਗਰਸ ਪਾਰਟੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਬਹੁਤ ਵੱਡੀ ਤੇ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਹਾਈਕਮਾਨ ਵੱਲੋਂ ਪੰਜਾਬ ਪ੍ਰਧਾਨ ਦੀ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਉਹ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ। ਪੰਜਾਬ ਕਾਂਗਰਸ ਪਾਰਟੀ ਦੇ ਸਾਰੇ ਆਗੂ ਬਹੁਤ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਮੈਂਬਕ ਦੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਕੋਈ ਬਹੁਤਾ ਫ਼ਰਕ ਨਹੀਂ ਪਵੇਗਾ। ਉਹ ਸਰਕਾਰ 'ਚ ਰਹਿ ਕੇ ਪੰਜਾਬ ਦੇ ਵਿਕਾਸ ਲਈ ਲਗਾਤਾਰ ਕਦਮ ਚੁੱਕਣਗੇ ਤਾਂ ਜੋ ਸੂਬੇ ਦਾ ਕਿਸਾਨ ਤੇ ਹਰ ਨਾਗਰਿਕ ਖੁਸ਼ਹਾਲ ਜੀਵਨ ਬਤੀਤ ਕਰ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e