ਰਵਨੀਤ ਬਿੱਟੂ ਨੇ ਸੰਸਦ ''ਚ ਚੁੱਕਿਆ ''ਸਰਬਜੀਤ'' ਦਾ ਮਾਮਲਾ

Saturday, Jun 22, 2019 - 10:41 AM (IST)

ਰਵਨੀਤ ਬਿੱਟੂ ਨੇ ਸੰਸਦ ''ਚ ਚੁੱਕਿਆ ''ਸਰਬਜੀਤ'' ਦਾ ਮਾਮਲਾ

ਸਿੱਧਵਾਂ ਬੇਟ (ਚਾਹਲ) : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਅੰਦਰ ਦਿੱਲੀ ਪੁਲਸ ਦੀ ਬੇਰਹਿਮੀ ਨਾਲ ਕੁੱਟ-ਮਾਰ ਦਾ ਸ਼ਿਕਾਰ ਹੋਏ ਟੈਂਪੂ ਚਾਲਕ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਬਲਵੰਤ ਸਿੰਘ ਦਾ ਮਾਮਲਾ ਉਂਠਾਦਿਆਂ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਦਰਜ ਮੁਕੱਦਮੇ ਵਿਚ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਧਰਾਵਾਂ ਜੋੜ ਕੇ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਮਾਮਲਾ ਦਿੱਲੀ ਪੁਲਸ ਵੱਲੋਂ ਸਰਬਜੀਤ ਕੋਲੋਂ ਰਿਸ਼ਵਤ ਮੰਗਣ ਨਾਲ ਸ਼ੁਰੂ ਹੋਇਆ, ਜਿਸ ਨੂੰ ਦੇਣ ਤੋਂ ਮਨ੍ਹਾ ਕਰਨ 'ਤੇ ਦਿੱਲੀ ਪੁਲਸ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਪਿਓ-ਪੁੱਤ ਨਾਲ ਅਣ-ਮਨੁੱਖੀ ਵਿਵਹਾਰ ਕਰ ਕੇ ਜਾਨਵਰਾਂ ਵਾਂਗ ਬੇਤਹਾਸ਼ਾ ਕੁੱਟ-ਮਾਰ ਕੀਤੀ, ਉਨ੍ਹਾਂ ਦੀ ਪੱਗੜੀ ਉਤਾਰ ਕੇ ਕੇਸਾਂ ਤੋਂ ਫੜ੍ਹ ਕੇ ਸੜਕ 'ਤੇ ਬੁਰੀ ਤਰ੍ਹਾਂ ਘੜੀਸਿਆ ਗਿਆ। ਬਿੱਟੂ ਨੇ ਕਿਹਾ ਕਿ ਦਿੱਲੀ ਪੁਲਸ ਜੋ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਆਉਂਦੀ ਹੈ।

ਉਨ੍ਹਾਂ ਨੇ ਆਤਮ ਰੱਖਿਆ ਲਈ ਕ੍ਰਿਪਾਨ ਕੱਢਣ ਦੇ ਦੋਸ਼ ਵਿਚ ਸਰਬਜੀਤ ਤੇ ਉਸ ਦੇ ਬੇਟੇ ਖਿਲਾਫ ਤਾਂ ਸਖਤ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ, ਜਦ ਕਿ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਦਰਜ ਮੁਕੱਦਮੇ ਵਿਚ ਅਜੇ ਤਕ ਧਾਰਾ 295-ਏ ਵੀ ਨਹੀਂ ਲਗਾਈ, ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਅੰਦਰ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਘੱਟ ਗਿਣਤੀ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਲਈ ਗਿਣੀ-ਮਿੱਥੀ ਸਾਜਿਸ਼ ਤਹਿਤ ਦੇਸ਼ ਅੰਦਰ ਸਿੱਖਾਂ ਤੇ ਹਮਲੇ ਕਰਵਾਏ ਜਾ ਰਹੇ ਹਨ। ਇਸ ਸਮੇਂ ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਸਰਬਜੀਤ ਦਾ ਮਾਮਲਾ ਲੋਕ ਸਭਾ ਅੰਦਰ ਨਾ ਉਠਾਏ ਜਾਣ ਦੀ ਵੀ ਨਿੰਦਾ ਕੀਤੀ।


author

Babita

Content Editor

Related News