ਜਗਬਾਣੀ ਸਾਹਿਤ ਵਿਸ਼ੇਸ਼ : ਚੁੱਪ ਦੀ ਬੁੱਕਲ ਰਵਿੰਦਰ ਭੱਠਲ

04/28/2020 2:56:26 PM

ਨਵਦੀਪ ਸਿੰਘ ਗਿੱਲ

ਪ੍ਰੋ. ਰਵਿੰਦਰ ਭੱਠਲ ਚੁੱਪ ਦੀ ਬੁੱਕਲ ਹੈ, ਜੋ ਚੁੱਪ ਰਹਿਣ ਦੇ ਆਦੀ ਹਨ। ਉਹ ਆਪਣਾ ਕੰਮ ਚੁੱਪ-ਚੁਪੀਤੇ ਕਰਨ ਵਾਲੇ ਹਨ। ਉਹ ਬਰਨਾਲਾ ਦੇ ਸਾਹਿਤਕਾਰਾਂ ਦੀ ਪੱਗ ਦਾ ਉਹ 'ਸਿਖਰਲਾ ਲੜ' ਹੈ, ਜਿਸ ਉਤੇ ਮਾਲਵੇ ਦੀ ਇਸ ਸਾਹਿਤਕ ਰਾਜਧਾਨੀ ਦੇ ਹਰ ਬਾਸ਼ਿੰਦੇ ਨੂੰ ਮਾਣ ਹੈ। ਉਹ ਸਚਿਆਰਾ ਅਧਿਆਪਕ, ਸੁਹਿਰਦ ਕਵੀ ਤੇ ਸਾਊ ਪ੍ਰਧਾਨ ਹੈ। ਬਰਨਾਲੇ ਦੀ ਸਾਹਿਤਕ ਲਹਿਰ ਨੂੰ ਅੱਗੇ ਤੋਰਦਿਆਂ ਉਨ੍ਹਾਂ ਨੇ ਓਮ ਪ੍ਰਕਾਸ਼ ਗਾਸੋ, ਰਾਮ ਸਰੂਪ ਅਣਖੀ, ਪ੍ਰੀਤਮ ਸਿੰਘ ਰਾਹੀ ਦੀ ਵਿਰਾਸਤ ਨੂੰ ਸੰਭਾਲਿਆ। ਗੁਰਭਜਨ ਗਿੱਲ ਆਪਣੇ ਇਸ ਵੱਡੇ ਭਾਜੀ ਸਮਾਨ ਮਿੱਤਰ ਬਾਰੇ ਕਹਿੰਦੇ ਹਨ ਕਿ ਉਹ ਆਪਣਾ ਗਿਆਨ ਅਤੇ ਕੀਤੇ ਕੰਮਾਂ ਨੂੰ ਚੁੱਪ-ਚਾਪ ਆਪਣੀ ਬੁੱਕਲ ਵਿਚ ਹੀ ਰੱਖਦਾ ਹੈ। ਇਸੇ ਲਈ ਮੈਂ ਆਪਣੇ ਗੁਰੂਦੇਵ ਨੂੰ ਚੁੱਪ ਦੀ ਬੁੱਕਲ ਕਹਾਂਗਾ। ਨਹੀਂ ਤਾਂ ਅੱਜ-ਕੱਲ ਥੋੜ੍ਹਾ ਜਿਹਾ ਵੀ ਕੰਮ ਕਰਨ ਵਾਲਾ ਆਪਣੇ ਕੰਮ ਦਾ ਢੰਡੋਰਾ ਪਿੱਟਣ ਲੱਗਣ ਜਾਂਦਾ ਹੈ। ਉਨ੍ਹਾਂ ਸਾਹਿਤ ਦੀ ਪੜ੍ਹਾਈ, ਸਾਹਿਤ ਲਿਖਣ ਅਤੇ ਸਾਹਿਤ ਸੰਸਥਾਵਾਂ ਦੀ ਸਰਪ੍ਰਸਤੀ ਨੂੰ ਅਜਿਹੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਕਿ ਉਨ੍ਹਾਂ ਨੂੰ ਹਰ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਦਾ ਹੈ। ਸਾਹਿਤਕਾਰਾਂ ਦੀ ਸਿਰਮੌਰ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਦੇ ਸਿਖਰਲੇ ਅਹੁਦੇ ਨੂੰ ਸੰਭਾਲਣ ਵਾਲੇ ਪ੍ਰੋ. ਭੱਠਲ ਦੇ ਸਾਊਪੁਣੇ ਅਤੇ ਹਲੀਮੀ ਦਾ ਹਰ ਕੋਈ ਕਾਇਲ ਹੈ। ਉਨ੍ਹਾਂ ਦੀਆਂ ਕਵਿਤਾਵਾਂ ਦੇ ਵਿਸ਼ਿਆਂ ਵਿਚ ਜਿੰਨੀ ਵਿਸ਼ਾਲਤਾ ਹੈ, ਉਸ ਤੋਂ ਵੀ ਵੱਡਾ ਘੇਰਾ ਉਨ੍ਹਾਂ ਦੇ ਵਿਦਿਆਰਥੀਆਂ ਦਾ ਹੈ। ਐੱਸ.ਡੀ.ਕਾਲਜ ਬਰਨਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਪ੍ਰੋ. ਭੱਠਲ ਦੀ ਬਰਨਾਲਾ ਦੀ ਸਾਹਿਤਕ ਲਹਿਰ ਨੂੰ ਵੱਡੀ ਦੇਣ ਹੈ। ਕਾਲਜ ਪੜ੍ਹਦਿਆਂ ਉਨ੍ਹਾਂ ਅਣਗਿਣਤ ਵਿਦਿਆਰਥੀਆਂ ਨੂੰ ਅਜਿਹੀ ਸਾਹਿਤਕ ਚੇਟਕ ਲਗਾਈ ਕਿ ਬਰਨਾਲਾ ਲਿਖਾਰੀਆਂ ਦਾ ਮੱਕਾ ਬਣ ਗਿਆ। 

ਭੱਠਲ ਨੂੰ ਮਾਣ ਹੈ ਕਿ ਉਸ ਨੇ ਲਿਖਾਰੀ ਸਭਾ ਬਰਨਾਲਾ, ਪੰਜਾਬੀ ਸਾਹਿਤ ਸਭਾ ਬਰਨਾਲਾ ਤੇ ਪੰਜਾਬੀ ਸਾਹਿਤ ਅਕਾਡਮੀ ਤਿੰਨੋਂ ਸੰਸਥਾਵਾਂ ਦੀ ਜਨਰਲ ਸਕੱਤਰੀ ਕੀਤੀ ਅਤੇ ਹੁਣ ਫਿਰ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਹਨ। ਬਤੌਰ ਕਵੀ ਤੇ ਅਧਿਆਪਕ ਤਾਂ ਉਸ ਦਾ ਕੋਈ ਸਾਨੀ ਨਹੀਂ ਸੀ ਬਲਕਿ ਸਾਹਿਤ ਸੰਸਥਾਵਾਂ ਨੂੰ ਚਲਾਉਣ ਦੀ ਪ੍ਰਸ਼ਾਸਕੀ ਕਾਰਜਕੁਸ਼ਲਤਾ ਕਾਰਨ ਐਤਕੀਂ ਪੰਜਾਬੀ ਸਾਹਿਤ ਅਕਾਡਮੀ ਦੀ ਚੋਣਾਂ 'ਚ ਹਰੇਕ ਸਾਹਿਤਕਾਰ ਉਨ੍ਹਾਂ ਨੂੰ ਪ੍ਰਧਾਨ ਦੀ ਚੋਣ ਲੜਾਉਣਾ ਚਾਹੁੰਦਾ ਸੀ। ਪਰਦੇ ਪਿੱਛੇ ਰਹਿਣ ਵਾਲੇ ਸੁਭਾਅ ਕਾਰਨ ਉਨ੍ਹਾਂ ਕਦੇ ਕਿਸੇ ਸੰਸਥਾ ਦੇ ਅਹੁਦੇ ਲਈ ਜੋੜ-ਤੋੜ ਨਹੀਂ ਕੀਤਾ, ਇਸੇ ਲਈ ਉਨ੍ਹਾਂ ਨੂੰ ਚੋਣ ਲੜਨ ਲਈ ਮਨਾਉਣਾ ਸਭ ਤੋਂ ਔਖਾ ਕੰਮ ਸੀ, ਜੋ ਉਨ੍ਹਾਂ ਦੇ ਪਰਮ ਮਿੱਤਰ ਅਤੇ ਗੁਆਂਢੀ ਪ੍ਰੋ. ਗੁਰਭਜਨ ਗਿੱਲ ਨੇ ਕੀਤਾ। ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਹੋਈ ਚੋਣ ਮੌਕੇ ਪ੍ਰੋ.ਭੱਠਲ ਨੂੰ ਦੇਖ ਕੇ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਪ੍ਰਧਾਨ ਦੀ ਚੋਣ ਲੜ ਰਹੇ ਹਨ ਜਾਂ ਖੁਦ ਵੋਟ ਪਾਉਣ ਆਏ ਹਨ। ਇਹੋ ਕਾਰਨ ਸੀ ਕਿ ਬਿਨਾਂ ਕਿਸੇ ਸਰਗਰਮ ਚੋਣ ਪ੍ਰਚਾਰ ਦੇ ਬਾਵਜੂਦ ਦੁਨੀਆਂ ਭਰ ਦੇ ਪੰਜਾਬੀ ਲੇਖਕਾਂ ਨੇ ਵੋਟਾਂ ਦੇ ਵੱਡੇ ਫਰਕ ਨਾਲ ਜਿਤਾ ਕੇ ਪ੍ਰੋ. ਭੱਠਲ ਨੂੰ ਆਪਣੀ ਸਿਰਮੌਰ ਸੰਸਥਾ ਦਾ ਪ੍ਰਧਾਨ ਚੁਣਿਆ।

ਪੜ੍ਹੋ ਇਹ ਵੀ ਖਬਰ - ਜਾਣੋ ਕੀ ਵਿਟਾਮਿਨ-ਡੀ ਅਤੇ ਧੁੱਪ ਸੇਕਣ ਨਾਲ ਕੋਰੋਨਾ ਵਾਇਰਸ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ (ਵੀਡੀਓ) 

ਪੜ੍ਹੋ ਇਹ ਵੀ ਖਬਰ - ਬੰਦੇ ਦੇ ਕੁਦਰਤ ਨਾਲ ਕੀਤੇ ਖਿਲਵਾੜ, ਬਿਆਨ ਕਰ ਰਿਹਾ ਹੈ ‘ਕੋਰੋਨਾ ਸੰਕਟ’ ਦਾ ਇਹ ਸਮਾਂ

ਪੜ੍ਹੋ ਇਹ ਵੀ ਖਬਰ - Freedom Writers : ਤੁਸੀਂ ਕੀ ਚੁਣੋਗੇ ਨਫ਼ਰਤ ਜਾਂ ਇਨਸਾਨੀਅਤ  

PunjabKesari

ਪ੍ਰੋ.ਰਵਿੰਦਰ ਭੱਠਲ ਜਦੋਂ ਕਵਿਤਾਵਾਂ ਲਿਖਣ ਲੱਗਦਾ ਹੈ ਤਾਂ ਉਸ ਕੋਲ ਸ਼ਬਦਾਂ ਦਾ ਅਮੁੱਕ ਭੰਡਾਰ ਹੈ। ਉਸ ਨੂੰ ਆਪਣੇ ਜਜ਼ਬਾਤਾਂ ਨੂੰ ਕਾਗਜ਼ ਉਤੇ ਉਤਾਰਨ ਲਈ ਸ਼ਬਦਾਂ ਪਿੱਛੇ ਭੱਜਣਾ ਨਹੀਂ ਪੈਂਦਾ, ਸਗੋਂ ਆਪ-ਮੁਹਾਰੇ ਸ਼ਬਦ ਉਸ ਕੋਲ ਆਉਂਦੇ ਹਨ। ਉਸ ਦੀ ਕਵਿਤਾ ਪੜ੍ਹ ਕੇ ਖਤਮ ਨਹੀਂ ਹੁੰਦੀ ਸਗੋਂ ਪਾਠਕਾਂ ਲਈ ਪਿੱਛੇ ਸਵਾਲ ਛੱਡ ਜਾਂਦੀ ਹੈ। ਉਸ ਦੀਆਂ ਕਵਿਤਾਵਾਂ ਪੜ੍ਹਨ ਤੋਂ ਬਾਅਦ ਕੋਈ ਸ਼ਾਂਤ-ਚਿੱਤ ਨਹੀਂ ਬੈਠ ਸਕਦਾ ਸਗੋਂ ਗਹਿਰੇ ਚਿੰਤਨ ਵਿਚ ਡੁੱਬ ਜਾਂਦਾ ਹੈ। ਉਸ ਦੀ ਵਿਅੰਗਮਈ ਸ਼ਬਦਾਵਲੀ ਅਜਿਹੀਆਂ ਗੱਲਾਂ ਕਹਿ ਜਾਂਦੀ ਹੈ, ਜਿਨ੍ਹਾਂ ਨੂੰ ਫੜਨ ਲਈ ਪਾਠਕ ਸੋਚਦਾ ਰਹਿੰਦਾ ਹੈ। ਉਹ ਸੂਝਵਾਨ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਉਹ ਜਿੰਨੀ ਸੋਹਣੀ ਕਵਿਤਾ ਲਿਖਦੇ ਹਨ, ਉਸ ਤੋਂ ਕਿਤੇ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਕਵਿਤਾ ਪਾਠ ਕਰਦੇ ਹਨ ਅਤੇ ਸਾਹਮਣੇ ਵਾਲੇ ਮੰਤਰ ਮੁਗਧ ਕਰ ਦਿੰਦੇ ਹਨ। ਕਵੀ ਦਰਬਾਰਾਂ ਵਿਚ ਉਨ੍ਹਾਂ ਦੇ ਸਹੁਜਮਈ ਬੋਲ ਸਰੋਤਿਆਂ ਦੇ ਦਿਲ ਵਿਚ ਲਹਿ ਜਾਂਦੇ ਹਨ। ਦਿਲ ਦੇ ਵਲਵਲਿਆਂ ਅਤੇ ਜਜ਼ਬਾਤਾਂ ਨੂੰ ਪੇਸ਼ ਕਰਦੀ ਕਵਿਤਾ ਸਰੋਤਿਆਂ ਨੂੰ ਕੀਲ ਕੇ ਬੈਠਾ ਲੈਂਦੀ ਹੈ ਅਤੇ ਉਹ ਖੜ੍ਹਾ ਖੜੋਤਾ ਕਵਿਤਾ ਦੇ ਬੋਲਾਂ ਵਿਚ ਪਿਘਲ ਜਾਂਦਾ ਹੈ।

ਇਕ ਅਧਿਆਪਕ ਦੇ ਤੌਰ 'ਤੇ ਜਦੋਂ ਪ੍ਰੋ. ਰਵਿੰਦਰ ਭੱਠਲ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਤਾਂ ਇਕੱਲੇ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖਦੇ। ਉਨ੍ਹਾਂ ਦੇ ਪੜ੍ਹਾਉਣ ਦਾ ਦਾਇਰਾ ਬਹੁਤ ਵਿਸ਼ਾਲ ਸੀ। ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ ਪੜ੍ਹਾਉਣ ਦੇ ਪੀਰੀਅਡ ਵਿਚ ਉਹ ਆਪਣੇ ਵਿਦਿਆਰਥੀਆਂ ਨੂੰ ਨਾਵਲਕਾਰਾਂ, ਕਹਾਣੀਕਾਰਾਂ ਬਾਰੇ ਵੀ ਜਾਣਕਾਰੀ ਦੇ ਦਿੰਦੇ, ਪੇਲੇ, ਮੈਰਾਡੋਨਾ ਬਾਰੇ ਵੀ ਦੱਸ ਦਿੰਦੇ। ਐੱਸ. ਡੀ. ਕਾਲਜ ਵਿਚ ਕਿਸੇ ਵੇਲੇ ਨੁਮਾਇਸ਼ੀ ਮੈਚ ਖੇਡਣ ਆਏ 1975 ਹਾਕੀ ਵਿਸ਼ਵ ਕੱਪ ਦੇ ਜੇਤੂ ਭਾਰਤੀ ਖਿਡਾਰੀਆਂ ਦੀ ਬਾਤ ਵੀ ਪਾ ਜਾਂਦੇ, ਕਾਲਜ ਦੇ ਮੈਗਜ਼ੀਨ ਲਈ ਲਿਖਤਾਂ ਵੀ ਮੰਗ ਲੈਂਦੇ, ਯੁਵਕ ਮੇਲੇ ਜਾਂ ਐੱਨ.ਐੱਸ.ਐੱਸ. ਦੇ ਕੈਂਪ ਵਿਚ ਹਿੱਸਾ ਲੈਣ ਲਈ ਵੀ ਪ੍ਰੇਰ ਦਿੰਦੇ। ਇਹ ਉਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਦਾ ਹੀ ਗੁਣ ਸੀ ਕਿ ਉਨ੍ਹਾਂ ਆਪਣੇ ਵਿਦਿਆਰਥੀਆਂ ਨੂੰ ਇਕੱਲਾ ਸਿਲੇਬਸ ਦੀ ਪੜ੍ਹਾਈ ਤੱਕ ਹੀ ਮਹਿਦੂਦ ਨਹੀਂ ਰੱਖਿਆ ਸਗੋਂ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਹਰ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਆ। 'ਸਿਲੇਬਸ ਤੋਂ ਬਾਹਰ ਦੀਆਂ ਗੱਲਾਂ' ਕਵਿਤਾ ਵਿਚ ਉਨ੍ਹਾਂ ਨੇ ਹੋਸਟਲ ਵਿਚ ਰਹਿੰਦੀ ਇਕ ਵਿਦਿਆਰਥਣ ਵਲੋਂ ਆਪਣੀ ਮਾਂ ਨੂੰ ਲਿਖੀ ਚਿੱਠੀ ਰਾਹੀਂ ਮਾਂ-ਧੀ ਦੇ ਜਜ਼ਬਾਤਾਂ ਦੀ ਬਾਤ ਪਾਈ ਹੈ।

ਪੜ੍ਹੋ ਇਹ ਵੀ ਖਬਰ - ਵਿਕਲਾਂਗ ਪ੍ਰਤੀ ਸਮਾਜ ਦੇ ਰਵਈਏ ਨੂੰ ਬਦਲਣ ਦੀ ਜ਼ਰੂਰਤ 

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਸਪੈਸ਼ਲ- 5 : ਭੂਟਾਨ ਘੁੰਮਦਿਆਂ ਪਾਰੋ ਦਾ ਸ਼ਰਬਤੀ ਝਾਕਾ 

ਭੱਠਲ ਨੇ ਵਿਦਿਆਰਥੀ ਜੀਵਨ ਤੋਂ ਅਧਿਆਪਨ ਤੱਕ ਕਰੀਬ 80 ਤੋਂ ਵੱਧ ਕੈਂਪ ਲਗਾਏ ਹਨ, ਜਿਨ੍ਹਾਂ ਵਿਚ ਐੱਨ.ਐੱਸ.ਐੱਸ., ਐੱਨ.ਸੀ.ਸੀ., ਯੂਥ ਲੀਡਰਸ਼ਿਪ, ਹਾਈਕਿੰਗ-ਟਰੈਕਿੰਗ ਸ਼ਾਮਲ ਹਨ। ਉਹ ਐੱਨ.ਸੀ.ਸੀ. ਦੇ ਕੈਡਿਟ ਵੀ ਰਹੇ ਅਤੇ ਅਫਸਰ ਵੀ। ਭੱਠਲ ਹੁਰੀਂ ਆਪਣੇ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਕੈਂਪਾਂ ਵਿਚ ਸਮਾਜ ਸੇਵਾ ਦੇ ਗੁਰ ਸਿਖਾਉਂਦੇ। ਉਹ ਯੁਵਕ ਮੇਲਿਆਂ ਲਈ ਕਾਲਜ ਦੀਆਂ ਟੀਮਾਂ ਨੂੰ ਵੱਖ-ਵੱਖ ਮੁਕਾਬਲਿਆਂ ਦੀ ਤਿਆਰੀ ਕਰਵਾਉਂਦੇ। ਉਨ੍ਹਾਂ ਨੂੰ ਕਈ ਵਾਰ ਵਧੀਆ ਨਾਟਕ ਤਿਆਰ ਕਰਵਾਉਣ ਬਦਲੇ ਸਰਵੋਤਮ ਨਾਟਕ ਨਿਰਦੇਸ਼ਕ ਦਾ ਸਨਮਾਨ ਵੀ ਮਿਲਿਆ। ਉਹ ਖੁਦ ਬਾਸਕਟਬਾਲ ਦੇ ਚੰਗੇ ਖਿਡਾਰੀ ਸਨ ਅਤੇ ਅੰਤਰ-ਕਾਲਜ ਅਤੇ ਅੰਤਰ 'ਵਰਸਿਟੀ ਖੇਡ ਮੁਕਾਬਲਿਆਂ ਲਈ ਟੀਮਾਂ ਤਿਆਰ ਕਰਵਾਉਣ ਵਿਚ ਆਪਣੇ ਪਰਮ ਮਿੱਤਰ ਅਤੇ ਫਿਜ਼ੀਕਲ ਐਜੂਕੇਸ਼ਨ ਪੜ੍ਹਾਉਣ ਵਾਲੇ ਪ੍ਰੋ.ਦੇਸ਼ ਬੰਧੂ ਦਾ ਖੂਬ ਸਾਥ ਦਿੰਦੇ।

PunjabKesari

ਉਸ ਵੇਲੇ ਕਾਲਜ ਵਿਚ ਪ੍ਰੋ. ਹਰਦਿਆਲ ਅੱਤਰੀ, ਪ੍ਰੋ. ਰਵਿੰਦਰ ਭੱਠਲ ਤੇ ਪ੍ਰੋ. ਦੇਸ਼ ਬੰਧੂ ਦੀ ਤਿੱਕੜੀ ਇਕੱਲੀ ਹੀ ਕਾਲਜ ਦੇ ਹਰ ਕੰਮ ਦਾ ਭਾਰ ਆਪਣੇ ਮੋਢਿਆਂ 'ਤੇ ਚੁੱਕਣ ਦੀ ਸਮਰੱਥਾ ਰੱਖਦੀ ਸੀ। ਭੱਠਲ ਹੁਰਾਂ ਦੇ ਸੁਭਾਅ ਦਾ ਇਹ ਗੁਣ ਸੀ ਕਿ ਸੇਵਾਮੁਕਤੀ ਵੇਲੇ ਉਨ੍ਹਾਂ ਦੀ ਆਪਣੇ ਤੋਂ ਕਰੀਬ ਅੱਧੀ ਉਮਰ ਦੇ ਸਾਥੀ ਲੈਕਚਰਾਰਾਂ ਨਾਲ ਵੀ ਇੰਝ ਬਣਦੀ ਸੀ ਜਿਵੇਂ ਉਹ ਹਮਉਮਰ ਹੋਣ। ਇਨ੍ਹਾਂ ਵਿਚ ਪ੍ਰੋ.ਗਗਨਦੀਪ ਸਿੰਘ, ਪ੍ਰੋ. ਸ਼ੋਇਬ ਜ਼ਫ਼ਰ, ਪ੍ਰੋ. ਬਹਾਦਰ ਸੰਧੂ ਸ਼ਾਮਲ ਹਨ। ਇਨ੍ਹਾਂ ਵਿਚੋਂ ਪ੍ਰੋ.ਜ਼ਫ਼ਰ ਤਾਂ ਉਨ੍ਹਾਂ ਦੇ ਵਿਦਿਆਰਥੀ ਵੀ ਰਹੇ ਹਨ। ਉਹ ਹਰ ਉਮਰ ਦੇ ਵਿਅਕਤੀ ਨਾਲ ਘੁਲਣ-ਮਿਲਣ ਵਾਲੇ ਹਨ। 

ਫਿਰ ਗੱਲ ਹੋਵੇ ਸਾਹਿਤ ਸਭਾਵਾਂ, ਅਕਾਡਮੀ ਦੇ ਉਚ ਅਹੁਦਿਆਂ 'ਤੇ ਕੰਮ ਕਰਨ ਦੀ, ਪ੍ਰੋ.ਭੱਠਲ ਨੇ ਇਨ੍ਹਾਂ ਅਹੁਦਿਆਂ 'ਤੇ ਆਪਣਾ ਪੂਰਾ ਯੋਗਦਾਨ ਪਾਇਆ। ਉਨ੍ਹਾਂ ਆਪਣੀ ਨਿੱਜੀ ਮਸ਼ਹੂਰੀ ਜਾਂ ਫਾਇਦੇ ਲਈ ਕਦੇ ਸਾਹਿਤ ਸੰਸਥਾਵਾਂ ਨੂੰ ਨਹੀਂ ਵਰਤਿਆ। ਮਸ਼ਹੂਰੀ ਤਾਂ ਉਹ ਆਪਣੇ ਕੀਤੇ ਵਧੀਆ ਕੰਮ ਦੀ ਵੀ ਨਹੀਂ ਕਰਦੇ। ਪੰਜਾਬੀ ਸਾਹਿਤ ਅਕਾਡਮੀ ਨੂੰ ਚਲਾਉਣ ਲਈ ਜਿਹੋ ਜਿਹਾ ਸੁੱਗੜ, ਸਿਆਣਾ, ਸੁਹਿਰਦ ਤੇ ਸੁਲਝਿਆ ਇਨਸਾਨ ਚਾਹੀਦਾ ਹੈ, ਉਹ ਸਾਰੇ ਗੁਣ ਪ੍ਰੋ. ਭੱਠਲ ਵਿਚ ਹਨ। ਬਰਨਾਲਾ ਨੂੰ ਸਾਹਿਤ ਖੇਤਰ ਵਿਚ ਅਹਿਮ ਸਥਾਨ ਦਿਵਾਉਣ ਵਾਲੀ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਉਹ 8 ਸਾਲ (1981-1989) ਜਨਰਲ ਸਕੱਤਰ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਕੌਮੀ ਪੱਧਰ ਦੇ ਵੱਡੇ ਸੈਮੀਨਾਰ ਕਰਵਾਏ ਅਤੇ ਨਵੇਂ ਲੇਖਕਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਾਈਆਂ। 1987 ਵਿਚ ਕੇਂਦਰੀ ਲੇਖਕ ਸਭਾ ਦੇ ਸਹਿਯੋਗ ਨਾਲ ਬਰਨਾਲਾ ਵਿਖੇ ਕੌਮੀ ਪੱਧਰ ਦਾ ਤਿੰਨ ਰੋਜ਼ਾ ਸਾਹਿਤ ਸੰਮਲੇਨ ਕਰਾਇਆ, ਜਿਸ ਵਿਚ ਨਾ ਸਿਰਫ ਪੰਜਾਬ ਜਾਂ ਪੰਜਾਬੀ ਭਾਸ਼ਾ ਬਲਕਿ ਹੋਰ ਭਾਸ਼ਾਵਾਂ ਦੇ ਦੇਸ਼ ਦੇ ਨਾਮੀਂ ਸਾਹਿਤਕਾਰ ਪੁੱਜੇ। ਇਹ ਸੰਮੇਲਨ ਬਰਨਾਲਾ ਵਾਸੀਆਂ ਲਈ ਭੀਸ਼ਮ ਸਾਹਨੀ, ਕਮਲੇਸ਼ਵਰ ਨੂੰ ਨੇੜਿਓਂ ਦੇਖਣ ਦਾ ਸਬੱਬ ਹੋ ਨਿਬੜਿਆ। ਅੱਜ ਵੀ ਬਰਨਾਲਾ ਦੇ ਸਾਹਿਤਕ ਹਲਕਿਆਂ ਵਿਚ ਉਸ ਸੰਮੇਲਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਜੋ ਆਪਣੇ ਆਪ ਵਿਚ ਇਕ ਯਾਦਗਾਰੀ ਸੰਮੇਲਨ ਸੀ। ਇਸ ਸੰਮਲੇਨ ਵਿਚ ਡਾ. ਰਵਿੰਦਰ ਸਿੰਘ ਰਵੀ ਦਾ ਵਿਸ਼ੇਸ਼ ਯੋਗਦਾਨ ਰਿਹਾ। 

ਲਿਖਾਰੀ ਸਭਾ ਬਰਨਾਲਾ ਦੇ ਵੀ ਉਹ 7 ਸਾਲ (1970-1977) ਜਨਰਲ ਸਕੱਤਰ ਰਹੇ। ਉਹ ਨਾਟਕ ਤੇ ਥਿਏਟਰ ਦੇ ਤ੍ਰੈ-ਮਾਸਿਕ ਪਰਚੇ 'ਮੰਚਣ' ਦੇ ਸੰਪਾਦਕੀ ਬੋਰਡ ਦੇ ਮੈਂਬਰ ਰਹੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੋਂ ਪ੍ਰਧਾਨਗੀ ਤੱਕ ਸਫ਼ਰ ਤੈਅ ਕਰਨ ਵਾਲੇ ਪ੍ਰੋ. ਭੱਠਲ ਇਸ ਅਕਾਡਮੀ ਦੇ 1990 ਤੋਂ 1998 ਤੱਕ 8 ਸਾਲ ਕਾਰਜਕਾਰਨੀ ਮੈਂਬਰ, 1998 ਤੋਂ 2002 ਤੱਕ 4 ਸਾਲ ਸਕੱਤਰ ਅਤੇ 2002 ਤੋਂ 2008 ਤੱਕ ਜਨਰਲ ਸਕੱਤਰ ਰਹੇ। ਹੁਣ ਉਹ ਅਕਾਡਮੀ ਦੇ ਮੌਜੂਦਾ ਪ੍ਰਧਾਨ ਹਨ।

ਪ੍ਰੋ.ਰਵਿੰਦਰ ਭੱਠਲ ਦਾ ਜਨਮ ਪਹਿਲੀ ਜਨਵਰੀ, 1943 ਨੂੰ ਸੰਗਰੂਰ ਜ਼ਿਲੇ ਵਿਚ ਸਥਿਤ ਆਪਣੇ ਨਾਨਕੇ ਪਿੰਡ ਮਹਿਲਾ (ਨੇੜੇ ਸੁਨਾਮ) ਮਾਤਾ ਸ੍ਰੀਮਤੀ ਹਰਬੰਸ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਸ.ਬਲਧੀਰ ਸਿੰਘ ਭੱਠਲ ਬਰਨਾਲੇ ਬਾਜਵਿਆਂ ਦੇ ਅਗਵਾੜ ਵਿਚ ਰਹਿੰਦੇ ਸਨ, ਜਿਥੋਂ ਦੇ ਓਮ ਪ੍ਰਕਾਸ਼ ਗਾਸੋ ਵੀ ਰਹਿਣ ਵਾਲੇ ਸਨ। ਰਾਮ ਸਰੂਪ ਅਣਖੀ ਵੀ ਸਕੂਲ ਪੜ੍ਹਦਿਆਂ ਇਸ ਅਗਵਾੜ ਵਿਚ ਆਪਣੀ ਰਿਸ਼ਤੇਦਾਰੀ ਵਿਚ ਲੱਗਦੇ ਭਰਾ ਮਿਹਰ ਚੰਦ ਦੇ ਘਰ ਰਹਿੰਦੇ ਸਨ। ਇਸ ਤਰ੍ਹਾਂ ਸਾਹਿਤ ਦੇ ਖੇਤਰ ਵਿਚ ਅਹਿਮ ਸਥਾਨ ਰੱਖਦੀ ਸ਼੍ਰੋਮਣੀ ਸਾਹਿਤਕਾਰਾਂ ਦੀ ਤਿੱਕੜੀ ਗਾਸੋ, ਅਣਖੀ ਤੇ ਭੱਠਲ ਦਾ ਸਬੰਧ ਬਰਨਾਲੇ ਦੇ ਬਾਜਵਾ ਅਗਵਾੜ ਨਾਲ ਸੀ। ਇਸ ਅਗਵਾੜ ਨੇੜਲਾ ਜੰਡਾਂ ਵਾਲਾ ਟੋਭਾ ਤੇ ਪ੍ਰਾਚੀਨ ਮੰਦਰ ਬਹੁਤ ਮਸ਼ਹੂਰ ਹਨ। ਇਸ ਅਗਵਾੜ ਦਾ ਰਹਿਣ ਵਾਲਾ ਹਰਜੀਤ ਸਿੰਘ, ਜੋ ਪੱਥਰਾਂ ਦਾ ਮਸ਼ਹੂਰ ਰਾਜ ਮਿਸਤਰੀ ਸੀ, ਬਾਰੇ ਰਵਿੰਦਰ ਭੱਠਲ ਨੇ ਅਜੀਤ ਅਖਬਾਰ ਵਿਚ ਆਰਟੀਕਲ ਛਾਪਿਆ ਸੀ। ਇਹ ਉਨ੍ਹਾਂ ਦੀ ਲਿਖੀ ਪਹਿਲੀ ਸਾਹਿਤਕ ਰਚਨਾ ਸੀ। ਪੱਥਰਾਂ ਦੇ ਇਸ ਕਲਾਕਾਰ ਬਾਰੇ ਰਾਮ ਸਰੂਪ ਅਣਖੀ ਵੀ ਜ਼ਿਕਰ ਕਰਦੇ ਹਨ। ਇਨ੍ਹਾਂ ਦੇ ਮੁੰਡੇ ਦੀ ਦੁਕਾਨ ਹੁਣ ਬਰਨਾਲੇ ਐੱਸ.ਡੀ.ਕਾਲਜ ਕੋਲ ਫਾਟਕਾਂ ਨੇੜੇ ਹੈ, ਜਿਹੜੀ ਬਿੱਲੂ ਪੱਥਰ ਵਾਲੇ ਦੀ ਦੁਕਾਨ ਵਜੋਂ ਮਕਬੂਲ ਹੈ।

PunjabKesari

ਭੱਠਲ ਹੁਰਾਂ ਦੇ ਜਨਮ ਤੋਂ ਬਾਅਦ ਦੀ ਕਹਾਣੀ ਵੀ ਚਿਲਚਸਪ ਹੈ। ਉਨ੍ਹਾਂ ਤੋਂ ਵੱਡੇ ਇਕ ਭੈਣ-ਭਰਾ ਜਨਮ ਤੋਂ ਬਾਅਦ ਪੂਰੇ ਹੋ ਜਾਣ ਕਾਰਨ ਰਵਿੰਦਰ ਭੱਠਲ ਦਾ ਜਦੋਂ ਆਪਣੇ ਨਾਨਕੇ ਪਿੰਡ ਮਹਿਲਾ ਜਨਮ ਹੋਇਆ ਤਾਂ ਨਾਨੀ ਨੇ ਆਪਣੇ ਦੋਹਤੇ ਨੂੰ ਬਚਾਉਣ ਦਾ ਇਲਾਜ ਲੱਭਿਆ। ਨਾਨੀ ਜਿਹੜੇ ਘਰਾਂ ’ਚੋਂ ਕਿਸੇ ਸੰਤ ਨੂੰ ਮੰਨਦੀ ਸੀ, ਉਸ ਨੇ ਉਪਾਅ ਦੱਸਿਆ ਕਿ ਜੇਕਰ ਉਸ ਨੇ ਆਪਣੇ ਦੋਹਤੇ ਨੂੰ ਬਚਾਉਣਾ ਹੈ ਤਾਂ 7 ਖੂਹਾਂ ਤੋਂ ਪਾਣੀ ਲਿਆ ਕੇ ਉਸ ਵਿਚ 7 ਦਰੱਖਤਾਂ ਦੇ ਪੱਤੇ ਪਾ ਕੇ ਕਾਲੀ ਬੋਲੀ ਰਾਤ ਨੂੰ ਚੌਂਕ ਵਿਚ ਬਿਠਾ ਕੇ ਬੱਚੇ ਨੂੰ ਨਹਾਓ ਅਤੇ ਕਾਲੀ ਕੁੱਤੀ ਦਾ ਸਿਰ ਵੱਢ ਕੇ ਕੋਲ ਰੱਖਿਆ ਜਾਵੇ। ਇਕ ਦੋਹਤਾ-ਦੋਹਤੀ ਗੁਆ ਬੈਠੀ ਨਾਨੀ ਨੇ ਸੰਤ ਦੇ ਕਹੇ ਅਨੁਸਾਰ ਹੀ ਕੀਤਾ। ਬਾਲ ਰਵਿੰਦਰ ਦੇ ਬਚ ਜਾਣ ਤੋਂ ਬਾਅਦ ਨਾਨੀ ਦਾ ਵਹਿਮ ਵਿਸ਼ਵਾਸ ਵਿਚ ਬਦਲ ਗਿਆ। ਨਾਨਕਿਆਂ ਅਨੁਸਾਰ ਇਕ ਅੰਧ-ਵਿਸ਼ਵਾਸ ਨਾਲ ਬਚਿਆ ਬਾਲ ਜਦੋਂ ਵੱਡਾ ਹੋ ਕੇ ਪੰਜਾਬੀ ਦਾ ਪ੍ਰਸਿੱਧ ਕਵੀ ਪ੍ਰੋ.ਰਵਿੰਦਰ ਭੱਠਲ ਬਣਿਆ ਤਾਂ ਉਨ੍ਹਾਂ ਦੀਆਂ ਕਵਿਤਾਵਾਂ, ਅਧਿਆਪਨ ਅਤੇ ਆਪਣੀ ਜੀਵਨ ਜਾਚ ਵਿਚ ਤਰਕਸ਼ੀਲ ਸੋਚ ਭਾਰੂ ਸੀ। ਸ਼ਾਇਦ ਉਨ੍ਹਾਂ ਛੋਟੇ ਹੁੰਦੇ ਉਸ ਵਹਿਮ ਨੂੰ ਖਤਮ ਕਰਨ ਲਈ ਸਾਰੀ ਉਮਰ ਤਰਕਸ਼ੀਲ ਵਿਚਾਰਾਂ ਨਾਲ ਗੁਜ਼ਾਰੀ। ਨਾਨੀ ਵਲੋਂ ਉਸ ਵੇਲੇ ਸੰਤ ਵਲੋਂ ਕਹੇ ਅਨੁਸਾਰ ਜਿਹੜੇ 7 ਖੂਹਾਂ ਵਿਚੋਂ ਪਾਣੀ ਭਰਿਆ ਸੀ, ਉਨ੍ਹਾਂ ਵਿਚੋਂ 1 ਖੂਹ ਉਹ ਸੀ, ਜਿੱਥੋਂ ਜਿਉਣਾ ਮੌੜ ਪਾਣੀ ਪੀਂਦਾ ਰਿਹਾ। ਨਾਨਕਿਆਂ ਨੇ ਗੁਆਂਢੀਆਂ ਦੀ ਕੁੱਤੀ ਮਾਰੀ। ਜਿਉਣਾ ਮੌੜ ਦਾ ਰਵਿੰਦਰ ਭੱਠਲ ਦੇ ਨਾਨਕੇ ਪਰਿਵਾਰ ਨਾਲ ਇਕ ਹੋਰ ਵੀ ਸਬੰਧ ਹੈ। ਨਾਨਕਾ ਪਰਿਵਾਰ ਦੋਆਬੇ ਤੋਂ ਮਾਲਵੇ ਦੇ ਸੰਗਰੂਰ ਜ਼ਿਲੇ ਵਿਚ ਆ ਕੇ ਮਹਿਲਾ ਚੌਕ ਵਸੇ ਸਨ, ਜਿੱਥੇ ਉਨ੍ਹਾਂ ਨਾਨਾ ਮੁਨਸ਼ਾ ਸਿੰਘ ਨੇ ਉਸ ਵੇਲੇ ਮਹਿਲਾ ਵਾਲੇ ਕੋਠਿਆਂ ਦੀ, ਜਿਹੜੀ ਥਾਂ ਖਰੀਦੀ ਸੀ, ਉਥੇ ਕਿਸੇ ਵੇਲੇ ਜਿਉਣਾ ਮੌੜ ਲੁਕਦਾ ਰਿਹਾ। ਇਹ ਉਜਾੜ ਥਾਂ ਸੀ, ਜਿੱਥੇ ਵੰਡ ਤੋਂ ਪਹਿਲਾਂ ਸੁਤੰਤਰਤਾ ਸੰਗਰਾਮੀਆਂ ਦੇ ਲੁਕਣ ਲਈ ਸਭ ਤੋਂ ਸੁਰੱਖਿਅਤ ਥਾਂ ਹੁੰਦੀ ਸੀ, ਕਿਉਂਕਿ ਇਹ ਉੱਚੀ ਥਾਂ 'ਤੇ ਸਥਿਤ ਸਨ, ਜਿੱਥੇ ਦੋਵੇਂ ਪਾਸਿਓ ਤੋਂ ਅੰਗਰੇਜ਼ ਪੁਲਸ ਦੀ ਆਉਂਦੀ ਜੀਪ ਨਜ਼ਰ ਆ ਜਾਂਦੀ। ਇਕ ਪਾਸੇ ਮਹਿਲਾ ਚੌਕ ਜੀਂਦ ਰਿਆਸਤ ਵਿਚ ਪੈਂਦਾ ਸੀ, ਦੂਜੇ ਪਾਸੇ ਸਥਿਤ ਪਿੰਡ ਖਡਿਆਲ ਅੰਗਰੇਜ਼ਾਂ ਅਧੀਨ ਪੈਂਦਾ ਸੀ। ਅਲੱਗ-ਅਲੱਗ ਪੈਂਦੀਆਂ ਹਕੂਮਤਾਂ ਦਾ ਫਾਇਦਾ ਮਹਿਲਾ ਚੌਕ ਦੇ ਕੋਠਿਆਂ ਵਿਚ ਲੁਕਣ ਵਾਲਿਆਂ ਨੂੰ ਹੁੰਦਾ ਸੀ। 

ਰਵਿੰਦਰ ਭੱਠਲ ਨੂੰ ਸਾਹਿਤ ਦੀ ਗੁੜ੍ਹਤੀ ਵੀ ਆਪਣੇ ਨਾਨਕੇ ਘਰ ਮਾਮੇ ਕਾਮਰੇਡ ਕਰਤਾਰ ਸਿੰਘ ਤੋਂ ਮਿਲੀ ਜਿਹੜਾ ਉਸ ਵੇਲੇ ਪ੍ਰੀਤਲੜੀ ਦਾ ਪਾਠਕ ਸੀ। ਮਾਮਾ ਆਜ਼ਾਦੀ ਘੁਲਾਟੀਏ ਹੀਰਾ ਸਿੰਘ ਭੱਠਲ ਅਤੇ ਕੌਰ ਸਿੰਘ ਮੌੜਾਂ ਤੋਂ ਬਹੁਤ ਪ੍ਰਭਾਵਿਤ ਸੀ। ਹੀਰਾ ਸਿੰਘ ਭੱਠਲ ਪੰਜਾਬ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਮੁੱਖ ਮੰਤਰੀ ਰਹੀ ਰਾਜਿੰਦਰ ਕੌਰ ਭੱਠਲ ਦੇ ਪਿਤਾ ਸਨ। ਮਸਤੂਆਣਾ ਟਰੱਸਟ ਦੇ ਸਕੱਤਰ ਰਹੇ ਮਾਮਾ ਜਸਵੰਤ ਸਿੰਘ ਦੀ ਆਪਣੀ ਸ਼ਮਸ਼ੇਰ ਟਰਾਂਸਪੋਰਟ ਹੁੰਦੀ ਸੀ ਅਤੇ ਉਹ ਸਾਹਿਤ ਦਾ ਨਾ ਕੇਵਲ ਪਾਠਕ ਸੀ ਸਗੋਂ ਚਿੱਠੀ ਕਵਿਤਾ ਵਿਚ ਲਿਖਦਾ ਹੁੰਦਾ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐੱਮ.ਏ. ਅਤੇ ਐੱਮ.ਲਿਟ ਕੀਤੀ। ਐੱਮ.ਲਿਟ ਵਿਚ ਉਨ੍ਹਾਂ ਦਾ ਵਿਸ਼ਾ 'ਕਿੱਸਾਕਾਰ ਰਣ ਸਿੰਘ-ਇਕ ਅਧਿਐਨ' ਸੀ। ਇਸ ਤੋਂ ਪਹਿਲੀ ਸਕੂਲੀ ਪੜ੍ਹਾਈ ਉਨ੍ਹਾਂ ਦੀ ਵੱਖ-ਵੱਖ ਥਾਵਾਂ ਤੋਂ ਹੋਈ। ਉਨ੍ਹਾਂ ਦੇ ਪਿਤਾ ਜੀ ਫੌਜ ਵਿਚ ਨੌਕਰੀ ਕਰਦੇ ਹੋਣ ਕਰਕੇ ਥਾਂ-ਥਾਂ ਬਦਲੀਆਂ ਹੋਈਆਂ। ਮਹਿਲਾ ਵਿਚ ਜਨਮੇ ਭੱਠਲ ਦੀ ਪੜ੍ਹਾਈ ਮਹਿਲਾਂ, ਮੇਰਠ, ਮੱਧ ਪ੍ਰਦੇਸ਼ ਦੇ ਮਹੂ, ਪੂਨਾ (ਮਹਾਂਰਾਸ਼ਟਰ) ਅਤੇ ਫੇਰ ਬਰਨਾਲਾ ਵਿਖੇ ਹੋਈ।

PunjabKesari

ਭੱਠਲ ਨੂੰ ਇਹ ਮਾਣ ਹਾਸਲ ਹੈ ਕਿ ਉਘੇ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਆਪਣੇ ਨਾਂ ਨਾਲ 'ਗਾਸੋ' ਤਖੱਲਸ ਭੱਠਲ ਹੁਰਾਂ ਦੇ ਕਾਰਨ ਲਾਉਣਾ ਸ਼ੁਰੂ ਕੀਤਾ। ਗਾਸੋ ਜਦੋਂ ਓਮ ਪ੍ਰਕਾਸ਼ ਸ਼ਰਮਾ ਹੁੰਦਾ ਸੀ ਤਾ ਉਸ ਦੇ ਪਹਿਲੇ ਨਾਵਲ 'ਸੁਪਨੇ ਤੇ ਸੰਸਕਾਰ' ਦਾ ਮੁੱਖ ਬੰਦ ਰਵਿੰਦਰ ਭੱਠਲ ਨੇ ਲਿਖਿਆ ਸੀ। ਓਮ ਪ੍ਰਕਾਸ਼ ਦੇ ਸ਼ਰਾਰਤੀ ਸੁਭਾਅ ਕਾਰਨ ਉਨ੍ਹਾਂ ਦੀ ਮਾਤਾ ਪ੍ਰਕਾਸ਼ ਨੂੰ ਵਿਗਾੜ ਕੇ ਹਾਕ ਦੇ ਰੂਪ ਵਿੱਚ 'ਵੇ ਗਾਸੋ' ਕਹਿ ਕੇ ਪੁਕਾਰਦੀ ਹੁੰਦੀ ਸੀ। ਇਸ ਗੱਲ ਦਾ ਜ਼ਿਕਰ ਭੱਠਲ ਨੇ ਗਾਸੋ ਦੇ ਪਹਿਲੇ ਨਾਵਲ ਦੇ ਮੁੱਖ ਬੰਦ ਵਿੱਚ ਕੀਤਾ, ਜਿਸ ਤੋਂ ਬਾਅਦ ਓਮ ਪ੍ਰਕਾਸ਼ ਨੇ 'ਸ਼ਰਮਾ' ਹਟਾ ਕੇ 'ਗਾਸੋ' ਲਿਖਣਾ ਸ਼ੁਰੂ ਕਰ ਦਿੱਤਾ ਅਤੇ ਉਹ ਸਾਹਿਤ ਜਗਤ ਵਿਚ ਆਪਣਾ 'ਪਰਕਾਸ਼' ਫੈਲਾਉਣ ਵਾਲਾ ਓਮ ਪ੍ਰਕਾਸ਼ ਗਾਸੋ ਬਣ ਗਿਆ। ਭੱਠਲ ਨੇ ਸ਼ੁਰੂਆਤੀ ਸਮਿਆਂ ਵਿਚ ਕਵਿਤਾਵਾਂ ਲਿਖਣ ਦੇ ਨਾਲ 15-16 ਗੀਤ ਵੀ ਲਿਖੇ ਸਨ ਪਰ ਬਾਅਦ ਵਿਚ ਰੁਝਾਨ ਕਵਿਤਾਵਾਂ ਵਾਲੇ ਪਾਸੇ ਹੀ ਆ ਗਿਆ। ਐੱਸ.ਡੀ.ਕਾਲਜ ਵਿਖੇ ਪੜ੍ਹਦਿਆਂ ਉਨ੍ਹਾਂ ਦੇ ਗੀਤ ਕਾਲਜ ਮੈਗਜ਼ੀਨ 'ਦਿ ਸਟਰੀਮ' ਵਿਚ ਛਪੇ ਅਤੇ ਉਸ ਵੇਲੇ ਪ੍ਰੋ.ਜੋਗਾ ਸਿੰਘ ਨੇ ਉਨ੍ਹਾਂ ਨੂੰ ਵੱਡੀ ਦਾਦ ਵੀ ਦਿੱਤੀ। ਇਕ ਵਾਰ ਬਰਨਾਲਾ ਨੇੜਲੇ ਪਿੰਡ ਕੱਟੂ ਵਿਖੇ ਲੋਕ ਸੰਪਰਕ ਵਿਭਾਗ ਵਲੋਂ ਰੱਖੇ ਪ੍ਰੋਗਰਾਮ ਵਿਚ ਭੱਠਲ ਨੇ ਕਵਿਤਾ ਪੜ੍ਹ ਕੇ ਸੁਣਾਈ, ਉਥੇ ਲੋਕ ਸੰਪਰਕ ਵਿਭਾਗ ਦਾ ਡਰਾਮਾ ਆਰਟਿਸਟ ਨਰਾਤਾ ਰਾਮ ਨੇ ਭੱਠਲ ਕੋਲ ਫਰਿਆਦ ਕੀਤੀ ਕਿ ਜੇਕਰ ਉਹ ਆਪਣੇ ਹੁਣ ਤੱਕ ਲਿਖੇ ਗੀਤ ਉਸ ਨੂੰ ਦੇ ਦੇਵੇ ਤਾਂ ਉਹ ਉਨ੍ਹਾਂ ਦੇ ਸਿਰ ਉਤੇ ਡਰਾਮਾ ਇੰਸਪੈਕਟਰ ਵਜੋਂ ਤਰੱਕੀ ਹਾਸਲ ਕਰ ਸਕਦਾ ਹੈ। ਭੱਠਲ ਨੇ ਸਾਰੇ ਗੀਤੇ ਉਸ ਨੂੰ ਦੇ ਦਿੱਤੇ। ਬਾਅਦ ਵਿਚ ਨਰਾਤਾ ਰਾਮ ਗੀਤ ਛਪਵਾ ਕੇ ਡਰਾਮਾ ਇੰਸਪੈਕਟਰ ਵੀ ਬਣਿਆ। ਇਹ ਨਰਾਤਾ ਰਾਮ ਭੱਠਲ ਦੇ ਜਮਾਤੀ ਕਰਮ ਸਿੰਘ ਦਾ ਵੱਡਾ ਭਰਾ ਸੀ। 

ਪ੍ਰੋ.ਭੱਠਲ ਨੂੰ ਭਾਵੇਂ ਬਾਅਦ 'ਚ ਸ਼੍ਰੋਮਣੀ ਕਵੀ ਪੁਰਸਕਾਰ ਮਿਲਿਆ ਅਤੇ ਸਾਹਿਤ ਜਗਤ ਵਿਚ ਬਹੁਤ ਸਨਮਾਨ ਖੱਟਿਆ ਪਰ ਜੇਕਰ ਉਹ ਗੀਤ ਲਿਖਣੇ ਜਾਰੀ ਰੱਖਦੇ ਤਾਂ ਸੰਗੀਤ ਦੀ ਦੁਨੀਆਂ ਵਿਚ ਨਾਮੀ ਗੀਤਕਾਰ ਹੁੰਦੇ। ਗਲੈਮਰ ਦਾ ਖੇਤਰ ਹੁਣ ਕਰਕੇ ਗੀਤਕਾਰੀ ਵਿਚ ਵਧੇਰੇ ਸ਼ੋਹਰਤ ਤੇ ਪੈਸਾ ਕਮਾਉਂਦੇ, ਜਿਵੇਂ ਕਹਾਣੀਆਂ ਲਿਖਣ ਤੋਂ ਸ਼ੁਰੂਆਤ ਕਰਨ ਵਾਲੇ ਸ਼ਮਸ਼ੇਰ ਸੰਧੂ ਨੇ ਜਦੋਂ ਗੀਤਕਾਰੀ ਵੱਲ ਮੋੜਾ ਕੱਟਿਆ ਤਾਂ ਮੁੜ ਕਹਾਣੀਕਾਰ ਬਣਨ ਬਾਰੇ ਨਹੀਂ ਸੋਚਿਆ। ਗੁਰਭਜਨ ਗਿੱਲ ਹੁਣ ਤੱਕ ਸ਼ਮਸ਼ੇਰ ਸੰਧੂ ਨੂੰ ਸਾਹਿਤ ਤੋਂ ਭੱਜਣ ਵਾਲਾ ਆਖ ਕੇ ਤਾਅਨਾ ਮਾਰਦੇ ਹਨ ਕਿ ਉਹ ਵਧੀਆ ਕਹਾਣੀਕਾਰ ਬਣਨ ਵਾਲੇ ਪਾਸੇ ਤੋਂ ਜਾਣ-ਬੁੱਝ ਕੇ ਗਾਉਣ ਵਾਲਿਆਂ ਵਾਲੇ ਪਾਸੇ ਪੈ ਗਿਆ। ਰਵਿੰਦਰ ਭੱਠਲ ਨੂੰ ਸਾਹਿਤ ਨਾਲ ਜ਼ਿਆਦਾ ਲਗਾਅ ਸੀ ਅਤੇ ਉਨ੍ਹਾਂ ਦੀ ਸੁਭਾਅ ਸ਼ੋਹਰਤ ਤੋਂ ਦੂਰ ਰਹਿਣ ਦਾ ਹੋਣ ਕਰਕੇ ਉਹ ਗੀਤ ਲਿਖਣ ਤੋਂ ਹਟਕੇ ਕਵਿਤਾਵਾਂ ਵਾਲੇ ਪਾਸੇ ਸਮਰਪਿਤ ਹੋ ਗਏ। ਜੇਕਰ ਉਹ ਵੀ ਗੀਤਕਾਰ ਬਣ ਜਾਂਦੇ ਤਾਂ ਗੁਰਭਜਨ ਗਿੱਲ ਹੁਰਾਂ ਨੇ ਸ਼ਮਸ਼ੇਰ ਸੰਧੂ ਤੇ ਰਵਿੰਦਰ ਭੱਠਲ ਦੋਵਾਂ ਨੂੰ ਤਾਅਨੇ ਮਾਰਨੇ ਸੀ। ਭੱਠਲ ਹੁਰੀਂ ਤਾਂ ਉਨ੍ਹਾਂ ਦੇ ਗੁਆਂਢੀ ਹੋਣ ਕਰਕੇ ਸਭ ਤੋਂ ਵੱਧ ਉਨ੍ਹਾਂ ਦੇ ਤਾਅਨਿਆਂ ਦਾ ਸਾਹਮਣਾ ਕਰਦੇ। ਭੱਠਲ ਹੁਰਾਂ ਨੂੰ ਉਸ ਨਰਾਤਾ ਰਾਮ ਦਾ ਧੰਨਵਾਦੀ ਹੋਣਾ ਚਾਹੀਦਾ ਹੈ, ਜਿਸ ਨੇ ਗੀਤ ਲੈ ਕੇ ਉਸ ਨੂੰ ਗਿੱਲ ਦੇ ਤਾਅਨਿਆਂ ਤੋਂ ਬਚਾ ਲਿਆ। ਭੱਠਲ ਤੇ ਸੰਧੂ ਦੋਵੇਂ ਗਿੱਲ ਹੁਰਾਂ ਦੇ ਗੂੜ੍ਹੇ ਮਿੱਤਰ ਹਨ ਜਾਂ ਇਹ ਕਹਿ ਲਵੋ ਜੇਕਰ ਗਿੱਲ ਸਾਬ੍ਹ ਤੋਂ ਦੋ ਕਰੀਬੀ ਮਿੱਤਰਾਂ ਦੇ ਨਾਮ ਪੁੱਛੇ ਜਾਣ ਤਾਂ ਉਹ ਰਵਿੰਦਰ ਭੱਠਲ ਤੇ ਸ਼ਮਸ਼ੇਰ ਸੰਧੂ ਦੋਵਾਂ ਦਾ ਹੀ ਨਾਮ ਲੈਣਗੇ। ਭੱਠਲ ਹੁਰਾਂ ਨੂੰ ਉਹ 'ਭਾਜੀ' ਅਤੇ ਸੰਧੂ ਸਾਬ ਨੂੰ 'ਸ਼ਮਸ਼ੇਰ' ਕਹਿ ਕੇ ਬੁਲਾਉਂਦੇ ਹਨ।

ਆਪਣੇ ਵਿਦਿਆਰਥੀ ਜੀਵਨ ਦੌਰਾਨ ਹੀ ਪਹਿਲਾ ਕਾਵਿ ਸੰਗ੍ਰਹਿ ਲਿਖਣ ਵਾਲੇ ਪ੍ਰੋ.ਭੱਠਲ ਨੇ ਕਦੇ ਵੀ ਕੋਈ ਸਾਹਿਤ ਰਚਨਾ ਕਿਸੇ ਦਾਇਰੇ ਵਿੱਚ ਸਮੇਟ ਕੇ ਨਹੀਂ ਲਿਖੀ। ਉਨ੍ਹਾਂ ਕਦੇ ਵੀ ਆਪਣੇ ਆਪ ਨੂੰ ਬੰਦਸ਼ ਵਿਚ ਨਹੀਂ ਬੰਨ੍ਹਿਆ, ਜਿਸ ਦੌਰ ਵਿਚੋਂ ਵੀ ਉਹ ਗੁਜ਼ਰੇ ਉਸ ਦੌਰ ਦੀਆਂ ਘਟਨਾਵਾਂ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਕੁਦਰਤ, ਲੋਕ ਸੱਚਾਈਆਂ, ਇਤਿਹਾਸਕ ਘਟਨਾਵਾਂ ਵੀ ਉਨ੍ਹਾਂ ਦੀਆਂ ਕਵਿਤਾਵਾਂ ਵਿਚੋਂ ਨਜ਼ਰ ਆਉਂਦੀਆਂ ਹਨ। ਮੁੱਢਲੇ ਦੌਰ ਵਿਚ ਉਨ੍ਹਾਂ ਦੀ ਇਕ ਕਵਿਤਾ 'ਨਾਗਮਣੀ' ਦੇ ਟਾਈਟਲ ਪੰਨੇ ਉਪਰ ਸਕੈਚ ਨਾਲ ਛਪੀ, ਜਿਸ ਨੇ ਉਨ੍ਹਾਂ ਅੰਦਰ ਛਿਪੇ ਵੱਡੇ ਕਵੀ ਦੀ ਸੰਭਾਵਨਾ ਨੂੰ ਉਜਾਗਰ ਕੀਤਾ। ਉਨ੍ਹਾਂ ਆਪਣਾ ਪਹਿਲਾ ਕਾਵਿ ਸੰਗ੍ਰਹਿ 'ਕਾਲੇ ਕੋਹਾਂ ਤੋਂ ਪਰ੍ਹੇ 1975 ਵਿਚ ਲਿਖਿਆ, ਜਿਸ ਵਿਚ ਕਵਿਤਾਵਾਂ ਦਾ ਵਿਸ਼ਾ ਸਥਾਪਤੀ ਵਿਰੁੱਧ ਸੀ। ਉਹ ਦੌਰ ਵੀ ਅਜਿਹਾ ਸੀ ਜਿੱਥੇ ਇਕ ਪਾਸੇ ਦੇਸ਼ ਵਿਚ ਐਮਰਜੈਂਸੀ ਲੱਗੀ ਸੀ, ਉਥੇ ਦੂਜੇ ਪਾਸੇ ਪੰਜਾਬ ਨਕਸਲਵਾਦ ਦੇ ਦੌਰ ਵਿਚੋਂ ਗੁਜ਼ਰਿਆ ਸੀ। ਰਵਿੰਦਰ ਭੱਠਲ ਨੇ 1978 ਵਿਚ ਆਪਣਾ ਦੂਜਾ ਕਾਵਿ ਸੰਗ੍ਰਹਿ 'ਓਦਰੀ ਧੁੱਪ' ਲਿਖਿਆ ਸੀ, ਜਿਸ ਵਿਚ ਉਸ ਦੀਆਂ ਕਵਿਤਾਵਾਂ ਪਿਆਰ, ਉਦਾਸੀ ਤੇ ਮਨ ਦੇ ਵਲਵਲਿਆਂ ਦੀ ਤਰਜ਼ਮਾਨੀ ਕਰਦੀਆਂ ਸਨ। 

PunjabKesari

ਤੀਜੀ ਪੁਸਤਕ ਕਾਵਿ ਸੰਗ੍ਰਹਿ 'ਪਾਗਲ ਪੌਣਾ' ਸੀ। ਇਸ ਪੁਸਤਕ ਦਾ ਖਰੜਾ ਵੀ ਪਹਿਲਾ ਇਕ ਪ੍ਰਕਾਸ਼ਕ ਕੋਲ ਪਿਆ ਰਿਹਾ ਅਤੇ ਫੇਰ ਚਾਰ-ਪੰਜ ਸਾਲਾਂ ਬਾਅਦ ਵਾਪਸ ਲੈ ਕੇ ਆਪ ਹੀ 1995 ਵਿਚ ਛਪਵਾਇਆ। ਇਸ ਕਿਤਾਬ ਦੀਆਂ ਕਵਿਤਾਵਾਂ ਅਤਿਵਾਦ ਦੇ ਕਾਲੇ ਦੌਰ ਵਿਚੋਂ ਗੁਜ਼ਰੇ ਪੰਜਾਬ ਦੇ ਸੰਤਾਪ ਦੀ ਕਹਾਣੀ ਬਿਆਨ ਕਰਦੀਆਂ ਸਨ। ਜਿਵੇਂ ਪ੍ਰੋ.ਭੱਠਲ ਦੇ ਸੁਭਾਅ ਵਿਚ ਜ਼ਿਆਦਾ ਸੁਰਖੀਆਂ ਬਟੋਰਨਾ ਨਹੀਂ, ਉਵੇਂ ਉਹ ਪੁਸਤਕਾਂ ਛਪਵਾਉਣ ਵਿਚ ਘੌਲੀ ਸੁਭਾਅ ਵਾਲੇ ਹਨ। ਇਥੋਂ ਤੱਕ ਛਪੀਆਂ ਪੁਸਤਕਾਂ ਦੀ ਮਸ਼ਹੂਰੀ ਤੋਂ ਗੁਰੇਜ਼ ਕਰਦੇ। ਬਰਨਾਲੇ ਦੇ ਤਰਕਸ਼ੀਲ ਆਗੂ ਅਤੇ ਵਿਸ਼ਵਭਾਰਤੀ ਪ੍ਰਕਾਸ਼ਨ ਦੇ ਸੰਸਥਾਪਕ ਮੇਘ ਰਾਜ ਮਿੱਤਰ ਹੁਰਾਂ ਦੀ ਪ੍ਰੇਰਨਾ ਨਾਲ ਆਖਰ ਉਨ੍ਹਾਂ ਦਾ ਚੌਥਾ ਕਾਵਿ ਸੰਗ੍ਰਹਿ 'ਅੰਬਰੀ ਅੱਖ' 2000 ਵਿਚ ਛਪਿਆ, ਜਿਸ ਵਿਚ ਪਹਿਲੀਆਂ ਤਿੰਨੇ 'ਕਾਲੇ ਕੋਹਾਂ ਤੋਂ ਪਰ੍ਹੇ', 'ਓਦਰੀ ਧੁੱਪ' ਤੇ 'ਪਾਗਲ ਪੌਣਾਂ' ਦੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ।

5ਵਾਂ ਕਾਵਿ ਸੰਗ੍ਰਹਿ 'ਸਤਰਾਂ' 2004 ਵਿਚ ਛਪਿਆ। ਇਸ ਤੋਂ ਬਾਅਦ ਅਗਲਾ 'ਮਨ ਮੰਮਟੀ ਦੇ ਮੋਰ' 2009 ਤੇ 'ਚਿਤਵਣੀ' 2014 ਵਿਚ ਛਪਿਆ। ਬਲਵੰਤ ਗਾਰਗੀ, ਪ੍ਰਿੰਸੀਪਲ ਸਰਵਣ ਸਿੰਘ ਨੇ ਜਿੱਥੇ ਵਾਰਤਕ ਵਿਚ ਰੇਖਾ ਚਿੱਤਰ ਲਿਖੇ, ਉਥੇ ਭੱਠਲ ਨੇ ਕਾਵਿ ਵਿਧਾ ਵਿਚ ਰੇਖਾ ਚਿੱਤਰ ਲਿਖ ਕੇ ਨਵੀਂ ਪਿਰਤ ਪਾਈ। ਉਨ੍ਹਾਂ ਮਨਮੋਹਨ ਬਾਵਾ, ਪ੍ਰੀਤਮ ਸਿੰਘ ਰਾਹੀ, ਮੋਹਨ ਕਾਹਲੋਂ, ਜੰਗ ਬਹਾਦਰ ਗੋਇਲ, ਪ੍ਰੋ.ਗੁਰਭਜਨ ਗਿੱਲ, ਰਮਾ ਰਤਨ, ਜੋਗਾ ਸਿੰਘ, ਦਲੀਪ ਕੌਰ ਟਿਵਾਣਾ, ਤੇਜਵੰਤ ਮਾਨ ਦੇ ਕਾਵਿ ਰੇਖਾ ਚਿੱਤਰ ਲਿਖੇ। ਉਹ ਦੱਸਦੇ ਹਨ ਕਿ ਕਾਵਿ ਰੇਖਾ ਚਿੱਤਰ ਲਿਖਣ ਦਾ ਵੀ ਸਬੱਬ ਤਾਂ ਬਣਿਆ, ਕਿਉਂਕਿ ਮਨਮੋਹਨ ਬਾਵਾ ਦਾ ਇਕ ਵਾਰ ਸਨਮਾਨ ਕਰਨਾ ਸੀ ਅਤੇ ਉਨ੍ਹਾਂ ਨੂੰ ਕੁਝ ਬੋਲਣ ਲਈ ਕਿਹਾ ਗਿਆ। ਉਨ੍ਹਾਂ ਨੇ ਕਾਵਿ ਰੇਖਾ ਚਿੱਤਰ ਲਿਖਿਆ, ਜੋ ਪੜ੍ਹ ਕੇ ਸੁਣਾਇਆ। ਇਸੇ ਤਰ੍ਹਾਂ ਗੁਰਭਜਨ ਗਿੱਲਾਂ ਹੁਰਾਂ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਸਨਮਾਨ ਵਿਚ ਲਿਖਿਆ ਕਾਵਿ ਰੇਖਾ ਚਿੱਤਰ ਪੜ੍ਹ ਕੇ ਸੁਣਾਇਆ। ਹੁਣੇ ਜਿਹੇ ਉਨ੍ਹਾਂ ਆਪਣਾਂ ਨਵਾਂ ਕਾਵਿ ਸੰਗ੍ਰਹਿ 'ਇਕ ਸੰਸਾਰ ਇਹ ਵੀ' ਲਿਖਿਆ ਹੈ। ਇਹ ਵੀ ਆਪਣੇ ਕਿਸਮ ਦਾ ਨਿਵੇਕਲਾ ਕਾਵਿ ਸੰਗ੍ਰਹਿ ਹੈ, ਜੋ ਉਨ੍ਹਾਂ ਆਪਣੀ ਬੇਟੀ ਇਬਨਾ ਦੇ ਜਨਮ ਤੋਂ ਲੈ ਕੇ ਇਬਨਾ ਦੇ ਕਾਲਜ ਦੀ ਪ੍ਰੋਫੈਸਰੀ ਤੱਕ ਉਸ ਦੇ ਹਰ ਦੌਰ ਦੀਆਂ ਘਟਨਾਵਾਂ ਉਤੇ ਲਿਖਿਆ ਹੈ। ਭੱਠਲ ਹੁਰੀਂ ਦੱਸਦੇ ਹਨ ਜਦੋਂ ਉਹ ਰਾਤ ਨੂੰ ਦੇਰ ਨਾਲ ਘਰ ਪਹੁੰਚਦੇ ਤਾਂ ਇਬਨਾ ਦਰਵਾਜ਼ੇ ਨਾਲ ਲੱਗੀ ਉਡੀਕ ਰਹੀ ਹੁੰਦੀ। ਅਜਿਹੀਆਂ ਹੀ ਪਿਓ-ਧੀ ਦੀ ਸਾਂਝ ਨੂੰ ਪ੍ਰਗਟਾਉਂਦੀਆਂ ਕਵਿਤਾਵਾਂ ਲਿਖੀਆਂ ਹਨ, ਜਿਹੜੀਆਂ ਬਾਬਲ ਦੇ ਧੀ ਲਈ ਵਲਵਲਿਆਂ ਅਤੇ ਧੀ ਦੇ ਬਾਪ ਲਈ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੀਆਂ ਹਨ। ਇਸ ਪੁਸਤਕ ਦੀ ਭੂਮਿਕਾ ਵਿਚ ਗੁਰਭਜਨ ਗਿੱਲ ਲਿਖਦੇ ਹਨ,

''ਸਾਡੇ ਕੋਲ ਮੇਰੀ ਸੂਝ ਮੁਤਾਬਕ ਹੁਣ ਤੀਕ ਇਕ ਵੀ ਕਾਵਿ-ਪੁਸਤਕ ਨਹੀਂ, ਜੋ ਨਿਰੋਲ ਧੀ ਨੂੰ ਕੇਂਦਰ 'ਚ ਰੱਖ ਕੇ ਲਿਖੀ ਗਈ ਹੋਵੇ। ਮੈਨੂੰ ਪਤਾ ਹੈ ਕਿ 1992 'ਚ ਇਬਨਾ ਦੇ ਜਨਮ ਤੋਂ ਕੁਝ ਸਮੇਂ ਬਾਅਦ ਪ੍ਰੋ. ਭੱਠਲ ਨੇ ਇਹ ਕਵਿਤਾਵਾਂ ਲਿਖਣੀਆਂ ਅਤੇ ਪਰਿਵਾਰਕ ਚੌਗਿਰਦੇ 'ਚ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਲਗਭਗ ਤੇਈ-ਚੌਵੀ ਸਾਲ ਦੇ ਸਮਾਕਾਲ 'ਚ ਫੈਲੀਆਂ ਇਹ ਕਵਿਤਾਵਾਂ ਸਿਰਫ਼ ਬਾਲੜੀ ਧੀ ਤੋਂ ਮੁਟਿਆਰ ਹੋਣ ਤੀਕ ਪਸਰਿਆ ਮੋਹ-ਮਮਤਾ ਦਾ ਸਫ਼ਰਨਾਮਾ ਹੀ ਨਹੀਂ ਸਗੋਂ ਸਮਾਕਾਲ 'ਚ ਮਰਦ-ਪ੍ਰਧਾਨ ਸਮਾਜ ਦੇ ਵਰਤਾਰੇ ਤੇ ਵਰਤੋਂ-ਵਿਹਾਰ ਦੀਆਂ ਬੁਰਸ਼-ਛੋਹਾਂ ਨਾਲ ਭਰਪੂਰ ਹੈ। ਪ੍ਰੋ. ਰਵਿੰਦਰ ਭੱਠਲ ਦੀਆਂ ਇਸ ਸੰਗ੍ਰਹਿ 'ਚ ਸ਼ਾਮਲ ਕਵਿਤਾਵਾਂ ਉਪਦੇਸ਼-ਪੁਸਤਕ ਨਹੀਂ ਸਗੋਂ ਧੀ ਨਾਲ, ਧੀ ਬਾਰੇ ਕਾਵਿ-ਚਿੱਠੀਆਂ ਵਰਗੀ ਗੁਫ਼ਤਗੂ ਹੈ। ਜੋ ਲੋਕ-ਮਨ ਨੂੰ ਕੀਲਣ ਦੇ ਸਮਰੱਥ ਹੈ। ਹਰ ਘਰ 'ਚ ਧੀਆਂ ਦੀ ਪਰਵਰਿਸ਼ ਤਾਂ ਹੋ ਰਹੀ ਹੈ ਪਰ ਉਸ ਦੇ ਸਿਰਜਨਾਤਮਕ ਕਰਤਾਰੀ ਪਲਾਂ ਬਾਰੇ ਕਾਵਿ-ਉਕਤੀਆਂ ਦਾ ਦਸਤਾਵੇਜ਼ੀ ਪ੍ਰਮਾਣੀਕਰਣ ਨਹੀਂ ਹੈ। ਪ੍ਰੋਂ ਭੱਠਲ ਦੀ ਇਹ ਕਾਵਿ-ਪੁਸਤਕ ''ਇਕ ਸੰਸਾਰ ਇਹ '' ਯਕੀਨਨ ਗਿਆਨ ਦੇਣ ਦੀ ਪ੍ਰਕ੍ਰਿਆ ਨਹੀਂ, ਸਗੋਂ ਗਿਆਨ ਲੈਣ ਅਤੇ ਦੇਣ ਦੀ ਦੁਵੱਲੀ ਪ੍ਰਕ੍ਰਿਆ ਹੈ। ਗਿਆਨ ਲੈਣ ਦੇ ਨਾਲ-ਨਾਲ ਸਮਝਣ ਅਤੇ ਸਮਝਾਉਣ ਦੀ।''

ਰਵਿੰਦਰ ਭੱਠਲ ਦੇ ਘਰ ਵਿਚ ਮਾਹੌਲ ਸਾਹਿਤਕ ਰੰਗ ਵਿਚ ਰੰਗਿਆ ਹੋਇਆ ਹੈ। ਪਤਨੀ ਸੁਰਿੰਦਰ ਕੌਰ, ਜਿੱਥੇ ਪੰਜਾਬੀ ਦੀ ਅਧਿਆਪਕ ਹੈ, ਉਥੇ ਬੇਟੀ ਇਬਨਾ ਅੰਗਰੇਜ਼ੀ ਸਾਹਿਤ ਦੀ ਵਿਦਿਆਰਥਣ ਰਹੀ ਅਤੇ ਹੁਣ ਅੰਗਰੇਜ਼ੀ ਪੜ੍ਹਾਉਂਦੀ ਹੈ। ਭਰਾ ਸੁਰਿੰਦਰ ਭੱਠਲ ਵੀ ਪੰਜਾਬੀ ਪੜ੍ਹਾਉਂਦਾ ਰਿਹਾ। ਭੈਣ ਕੁਲਵੰਤ ਢਿੱਲੋਂ ਸਾਹਿਤਕ ਰੁਚੀਆਂ ਵਾਲੀ ਹੈ ਜਿਸ ਦਾ ਜ਼ਿਕਰ ਰਾਮ ਸਰੂਪ ਅਣਖੀ ਨੇ ਆਪਣੀ ਇੰਗਲੈਂਡ ਫੇਰੀ ਬਾਰੇ ਲਿਖੀਆਂ ਲਿਖਤਾਂ ਵਿਚ ਰੱਜ ਕੇ ਕੀਤਾ। ਨਿੰਦਰ ਘੁਗਿਆਣਵੀ ਨੇ ਵੀ ਆਪਣੇ ਸਫ਼ਰਨਾਮੇ ਵਿਚ ਭੂਆ ਕੁਲਵੰਤ ਕੌਰ ਕਹਿ ਕੇ ਵਡਿਆਇਆ ਹੈ। ਪ੍ਰੋ. ਭੱਠਲ ਦਾ ਭਾਣਜਾ ਸਮਿਤ ਸਿੰਘ, ਜੋ ਕੌਮਾਂਤਰੀ ਨਿਸ਼ਾਨੇਬਾਜ਼ ਹੈ, ਅਕਸਰ ਕਹਿੰਦਾ ਹੁੰਦਾ ਹੈ ਕਿ ਉਸ ਦੇ ਨਾਨਕੇ ਸਾਹਿਤਕ ਗੁਣਾਂ ਵਾਲੇ ਹਨ ਅਤੇ ਉਸ ਵਿਚ ਲਿਖਣ-ਪੜ੍ਹਨ ਦੇ ਗੁਣ ਨਾਨਕਿਆਂ ਵਾਲੇ ਪਾਸੇ ਤੋਂ ਆਏ ਹਨ। ਰਵਿੰਦਰ ਭੱਠਲ ਦੇ ਸਹੁਰੇ ਸੰਗਰੂਰ ਜ਼ਿਲੇ ਦੇ ਪਿੰਡ ਝੂੰਦਾਂ ਹਨ। ਵਿਧਾਇਕ ਰਹੇ ਇਕਬਾਲ ਸਿੰਘ ਝੂੰਦਾਂ ਉਨ੍ਹਾਂ ਦੇ ਸਹੁਰੇ ਪਰਿਵਾਰ ਵਿਚੋਂ ਹੀ ਹਨ। ਅਮਰਗੜ੍ਹ ਲਾਗਲੇ ਇਸ ਛੋਟੇ ਜਿਹੇ ਪਿੰਡ ਦੇ 10-12 ਵਸਨੀਕ ਪੀ.ਐੱਚ.ਡੀ. ਹਨ। ਪ੍ਰਸਿੱਧ ਸਾਹਿਤਕਾਰ ਹਰਿੰਦਰ ਮਹਿਬੂਬ ਵੀ ਇਸੇ ਪਿੰਡ ਦਾ ਸੀ, ਜਿਸ ਦੀ ਯਾਦ ਵਿਚ 95 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਪਿੰਡ ਵਿਚ ਬਣਾਈ ਹੋਈ ਹੈ। ਇਸ ਲਾਇਬ੍ਰੇਰੀ ਕਮੇਟੀ ਦੇ 6 ਮੈਂਬਰ ਪਿੰਡੋਂ ਵਿਚੋਂ ਲਏ ਹਨ ਅਤੇ 7ਵੇਂ ਮੈਂਬਰ ਰਵਿੰਦਰ ਭੱਠਲ ਹਨ।

ਭੱਠਲ ਹੁਰਾਂ ਕਈ ਪੁਸਤਕਾਂ ਸੰਪਾਦਿਤ ਵੀ ਕੀਤੀਆਂ, ਜਿਨ੍ਹਾਂ ਵਿਚ 'ਲੋਕ-ਧੜਕਣ ਦਾ ਤਪਦਾ ਤੰਦੂਰ: ਗਾਸੋ', 'ਗਲਪਕਾਰ ਰਾਮ ਸਰੂਪ ਅਣਖੀ', 'ਮਾਰਕਸਵਾਦੀ ਸਾਹਿਤ ਚਿੰਤਨ', 'ਸਮਕਾਲੀ ਸਰੋਕਾਰ', 'ਪੰਜਾਬੀ ਸੱਭਿਆਚਾਰ ਤੇ ਲੋਕ ਧਾਰਾ', 'ਚੁਣੌਤੀ ਤੇ ਸੰਭਾਵਨਾਵਾਂ', 'ਪੰਜਾਬੀ ਸਾਹਿਤ: ਸਮਕਾਲੀ ਦ੍ਰਿਸ਼', 'ਕੁਝ ਸਰਵੋਤਮ ਸਾਹਿਤ ਸਿਰਜਕ', 'ਸ੍ਰੀ ਗੁਰੂ ਗ੍ਰੰਥ ਸਾਹਿਬ: ਵਿਭਿੰਨ ਪਾਸਾਰ', 'ਰਚਨਾ ਚਿੰਤਨ ਸੰਵਾਦ' ਸ਼ਾਮਲ ਹਨ, ਜਦੋਂਕਿ 'ਚੀਨੀ ਯਾਤਰਾ ਫ਼ਾਹਿਯਾਨ ਦਾ ਯਾਤਰਾ ਵਰਣਨ', ਬਾਲ ਪੁਸਤਕ 'ਚੂਹਾਂ ਸੱਤ ਪੂਛਾਂ ਵਾਲਾ', 'ਪ੍ਰਿਥਵੀ ਲਕਸ਼' ਤੇ 'ਸਵੈ ਦਾ ਸਾਹਮਣਾ' ਅਨੁਵਾਦਤ ਕੀਤੀਆਂ।

ਪ੍ਰੋ.ਰਵਿੰਦਰ ਭੱਠਲ ਦਾ ਮੰਨਣਾ ਹੈ ਕਿ ਕਵਿਤਾ ਉਨ੍ਹਾਂ ਸ਼ੁਗਲ ਵਜੋਂ ਲਿਖਣੀ ਨਹੀਂ ਸ਼ੁਰੂ ਕੀਤੀ ਸਗੋਂ, ਜੋ ਕੁਝ ਸਮਾਜ ਵਿਚ ਵਾਪਰਿਆ, ਉਨ੍ਹਾਂ ਨੇ ਤਾਂ ਇਨ੍ਹਾਂ ਘਟਨਾਵਾਂ ਨੂੰ ਸ਼ਬਦਾਂ ਦਾ ਰੂਪ ਦੇਣ ਲਈ ਕਵਿਤਾਵਾਂ ਲਿਖੀਆਂ। ਉਹ ਖੁਦ ਲਿਖਦੇ ਹਨ, ''ਕਵਿਤਾ ਮੇਰੇ ਲਈ ਮਹਿਜ਼ ਇਕ ਸ਼ੁਗਲ ਨਹੀਂ ਰਿਹਾ। ਇਹ ਇਕ ਲੋੜ ਦੀ ਉਪਜ ਸੀ। ਆਪਣੇ ਆਪ ਨੂੰ ਸਾਵਾਂ ਰੱਖਣ ਦਾ ਯਤਨ ਸੀ। ਲੋੜਾਂ, ਥੁੜ੍ਹਾਂ, ਸੁਪਨਿਆਂ ਦੀ ਅਪੂਰਤੀ, ਆਪਣੇ ਅੰਦਰ ਤੇ ਬਾਹਰ ਵਾਪਰਦਾ ਅਸੁਖਾਵਾਂਪਣ ’ਤੇ ਪਤਾ ਨਹੀਂ ਕਿੰਨਾ ਕੁਝ ਹੋਰ ਸੀ, ਜਿਸਨੇ ਮੇਰੇ ਜਿਹੇ ਚੁੱਪ-ਚੁਪੀਤੇ ਬੰਦੇ ਨੂੰ ਕਲਮ ਰਾਹੀਂ ਕਹਿਣ ਲਈ ਮਜ਼ਬੂਰ ਕਰ ਦਿੱਤਾ। 1969 ਵਿਚ ਐੱਮ.ਏ. ਕਰਨ ਤੋਂ ਬਾਅਦ ਇਕ ਸਾਲ ਦਾ ਵੇਹਲਾਪਣ, ਨਕਸਲੀ ਲਹਿਰ, ਵਿਦਿਆਰਥੀ ਅੰਦੋਲਨ, ਐਮਰਜੈਂਸੀ, ਖਾੜਕੂ ਲਹਿਰ ਆਦਿ ਕਿੰਨੀ ਸਾਰੀ ਹਲਚਲ ਇਸ ਦੌਰ ਦੇ ਹਿੱਸੇ ਆਈ। ਮੇਰੀ ਕਵਿਤਾ ਇਸ ਦੌਰ ਵਿਚੋਂ ਦੀ ਲੰਘਦੀ ਰਹੀ ਹੈ-ਇਕ ਸੁਨੇਹਾ, ਇਕ ਪੈਗ਼ਾਮ, ਇਕ ਵੰਗਾਰ ਤੇ ਇਕ ਧਰਵਾਸ ਬਣ ਕੇ।'' 

ਭੱਠਲ ਦੀਆਂ ਕਵਿਤਾਵਾਂ ਛੰਦਬੰਦੀ ਦੀ ਬੰਦਿਸ਼ ਤੋਂ ਮੁਕਤ ਹਨ। ਉਸ ਦੀਆਂ ਕਵਿਤਾਵਾਂ ਵਗਦੇ ਪਾਣੀਆਂ ਵਾਂਗ ਆਪਣਾ ਰਾਹ ਆਪ ਤਲਾਸ਼ਦੀਆਂ ਹਨ। ਪ੍ਰੋ. ਭੱਠਲ ਨੇ ਚਾਰ ਸਤਰਾਂ ਦੀ ਕਵਿਤਾ ਵੀ ਲਿਖੀ ਹੈ ਅਤੇ 10-12 ਪੰਨਿਆਂ ਦੀ ਵੀ। ਭੱਠਲ ਦੀਆਂ ਕਵਿਤਾਵਾਂ ਦੇ ਵਿਸ਼ੇ ਅਤੇ ਪਾਤਰ ਸਧਾਰਨ ਹਨ। ਸ਼ੁਰੂਆਤ 'ਚ ਭੱਠਲ ਦੀਆਂ ਕਵਿਤਾਵਾਂ ਮਾਰਕਸਵਾਦੀ ਵਿਚਾਰਧਾਰਾ ਨਾਲ ਲਬਰੇਜ਼ ਹਨ। ਹੌਲੀ-ਹੌਲੀ ਉਹ ਆਪਣੇ ਆਪ ਨੂੰ ਕਿਸੇ ਇਕ ਵਿਚਾਰਧਾਰਾ ਜਾਂ ਵਿਸ਼ੇਸ਼ ਵਰਗ ਤੋਂ ਮੁਕਤ ਕਰ ਲੈਂਦਾ ਹੈ। ਕਵੀ ਕਵਿਤਾਵਾਂ ਵਿਚ ਅਲੰਕਾਰਾਂ ਦੀ ਵਰਤੋਂ ਕਰਦਿਆਂ ਕਈ ਵਾਰ ਇਕ ਸਤਰ ਵਿਚ ਵਿਲੱਖਣ ਕਿਸਮ ਦਾ ਵਿਅੰਗ ਕਰਦਾ ਹੈ। ਰਵਿੰਦਰ ਭੱਠਲ ਦੀਆਂ ਕਵਿਤਾਵਾਂ ਵਿਚ ਇਕੋ ਵੇਲੇ ਨਿੱਜ ਅਤੇ ਸਮੂਹ ਦੇ ਸਾਂਝੇ ਭਾਵਾਂ ਦੀ ਪੇਸ਼ਕਾਰੀ ਦੇਖਣ ਨੂੰ ਮਿਲਦੀ ਹੈ। ਕਵੀ ਲਿਖਦਾ ਹੈ ਕਿ 'ਕਵਿਤਾ ਮੇਰਾ ਸਹਾਰਾ ਹੀ ਨਹੀਂ ਸਗੋਂ 'ਮੈਂ' ਬਣੀ ਹੈ। ਇਸ 'ਮੈਂ' ਵਿਚ ਕੱਲਾ ਮੇਰਾ ਆਪਾ ਹੀ ਨਹੀਂ, ਸਗੋਂ ਬਹੁਤ ਵਾਰੀ ਲੋਕਾਂ ਦਾ ਆਪਾ ਬੋਲ ਰਿਹਾ ਹੁੰਦਾ ਹੈ।' ਭੱਠਲ ਦੀਆਂ ਕਵਿਤਾਵਾਂ ਵਿਚ ਆਮ ਸ਼ਬਦ ਵੀ ਇੰਨੇ ਡੂੰਘੇ ਅਰਥ ਬਿਆਨ ਦਿੰਦੇ ਹਨ, ਜਿਹੜੇ ਅਲੰਕਾਰਾਂ ਤੇ ਪ੍ਰਤੀਕਾਂ ਦਾ ਰੂਪ ਹੋ ਨਿਬੜਦੇ ਹਨ:

ਮੇਰੀਆਂ ਆਲ੍ਹਣੇ ਵਰਗੀਆਂ ਅੱਖਾਂ ਵਿਚ,
ਮਸੂਮ ਘੁੱਗੀ ਦੇ ਬੋਟ ਵੀ ਪਲਦੇ ਹਨ,
ਗਿਰਝ ਦੀਆਂ ਖੂੰ-ਖਾਰ ਨਹੁੰਦਰਾਂ ਦੇ ਨਿਸ਼ਾਨ ਵੀ।

ਭੱਠਲ ਪੰਜਾਬੀ ਭਵਨ, ਲੁਧਿਆਣਾ ਨੂੰ ਆਪਣੀ ਕਵਿਤਾ ਦਾ ਸ਼ਿੰਗਾਰ ਬਣਾਉਂਦਾ ਹੈ, ਜਿਹੜਾ ਕਿ ਕਵੀ ਦਾ ਦੂਜਾ ਘਰ ਹੈ। ਉਹ ਲੁਧਿਆਣਾ ਨੇੜਿਓ ਗੁਜ਼ਰਦੇ ਸਤਲੁਜ ਦੀ ਗੱਲ ਵੀ ਕਰਦਾ ਹੈ ਅਤੇ ਬੁੱਢੇ ਦਰਿਆ ਦੀ ਬਾਤ ਵੀ ਪਾਉਂਦਾ ਹੈ। 'ਸਤਲੁਜ ਦੀ ਸਹੁੰ' ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਹੋਕਾ ਦਿੰਦਾ ਹੈ। 'ਮੈਂ ਕਦੋਂ ਚਾਹਿਆ ਸੀ' ਵਿਚ ਉਹ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਦੀ ਵੀ ਗੱਲ ਕਰਦਾ ਹੈ, ਜੋ ਨਵੀਂ ਪੀੜ੍ਹੀ ਬੁੱਤ ਤੋਂ ਫਲਸਫੇ ਵਿਚ ਬਦਲਣ ਦਾ ਸੱਦਾ ਦਿੰਦਾ ਹੈ। ਕਵੀ ਲੁਧਿਆਣਾ ਦੀਆਂ ਗੱਲਾਂ ਕਰਦਾ-ਕਰਦਾ 'ਤੁਰ ਪਵੋਂ' ਕਵਿਤਾ ਵਿਚ ਇਰਾਕ ਪਹੁੰਚ ਜਾਂਦਾ ਹੈ। 'ਉਹ ਦਿਨ ਦੂਰ ਨਹੀਂ' ਵਿਚ ਇਰਾਕੀ ਪ੍ਰੇਮੀ ਦੀ ਗੱਲ ਤੋਰਦਾ ਹੈ। ਇਸ ਤਰ੍ਹਾਂ ਕਵੀ ਦੀਆਂ ਕਲਪਨਾਵਾਂ ਦੀ ਉਡਾਰੀ ਵੀ ਲੰਬੀ ਹੈ। ਕਵੀ ਮਨ ਦੇ ਵਲਵਲਿਆਂ ਨੂੰ ਪ੍ਰਗਟਾਉਣ ਲਈ ਸਰਹੱਦਾਂ ਤੋਂ ਪਾਰ ਚਲੇ ਜਾਂਦਾ ਹੈ। ਮਾਂ-ਬਾਪ ਦੀਆਂ ਗੱਲਾਂ ਅਤੇ ਲੋਕ ਸੱਚਾਈਆਂ ਦੱਸਦੀਆਂ ਭੱਠਲ ਦੀਆਂ ਕਵਿਤਾਵਾਂ ਲੋਕ ਗੀਤ ਦਾ ਰੂਪ ਵੀ ਬਣ ਜਾਂਦੀਆਂ ਹਨ। ਕਵੀ ਲੋਪ ਹੁੰਦੇ ਜਾ ਰਹੇ ਸੱਭਿਆਚਾਰ ਪ੍ਰਤੀ ਨਿਮਨਲਿਖਤ ਕਵਿਤਾ ਰਾਹੀਂ ਝੂਰਦਾ ਪ੍ਰਤੀਤ ਹੁੰਦਾ ਹੈ:

ਮਾਂ ਮੇਰੀਏ,
ਮੈਨੂੰ ਤੇਰੀਆਂ ਲੋਰੀਆਂ ਯਾਦ ਆਉਂਦੀਆਂ ਨੇ,
ਘੜਿਆਂ ਦੀ ਪਿੱਠ 'ਤੇ ਸੇਵੀਆਂ ਵੱਟਣਾ,
ਮਲ੍ਹਿਆ ਨਾਲੋਂ ਬੇਰ ਤੋੜਣੇ..
ਅੱਡੀ-ਟੱਪਾ, ਪੀਚੋ ਬੱਕਰੀ ਖੇਡਣਾ ਹੱਸਣਾ ਕੁੱਦਣਾ ਗੀਤ ਗਾਉਣਾ..
ਪੇਕੇ ਆਈ ਭੂਆ ਤੋਂ ਬਾਤਾਂ ਸੁਣਨਾ..
ਇਥੇ ਜ਼ਿੰਦਗੀ ਬੇਰੌਣਕ ਜਿਹੀ ਹੈ।

ਕਵੀ ਨੂੰ ਜਿੱਥੇ ਇਤਿਹਾਸਕ ਪਾਤਰ ਅਤੇ ਇਤਿਹਾਸਕ ਘਟਨਾਵਾਂ ਖਿੱਚਦੀਆਂ ਹਨ, ਉੱਥੇ ਹੀ ਸਮਕਾਲੀ ਘਟਨਾਵਾਂ ਡੂੰਘਾ ਅਸਰ ਪਾਉਂਦੀਆਂ ਹਨ। ਇਤਿਹਾਸਕ ਪ੍ਰਸੰਗ ਵਾਲੀਆਂ ਕਵਿਤਾਵਾਂ 'ਬੋਲੀ ਪੌਣ ਠਠੰਬਰੀ', 'ਆਤਮ ਚਿੰਤਨ', 'ਹਾਰ' ਅਤੇ 'ਖਿਦਰਾਣੇ ਦੀ ਢਾਬ' ਵਿਚ ਕਵੀ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਦੀ ਜੰਗ ਵਿਚ ਲੜਦਿਆਂ ਦਿੱਤੀ ਲਾਸਾਨੀ ਸ਼ਹਾਦਤ, ਛੋਟੇ ਸ਼ਾਹਿਬਜ਼ਾਂਦਿਆਂ ਤੇ ਮਾਤਾ ਗੁਜਰੀ ਦੀ ਸ਼ਹੀਦੀ ਵਾਲਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਸਾਕਾ ਸਰਹਿੰਦ, ਭਾਈ ਮਹਾਂ ਸਿੰਘ ਅਤੇ ਚਾਲੀ ਮੁਕਤਿਆਂ ਦੀ ਸ਼ਹੀਦੀ ਗਾਥਾ ਦੱਸਦਾ ਹੈ। 'ਅਦਨੇ ਜਿਹੇ ਆਦਮੀ ਦੀ ਜਗਿਆਸਾ' ਵਿਚ ਗੁਰੂ ਗੋਬਿੰਦ ਸਿੰਘ, ਬੇਗਮਪੁਰਾ, ਕਲਗੀ ਵਾਲੇ ਪਾਤਸ਼ਾਹ, ਜਮਨਾ ਤੋਂ ਸਰਾਸ, ਗੋਦਾਵਰੀ, ਜਾਪ ਸਾਹਿਬ ਤੇ ਜ਼ਫਰਨਾਮਾ ਸਭ ਦੀ ਗੱਲ ਕਰ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ਤੋਂ ਭਟਕਿਆਂ ਲਈ ਉਹ 'ਮੇਰੇ ਨਾਨਕ ਪਾਤਸ਼ਾਹ' ਲਿਖਦਾ ਹੈ। ਨਕਸਲਬਾੜੀ ਦੌਰ ਦੌਰਾਨ ਲਿਖੀਆਂ ਕਵਿਤਾਵਾਂ ਵਿਚ ਭੱਠਲ ਦੀ ਭਾਸ਼ਾ ਪ੍ਰਚੰਡ ਰੂਪ ਧਾਰਨ ਕਰਦੀ ਹੋਈ ਹਿੰਸਾ ਨੂੰ ਵੀ ਜਾਇਜ਼ ਠਹਿਰਾਉਂਦੀ ਹੈ। ਇਥੇ ਵੀ ਉਹ ਇਤਿਹਾਸ ਦੀਆਂ ਘਟਨਾਵਾਂ ਅਤੇ ਉਸ ਦੇ ਪਾਤਰਾਂ ਰਾਹੀਂ ਆਪਣੀ ਗੱਲ ਕਹਿੰਦਾ ਹੈ। ਇੱਥੇ ਉਹ ਇਨਕਲਾਬੀ ਕਵੀ ਬਣ ਕੇ ਸ਼ੰਘਰਸ਼ ਦਾ ਸੱਦਾ ਦਿੰਦਾ ਹੈ। ਨਮੂਨਾ ਦੇਖੋ:

ਇਸ ਤੋਂ ਪਹਿਲਾਂ ਕਿ ਮੈਂ,
ਗੁਦਾਵਰੀ ਵਿਚ ਡੁੱਬ ਜਾਵਾਂ,
ਕਲਗੀ ਵਾਲਿਆ ਮੈਨੂੰ ਤੀਕਰ ਬਖ਼ਸ਼ ਦੇ..,
ਮੇਰਾ ਅੱਗ ਦਾ ਦਰਿਆ ਤਰਨ ਨੂੰ ਜੀਅ ਕਰਦਾ ਹੈ,
ਤੇ ਅਣਖ ਦੀ ਮੌਤ ਮਰਨ ਨੂੰ ਜੀਅ ਕਰਦਾ ਹੈ।
ਜਾਂ ਫਿਰ,
ਮੇਰੇ ਪੈਰਾਂ ਨੇ ਕਸਮ ਖਾਧੀ ਹੈ,
ਵਗਦੇ ਲਹੂ ਦੇ ਰਿਸਦੇ ਛਾਲਿਆਂ ਦੇ ਸੰਗ ਵੀ..,
ਰਾਮ ਦੇ ਚਰਨਾਂ ਦੀ ਛੁਹ ਵਾਕੁਰ,
ਅਹੱਲਿਆ ਪੱਥਰ ਨੂੰ ਮੁੜ ਜੀਉਂਦਾ ਕਰਨਗੇ,
ਪੈਰ, ਕਿਤੇ ਸੋਨੇ ਦੀ ਲੰਕਾ ਮੇਟਣ ਦੀ ਲਈ।

ਭੱਠਲ ਆਪਣੀ ਕਵਿਤਾਵਾਂ ਰਾਹੀਂ ਸੰਘਰਸ਼ ਦਾ ਸੱਦਾ ਦਿੰਦਾ ਹੈ। ਇਸੇ ਨੂੰ ਬਿਆਨਦੀ ਕਵਿਤਾ ਲਿਖਦਾ ਹੈ ਜਿਸ ਵਿੱਚ ਇਤਿਹਾਸ ਦੀ ਘਟਨਾ ਦਾ ਵੀ ਜ਼ਿਕਰ ਹੈ। 

ਆਓ ਮੱਥੇ 'ਚ ਸੂਹੀ ਲਾਟ ਜਗਾ ਕੇ ਤੁਰੀਏ,
ਆਉ ਪੈਰਾਂ ਚ  ਬਿਜਲੀਆਂ ਤੜਫਾਕੇ ਤੁਰੀਏ,
ਕਿਉਂ ਜੰਗਲ ਦੀ ਜੂਹ ਤੋਂ ਡਰਦੇ ਹੋ,
ਕੀ ਮਾਛੀਵਾੜੇ ਦੀ ਧਰਤੀ ਜੰਗਲ ਨਹੀਂ ਸੀ ?
ਇੰਜ ਕਦੇ ਜੰਗਲ ਦਾ ਕਾਨੂੰਨ ਨਹੀਂ ਬਦਲਦਾ।
ਧਰਮ ਦੇ ਬਦਲਦੇ ਸਰੋਕਾਰਾਂ ਬਾਰੇ ਵਿਅੰਗ ਕਰਦਾ ਉਹ ਲਿਖਦਾ ਹੈ,
ਲੋਕ ਹੁਣ ਅਕੀਦਿਆਂ 'ਚ ਨਹੀਂ,
ਸਿਰਫ਼ ਲਿਬਾਸਾਂ ਵਿਚ ਜਿਉਣ ਲੱਗ ਪਏ,
ਤੇ ਧਰਮ ਜੋ ਕਦੇ,
ਜ਼ਿੰਦਗੀ ਜਿਉਣ ਦੀ ਜਾਚ ਦੱਸਦਾ ਸੀ,
ਹੁਣ ਮਰਨ ਤੇ ਮਾਰਨ ਦੇ ਤਰੀਕੇ ਦੱਸ ਰਿਹਾ ਹੈ।

ਰਵਿੰਦਰ ਭੱਠਲ ਔਰਤਾਂ ਨਾਲ ਹੁੰਦੇ ਅੱਤਿਆਚਾਰ ਨੂੰ ਆਪਣੀ ਕਵਿਤਾ ਰਾਹੀਂ ਉਭਾਰਦਿਆਂ ਔਰਤਾਂ ਨੂੰ ਝੰਡਾ ਚੁੱਕਣ ਦਾ ਸੱਦਾ ਦਿੰਦਾ ਹੈ। ਉਹ ਔਰਤ ਦੇ ਦਮਨ, ਸਥਾਪਤੀ ਦੇ ਅਣ-ਮਨੁੱਖੀ ਵਰਤਾਰੇ ਅਤੇ ਹਰ ਮਨੁੱਖ ਦੀ ਢਾਹ ਲਾਊ ਰੁਚੀ ਦੇ ਵਿਰੋਧ ਦੀ ਕਵਿਤਾ ਲਿਖਦਾ ਹੈ। ਕੁਦਰਤ, ਅਸਲ ਜੀਵਨ ਦੇ ਇਤਿਹਾਸਕ ਪਾਤਰ, ਸਥਾਪਤੀ  ਵਿਰੋਧੀ, ਸੰਘਰਸ਼ ਦੇ ਰਾਹ ਪਾਉਣ ਦੀ ਪ੍ਰੇਰਣਾ ਉਨ੍ਹਾਂ ਦੇ ਮਨ ਭਾਉਂਦੇ ਵਿਸ਼ੇ ਹਨ। ਉਹ ਮਨੁੱਖ ਦੀ ਬਰਾਬਰੀ, ਸਮਾਜਿਕ ਨਿਆਂ, ਦਲਿਤਾਂ ਤੇ ਔਰਤਾਂ ਦੀ ਮੁਕਤੀ ਦਾ ਹੋਕਾ ਦਿੰਦਾ ਹੈ। ਉਸ ਦੀਆਂ ਕਵਿਤਾਵਾਂ ਹਰ ਤਰ੍ਹਾਂ ਦੀ ਲੁੱਟ ਦਾ ਵਿਰੋਧ ਕਰਦੀਆਂ ਹਨ ਚਾਹੇ ਉਹ ਜਿਸਮਾਨੀ ਹੋਵੇ ਜਾਂ ਫੇਰ ਆਰਥਿਕ ਤੇ ਜਾਂ ਫੇਰ ਮਾਨਸਿਕ। ਉਨ੍ਹਾਂ ਦੀਆਂ ਕਵਿਤਾਵਾਂ ਔਰਤਾਂ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੀਆਂ ਹਨ। ਰੁਮਾਂਟਿਕ ਕਵੀਆਂ ਵਾਂਗ ਭੱਠਲ ਹੁਰਾਂ ਨੇ ਔਰਤ ਨੂੰ ਕੇਵਲ ਰੋਮਾਂਸ ਜਾਂ ਦਿਲ ਪਰਚਾਉਣ ਦੇ ਸਾਧਨ ਵਜੋਂ ਨਹੀਂ ਦੇਖਿਆ ਸਗੋਂ ਉਸ ਨੇ ਦੁੱਖ ਦਰਦ ਝੱਲਦੀ ਔਰਤ ਦੀ ਅਤੇ ਮਾਂ ਦੀ ਮਮਤਾ ਦੀ ਗੱਲ ਅੱਗੇ ਤੋਰੀ ਹੈ। 'ਜੰਗ' ਵਿੱਚ ਹਥਿਆਰਾਂ ਦੀ ਵਰਤੋਂ ਬਾਰੇ ਗੱਲ ਕਰਦਾ ਹੋਇਆ ਕਵਿਤਾਵਾਂ ਵਿਚ ਦੱਸਿਆ ਗਿਆ ਹੈ ਕਿ ਸਭ ਦੁੱਖ ਔਰਤ ਦੀ ਮਮਤਾ ਨੂੰ ਝੱਲਣੇ ਪੈਂਦੇਂ ਹਨ। 'ਭੈਣ ਭੀਲਣੀਏ' ਵਿਚ ਕਵੀ ਭਗਵਾਨ ਰਾਮ ਚੰਦਰ ਨੂੰ ਆਪਣੇ ਜੂਠੇ ਬੇਰ ਖਵਾਉਣ ਵਾਲੀ ਭੀਲਣੀ ਰਾਹੀਂ ਉਹ ਸਦੀਆਂ ਤੋਂ ਲਤਾੜੀ, ਨਕਾਰੀ ਤੇ ਬੇਵੱਸ ਔਰਤ ਨੂੰ ਆਪਣੇ ਹੱਕਾਂ ਲਈ ਮੰਗਣ ਦਾ ਸੱਦਾ ਦਿੰਦਾ ਹੈ, ਜਿੱਥੇ ਉਹ ਲਿਖਦਾ ਹੈ ਕਿ ਭੀਲਣੀ ਸਿਰਫ ਰਾਮ ਚੰਦਰ ਨੂੰ ਆਪਣੇ ਬੇਰ ਖਵਾ ਕੇ ਹੀ ਖੁਸ਼ ਹੋ ਗਈ, ਉਸ ਨੂੰ ਆਪਣੀ ਔਰਤ ਜਾਤੀ ਦੇ ਦੁੱਖਾਂ ਦਾ ਛੁਟਕਾਰਾ ਮੰਗਣਾ ਨਾ ਆਇਆ। 'ਦੇਖੋਗੇ ਤੁਸੀ' ਔਰਤਾਂ ਵੱਲੋਂ ਸੰਘਰਸ਼ ਕਰਨ ਅਤੇ ਮੁੜ ਉਠਣ ਦਾ ਪ੍ਰਣ ਕਰਨ ਦੀ ਬਾਤ ਪਾਉਂਦੀ ਹੈ। ਔਰਤ ਦੀ ਹੋਣੀ ਨੂੰ ਪੇਸ਼ ਹੈ ਇੱਕ ਕਵਿਤਾ ਪੇਸ਼ ਹੈ:

ਰਾਧਾ!
ਜਮਨਾ ਦੇ ਕਿਨਾਰੇ ਤੂੰ ਅਜੇ ਵੀ
'ਉਡੀਕ' ਦੀ ਮੂਰਤੀ ਬਣਕੇ ਖੜ੍ਹੀ ਹੋਵੇਗੀ
ਮੈਂ ਜਾਣਦਾ ਹਾਂ, ਤੂੰ ਬੜੀ ਜਿੱਦਣ ਹੈ
ਜੇ ਜਮਨਾ ਸੁੱਕ ਵੀ ਜਾਵੇ
ਤੈਂ ਤਾਂ ਵੀ ਉਹਦੀ ਗਿੱਲੀ ਰੇਤ 'ਤੇ
'ਘਰ' ਬਣਾਉਣੋਂ ਨਹੀਂ ਹਟਣਾ
'ਵੇਸਵਾ ਦੀ ਹਿੱਕ ’ਚੋਂ ਉੱਠੀ ਕਿਰਮਚੀ ਹੂਕ' ਵਿਚ ਉਸਦੀ ਸੰਵੇਦਨਸ਼ੀਲਤਾ ਪਹੁੰਚ ਦਾ ਝਲਕਾਰਾ ਪੈਂਦਾ ਹੈ।
ਪਰ ਮੇਰੀ ਹੋਣੀ, ਸੋਲ੍ਹਵਾਂ ਸਰਾਪਿਆ ਗਿਆ 
ਮੇਰੀ ਹਥੇਲੀ ਮਹਿੰਦੀ-ਰੰਗ ਦੀ ਤਾਂਘ ਹੀ ਮੁਕਾ ਬੈਠੀ 
ਅੱਖਾਂ ਚੋਂ ਸ਼ਰਮ ਉੱਡ-ਪੁੱਡ ਗਈ...
ਸਿਲ੍ਹੇ, ਸਲਾਬੇ ਕੋਠਿਆਂ 'ਚ ਬਣਵਾਸ ਭੋਗਦੀ 
ਹਰ ਅਪਵਿੱਤਰ ਸੰਗਿਆ ਮੇਰੇ ਨਾਵਾਂ ਦੀ ਕਮਾਈ 
'ਆਸ਼ਕ ਗੀਤ ਨਹੀਂ ਗਾਉਂਦੇ' ਵਿਚ ਉਹ ਸੱਚੇ ਪਿਆਰ ਅਤੇ ਵਾਸ਼ਨਾ ਵਿਚਲਾ ਫਰਕ ਦੱਸਦਾ ਹੈ।
ਸਿਰਫ ਤੜਫਦੇ ਸੁਲਗਦੇ ਅੰਦਰੋਂ ਮੱਚਦੇ
ਆਸ਼ਕ ਰੌਲਾ ਨਹੀਂ ਪਾਉਂਦੇ
ਵਾਸ਼ਨਾ ਹੁੰਦੀ 

ਰਵਿੰਦਰ ਭੱਠਲ ਦੀ ਕਵਿਤਾ ਇਕ ਪਾਸੇ ਖਤਮ ਹੁੰਦੀਆਂ ਜਾ ਰਹੀਆਂ ਕਦਰਾਂ ਕੀਮਤਾਂ ਦਾ ਦਰਦ ਬਿਆਨਦੀ ਤੇ ਦੂਜੇ ਪਾਸੇ ਉਹ ਲਾਲਚ, ਲੋਭ ’ਤੇ ਵੀ ਵਿਅੰਗ ਅਤੇ ਕਬਜ਼ਿਆਂ ਦੀ ਪ੍ਰਵਿਰਤੀ ਦਾ ਵਿਰੋਧ ਕਰਦੀ ਹੈ। ਕਿਸਾਨਾਂ ਦੀ ਚਿੰਤਾਵਾਂ ਦਾ ਜ਼ਿਕਰ 'ਚਿੰਤਾ' ਵਿਚ ਆਉਂਦਾ ਹੈ। 'ਔਖਾ ਤਾਂ ਹੁੰਦਾ ਹੈ' ਕਵਿਤਾ ਵਿਚ ਕਵੀ ਧੋਖਾ ਖਾਣ ਵਾਲਿਆਂ ਦੇ ਵਲਵਲਿਆਂ ਦੀ ਤਰਜ਼ਮਾਨੀ ਕਰਦਾ ਹੈ। ਅਖਬਾਰਾਂ ਦੀ ਖਬਰਾਂ ਬਾਰੇ 'ਬੇਵਸੀਆਂ ਦੀ ਬਗਾਵਤ' ਲਿਖੀ ਹੈ। ਭੱਠਲ ਚੜ੍ਹਦੀ ਕਲਾ ਅਤੇ ਸਦਾ ਆਸਵੰਦ ਰਹਿਣ ਦਾ ਮੁੱਦਈ ਹੈ ਜਿਹੜਾ ਮੰਜ਼ਿਲ ਵੱਲ ਵਧਦੇ ਰਹਿਣ ਲਈ ਪ੍ਰੇਰਨਾ ਵੀ ਦਿੰਦਾ ਹੈ। 'ਆਸ' ਕਵਿਤਾ ਇਸ ਦੀ ਗਵਾਹੀ ਭਰਦੀ ਹੈ। 'ਊਈ ਤੇ ਅੱਛਾ' ਕਵਿਤਾ ਵਿਚ ਕਵੀ ਦੱਸਦਾ ਹੈ ਕਿ ਮਰੂੰ-ਮਰੂੰ ਕਰਨ ਵਾਲੇ ਨਕਾਰਾਤਮਕ ਸੁਭਾਅ ਵਾਲੇ 'ਊਈ' ਅਤੇ ਚੜ੍ਹਦੀ ਕਲਾ ਵਿਚ ਰਹਿਣ ਵਾਲੇ 'ਅੱਛਾ' ਸ਼ਬਦ ਵਰਤਦੇ ਹਨ। ਇਸ ਤਰ੍ਹਾਂ ਭੱਠਲ ਆਮ ਸਾਧਾਰਣ ਜੀਵਨ ਵਿੱਚ ਬੋਲੇ ਜਾਣ ਵਾਲੇ ਸ਼ਬਦਾਂ ਦੇ ਵੱਡੇ ਅਰਥ ਕੱਢ ਲੈਂਦਾ ਹੈ। ਇਸੇ ਤਰ੍ਹਾਂ 'ਕਵਿਤਾ ਮਰਨ ਨਹੀਂ ਲੱਗੀ' ਵਿਚ ਸਕਾਰਾਤਮਕ ਸੁਨੇਹਾ ਦਿੱਤਾ ਗਿਆ ਹੈ। 'ਇਨ੍ਹਾਂ ਨੂੰ ਰੱਬ ਬਣਨ ਦਿਓ' ਵਿੱਚ ਉਹ ਬੱਚਿਆਂ ਲਈ ਪ੍ਰੇਰਨਾ ਦੇ ਬੋਲ ਲਿਖਦੇ ਹਨ। ਉਹ ਕਿਸਾਨਾਂ ਤੇ ਮਜ਼ਦੂਰਾਂ ਦੀ ਦਸ਼ਾਤੇ ਦਿਸ਼ਾ ਨੂੰ ਬਿਆਨਦਾ ਹੋਇਆ ਉਨ੍ਹਾਂ ਲਈ ਹਾਅ ਦਾ ਨਾਅਰਾ ਮਾਰਦਾ ਹੈ:

ਏਸ ਝੰਡੇ ਨੂੰ ਅਜੇ ਉੱਚਾ ਨਾ ਕਰੋ,
ਕਿ ਮੇਰੇ ਦੇਸ਼ ਦੇ ਮਜ਼ਦੂਰ ਤੇ ਕਿਸਾਨ ਅਜੇ ਬੇਪਰਦਾ ਹਨ,
ਇਸ ਰੰਗਾਂ ਦੀ ਲੀਲਾ ਕਹੋ,
ਨੰਗਿਆਂ ਲਈ ਕੱਜਣ ਬਣ ਜਾਏ, ਭੁੱਖਿਆਂ ਲਈ ਰੋਟੀ,
ਸੂਲੀਆ 'ਤੇ ਲਟਕਦਿਆਂ ਲਈ, ਹੱਕ ਦੀ ਸੋਹਣੀ ਪੁਸ਼ਾਕ।

ਰਵਿੰਦਰ ਭੱਠਲ ਦੋਚਿੱਤੀ ਦੇ ਹਾਲਾਤ ਨੂੰ ਮੰਜ਼ਿਲਾਂ ਸਰ ਕਰਨ ਲਈ ਸਭ ਤੋਂ ਵੱਡਾ ਅੜਿੱਕਾ ਮੰਨਦਾ ਹੈ। ਉਦਾ ਮੰਨਣਾ ਹੈ ਕਿ ਦੋਚਿੱਤੀ 'ਚ ਘਿਰਿਆ ਮਨੁੱਖ ਦੋ ਬੇੜੀਆਂ ਦਾ ਸਵਾਰ ਹੁੰਦਾ ਹੈ, ਜਿਸ ਕਾਰਨ ਉਸਤੋਂ ਕਿਸੇ ਵੀ ਮੰਜ਼ਿਲ 'ਤੇ ਪਹੁੰਚਣ ਦੀ ਆਸ ਨਹੀਂ ਹੁੰਦੀ। ਭੱਠਲ ਅਨੁਸਾਰ ਮੰਜ਼ਿਲ 'ਤੇ ਪਹੁੰਚਣ ਲਈ ਸਵੈ ਸਪੱਸ਼ਟਤਾ ਦਾ ਹੋਣਾ ਬੇਹੱਦ ਲਾਜ਼ਮੀ ਹੈ। 'ਵਿਸ਼ਵਾਸ' ਕਵਿਤਾ ਪੇਸ਼ ਹੈ: 

ਦੋਚਿੱਤੀ ਚਿੱਤ 'ਚ ਹੋਵੇ,
ਤਾਂ ਤੋਰ ਰਫ਼ਤਾਰ ਨਹੀਂ ਬਣਦੀ,
ਤੇ ਬਿਨ ਰਫ਼ਤਾਰ,
ਕਦੇ ਵੀ ਜਿੱਤ ਅੰਦਰ,
ਨਹੀਂ ਬਦਲਦੀ ਹਾਰ।

ਰਵਿੰਦਰ ਭੱਠਲ ਵਲੋਂ ਮਨੁੱਖੀ ਦੇ ਸਰੀਰ ਦੇ ਅੰਗਾਂ 'ਤੇ ਲਿਖੀਆਂ ਕਵਿਤਾਵਾਂ ਮਿਲਦੀਆਂ ਹਨ। 'ਸਿਰ' ਵਿੱਚ ਉਸ ਲਈ ਮਹਿਜ਼ ਇਹ ਸਰੀਰ ਦਾ ਅੰਗ ਨਹੀਂ ਬਲਕਿ ਅਣਖ, ਗ਼ੈਰਤ ਦਾ ਪ੍ਰਤੀਕ ਹੈ ਜਿੱਥੇ ਉਹ ਪੋਰਸ ਵਰਗਾ ਬਣਨ ਲਈ ਪ੍ਰੇਰਦਾ ਹੈ। ਇਸੇ ਤਰ੍ਹਾਂ 'ਪੈਰ' ਵਿਚ ਉਹ ਇਸ ਨੂੰ ਤੁਰਨ ਲਈ ਨਹੀਂ ਬਲਕਿ ਧਰਾਤਲ ਨਾਲ ਜੁੜਨ ਲਈ ਪ੍ਰੇਰਦਾ ਹੋਇਆ ਕਹਿੰਦਾ ਹੈ ਕਿ ਇਹ ਸਫਰ ਕਟਵਾਉਣ ਲਈ ਕੰਮ ਆਉਂਦੇ ਹਨ। ਥਿੜਕਣ ਤੋਂ ਬਚਣ ਦਾ ਹੋਕਾ ਦਿੱਤਾ ਅਤੇ ਟਿਕ ਜਾਣ ਦਾ ਸੱਦਾ ਦਿੱਤਾ। 'ਸੰਘਣੀ ਛਾਂ ਦਾ ਸਿਰਨਾਵਾ' ਵਿਚ ਕਵੀ ਮਾਂ ਦੀਆਂ ਗਾਲਾਂ ਅਤੇ ਬਾਪ ਦੀਆਂ ਝਿੜਕਾਂ ਨੂੰ ਅਹਿਮੀਅਤ ਦਿੰਦਾ ਦੱਸਦਾ ਹੈ ਕਿ ਇਹ ਦੋਵੇਂ ਗੱਲਾਂ ਹੀ ਵਜੂਦ ਨੂੰ ਖੁਰਨ ਤੋਂ ਬਚਾਉਂਦੀਆਂ ਹਨ ਅਤੇ ਜ਼ਿੰਦਗੀ ਦਾ ਹਾਸਲ ਬਣਦੀਆਂ ਹਨ। 'ਦੋਸਤੀ ਦਰਿਆ ਦੀ' ਕਵਿਤਾ ਵਿੱਚ ਸਵਾਲ-ਜਵਾਬ ਅਤੇ ਘਰੇਲੂ ਜ਼ਿੰਮੇਵਾਰੀਆਂ ਦੀ ਮਜਬੂਰੀ ਹੈ। ਦੋਸਤ, ਮਾਂ ਤੇ ਬੱਚੀ ਬਾਰੇ ਉਹ 'ਅਜੀਬ ਰਿਸ਼ਤਾ' ਕਵਿਤਾ ਲਿਖਦਾ ਹੈ। ਮਾਂ ਦੇ ਸਮਾਨ ਬਨਾਮ ਕਵਿਤਾ ਬਾਰੇ 'ਮਾਂ-ਦੋ ਅਹਿਸਾਸ' ਲਿਖਦਾ ਹੈ। ਕੁਰਾਹੇ ਪਈ ਜਵਾਨੀ ਦਾ ਦੁੱਖ ਦੱਸਦਾ ਹੋਇਆ ਭੱਠਲ 'ਗੱਭਰੂ ਪੰਜਾਬ ਦਾ' ਆਪਣੇ ਇਸ ਦੁੱਖ ਨੂੰ ਕਾਵਿ ਸਤਰਾਂ ਵਿਚ ਪੇਸ਼ ਕਰਦਾ ਹੈ। 'ਚਿਰਾਗ ਕਿਉਂ ਨੀਂ ਬਾਲਦਾ' ਵਿੱਚ ਕਵੀ ਆਪਣੇ ਆਪ ਨੂੰ ਸੰਬੋਧਨ ਕਰਦਾ ਲਿਖਦਾ ਹੈ:

ਤੂੰ ਇਥੇ ਚਿਰਾਗ,
ਕਿਉਂ ਨਹੀਂ ਬਾਲਦਾ,
ਚਿਰਾਗ ਹਰਫ਼ਾਂ ਦਾ,
ਸੋਚਾਂ ਦਾ,
ਅਮਲਾ ਦਾ।

ਕਵੀ ਆਪਣੀ ਕਵਿਤਾ ਵਿਚ ਉਨ੍ਹਾਂ ਲੋਕਾਂ 'ਤੇ ਕਰਾਰੀ ਚੋਟ ਕਰਦਾ ਹੈ ਜੋ ਆਪਣੇ ਉੱਲੂ ਸਿੱਧਾ ਕਰਨ ਲਈ ਗਿਰਗਿਟ ਵਾਂਗੂੰ ਰੰਗ ਬਦਲ ਲੈਂਦੇ ਹਨ। ਕਵੀ ਅਜਿਹੇ ਲੋਕਾਂ 'ਤੇ 'ਗਿੱਲੀ ਮਿੱਟੀ' ਕਵਿਤਾ ਰਾਹੀਂ ਤਨਜ਼ ਕਸਦਾ ਲਿਖਦਾ ਹੈ:

ਲੋਕਾਂ ਦਾ ਕਾਹਦਾ ਭਰੋਸਾ,
ਉਹ ਤਾਂ ਜਿੱਧਰ ਚਾਹੋ,
ਜਿਵੇਂ ਚਾਹੋ,
ਜਦੋਂ ਚਾਹੋ,
ਉਵੇਂ ਢਲ ਜਾਂਦੇ ਹਨ।

ਕਵੀ ਨਵੀਂ ਪੀੜ੍ਹੀ ਨੂੰ ਸਮੇਂ ਦੀ ਸੰਭਾਲ ਨਾ ਕਰਨ ਦਾ ਮਿਹਣਾ ਦਿੰਦਾ ਹੈ। ਉਹ ਮਿਰਜ਼ੇ ਅਤੇ ਸਾਹਿਬਾ ਦੀ ਹੋਣੀ ਨੂੰ ਬਿਆਨਦਾ ਲਿਖਦਾ ਹੈ ਕਿ ਮਿਰਜ਼ਾ-ਸਾਹਿਬਾ ਨੇ ਆਪਸ 'ਚ ਬੇਵਫ਼ਾਈ ਨਹੀਂ ਕੀਤੀ ਸਗੋਂ ਬੇਵਫ਼ਾਈ ਵਕਤ ਨੇ ਕੀਤੀ ਸੀ। ਕਵੀ ਲਿਖਦਾ ਹੈ:

'ਤੇ ਆਓ  ਵਕਤ ਦੀ ਵਾਂਗ-ਡੋਰ,
ਆਪਣੇ ਹੱਥਾਂ 'ਚ ਸੰਭਾਲੋ,
ਬੇਵਫਾ ਵਕਤ ਦੀ ਸਾਹਿਬਾਂ ਹੀ ਨਹੀਂ,
ਦੋਸ਼ੀ ਤਾਂ ਮਿਰਜ਼ਾ ਵੀ ਹੈ…..।

ਭੱਠਲ ਨੂੰ ਕੁਦਰਤ ਹਮੇਸ਼ਾ ਆਪਣੇ ਵੱਲ ਖਿੱਚਦੀ ਰਹੀ ਹੈ। ਕਾਲਜ ਪੜ੍ਹਨ ਵੇਲੇ ਐੱਨ.ਐੱਸ.ਐੱਸ. ਦੇ ਕੈਂਪਾਂ ਦੌਰਾਨ ਪਹਾੜਾਂ ਦੀ ਟਰੈਕਿੰਗ ਦੇ ਸ਼ੌਕੀਨ ਭੱਠਲ ਹੁਰਾਂ ਦੇ ਕੁਦਰਤ ਪ੍ਰਤੀ ਪਿਆਰ ਦਾ ਪਤਾ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਪਹਾੜਾਂ ਦੀਆਂ ਉੱਚੀਆਂ ਚੋਟੀਆਂ, ਨਦੀਆਂ, ਝਰਨੇ, ਪਹਾੜੀ ਦਰੱਖਤ ਦੇ ਜ਼ਿਕਰ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ। 'ਐਪਰ' ਸ਼ਬਦ ਭੱਠਲ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਪੜ੍ਹਨ ਨੂੰ ਮਿਲਦਾ ਹੈ। ਉਹ ਕੁਦਰਤ ਨੂੰ ਨੇੜਿਓ ਤੱਕਣ ਵਾਲੇ ਭੱਠਲ ਦੀਆਂ ਕਵਿਤਾਵਾਂ ਵਿਚ ਪੌਣ-ਪਾਣੀ, ਪੰਛੀਆਂ, ਬਗੀਚੀਆਂ ਦਾ ਵੀ ਖੂਬ ਜ਼ਿਕਰ ਹੈ। ਅਜਿਹੀਆਂ ਕਵਿਤਾਵਾਂ ਵਿਚ ਸ਼ੀਸ਼ਾ, ਦਰਪਣ, ਪਾਣੀ, ਦਰਿਆ, ਰਿਸ਼ਤੇ, ਦਰੱਖਤ, ਬਿਰਖ, ਹਵਾ, ਬਗੀਚੀ, ਚਿੜੀਆਂ, ਸਗਲ, ਮੁਰਗਾਬੀ, ਸੂਰਮਈ, ਮਚਲਦੀ, ਆਫ਼ਰਦੀ, ਬਿਫ਼ਰਦੀ, ਵਿਲਕਦੀ, ਸਹਿਕਦੀ, ਤਿਲਮਾਉਂਦਾ, ਝਿਲਮਿਲਾਉਂਦਾ ਆਦਿ ਸ਼ਬਦਾਂ ਦਾ ਆਮ ਹੀ ਜ਼ਿਕਰ ਹੈ। ਪਹਾੜੀ ਜ਼ਿੰਦਗੀ ਦੇ ਸੋਹਲੇ ਗਾਉਂਦਾ ਕਵੀ ਬਿੰਬਾਂ ਰਾਹੀਂ ਗੱਲ ਕਰਦਾ ਹੈ। 'ਫਰਿਆਦ ਰੁੱਖਾਂ ਦੀ' ਵਿਚ ਕਵੀ ਰੁੱਖ ਦੀ ਕਹਾਣੀ ਬਿਆਨਦਾ ਹੋਇਆ ਦੁਆਵਾਂ ਦੀ ਬਜਾਏ ਉਸ ਦੀ ਰਾਖੀ ਕਰਨ ਦੀ ਫਰਿਆਦ ਕਰਦਾ ਹੈ। 'ਨਦੀ ਦੀ ਆਤਮ ਕਥਾ' ਵਿਚ ਨਦੀ ਦੀ ਮਹੱਤਤਾ ਦੱਸਦਿਆਂ ਨਦੀਆਂ ਦੇ ਬਦਲਦੇ ਰੂਪ ਦੱਸੇ ਗਏ ਹਨ। 'ਬਿਰਖ' ਵਿਚ ਦਾਦੀ ਦੀ ਬਿਰਖ ਨਾਲ ਸਾਂਝ ਦੱਸੀ ਗਈ। 'ਚਿੜੀਓ ਨੀ' ਵਿਚ ਉਹ ਪੰਛੀਆਂ ਦੇ ਚੋਗੇ, ਖੁਰਾਕਾਂ ਦਾ ਵਰਨਣ, ਪੌਣ ਪਾਣੀ ਗੰਧਲੇ ਹੋਣ ਵਿਰੁੱਧ ਹੋਕਾ ਦਿੰਦਾ ਹੈ।

ਭੱਠਲ ਪ੍ਰਚਲਿਤ ਰਿਸ਼ਤਿਆਂ ਦੀ ਪਰਿਭਾਸ਼ਾ ਨੂੰ ਨਹੀਂ ਮੰਨਦਾ। ਉਹ ਪ੍ਰਚੱਲਿਤ ਮਾਨਤਾਵਾਂ ਤੋਂ ਪਾਰ ਦੀ ਕਲਪਨਾ ਕਰਦਾ ਹੈ। ਉਸਦਾ ਮੰਨਣਾ ਹੈ ਕਿ ਸੱਚ ਚਿਰਸਥਾਈ ਨਹੀਂ ਰਹਿੰਦਾ ਸਗੋਂ ਬਦਲਦਾ ਰਹਿੰਦਾ ਹੈ। ਉਹ ਨੌਂਹ ਤੋਂ ਮਾਸ ਦੇ ਅਲੱਗ ਨਾ ਹੋਣ ਦੀ ਕਹਾਵਤ ਨੂੰ ਮਾਨਤਾ ਨਹੀਂ ਦਿੰਦਾ। ਕਵੀ ਦਾ ਮੰਨਣਾ ਹੈ ਕਿ ਜੀਵਨ ਵਿਚ ਅਜਿਹੇ ਮੌਕੇ ਆਉਂਦੇ ਹਨ, ਜਦੋਂ ਨੌਂਹ ਤੋਂ ਮਾਸ ਵੱਖਰਾ ਹੋ ਜਾਂਦਾ ਹੈ। ਇਨ੍ਹਾਂ ਵਿਚਾਰਾਂ ਨੂੰ ਪੇਸ਼ ਕਰਦੀ ਕਵਿਤਾ 'ਸੱਚ ਵੀ ਕਦੇ ਕਦੇ' ਦੀਆਂ ਸਤਰਾਂ ਨਮੂਨੇ ਵਜੋਂ ਪੇਸ਼ ਹਨ:

ਪਰ ਜੇ ਨੌਂਹ
ਨੀਲੇ ਹੋ ਜਾਣ
ਤਾਂ ਮਾਸ
ਵੱਖ ਵੀ ਹੋ ਜਾਂਦਾ ਹੈ।
ਇੰਜ ਸੱਚ ਵੀ ਕਦੇ ਕਦੇ
ਝੂਠਾ ਪੈ ਜਾਂਦਾ ਹੈ।
ਜਿੱਥੇ ਮੁੜ੍ਹਕੇ ਦੀਆਂ ਬੂੰਦਾਂ ਮੋਤੀ ਬਣਦੀਆਂ ਹਨ 
ਪੂਰੀ ਜੂਨ ਭੋਗ ਕੇ ਵੀ ਕੋਈ ਬਿਰਧ ਨਹੀਂ ਹੁੰਦਾ
ਪਾਣੀ ਲੋਥਾਂ ਨਹੀਂ ਢੋਂਹਦੇ
ਜਿੱਥੇ ਜੀਭ ਦੇ ਕੁਤਰ-ਕੁਤਰੇ ਨਹੀਂ ਹੁੰਦੇ
ਜਿੱਥੇ  ਪੁੱਤ ਬਾਪ ਦੇ ਸਾਹਾਂ ਦੀ ਮਹਿਕ ਨਹੀਂ ਹੁੰਦੇ ਹਨ
ਧੀ ਮਾਂ ਦੀ ਹਿੱਕ ਦਾ ਕੈਂਸਰ ਨਹੀਂ ਹੁੰਦੀ

ਪ੍ਰੋ. ਰਵਿੰਦਰ ਭੱਠਲ ਦੇਖਣ ਨੂੰ ਬਹੁਤ ਹੀ ਸ਼ਾਂਤਚਿੱਤ, ਠਰੰਮੇ ਵਾਲੇ ਹਨ ਪ੍ਰੰਤੂ ਉਹ ਖੁਦ ਆਪਣੇ ਆਪ ਨੂੰ ਹਰ ਕੰਮ ਕਾਹਲ ਵਿਚ ਕਰਨ ਵਾਲਾ ਦੱਸਦੇ ਹਨ। ਉਹ ਕਹਿੰਦੇ ਹਨ ਕਿ ਉਹ ਤੇਜ਼-ਤੇਜ਼ ਤੁਰਦਾ ਹੈ ਅਤੇ ਕਾਹਲੀ ਵਿਚ ਰੋਟੀ ਖਾਂਦਾ ਹੈ ਪਰ ਉਨ੍ਹਾਂ ਜ਼ਿੰਦਗੀ ਦੀ ਹਰ ਸਫਲਤਾ ਸਹਿਜ ਮਤੇ ਇਕਾਗਰ ਚਿੱਤ ਹੋ ਕੇ ਚੱਲਦਿਆਂ ਹਾਸਲ ਕੀਤੀ ਹੈ। ਕਵਿਤਾਵਾਂ ਲਿਖਣ ਲੱਗਿਆ ਵੀ ਉਨ੍ਹਾਂ ਕਾਹਲੀ ਨਹੀਂ ਕੀਤੀ ਅਤੇ ਕੋਈ ਕੰਮ ਤੈਅ ਸਮੇਂ ਸੀਮਾ ਵਿਚ ਬੰਨ੍ਹ ਕੇ ਨਹੀਂ ਕੀਤਾ। ਉਹ ਜ਼ਿਆਦਾ ਚਰਚਾਵਾਂ ਜਾਂ ਖਬਰਾਂ ਵਿੱਚ ਰਹਿਣਾ ਵੀ ਪਸੰਦ ਨਹੀਂ ਕਰਦੇ। ਬਤੌਰ ਪੱਤਰਕਾਰ ਮੈਨੂੰ ਉਨ੍ਹਾਂ ਨਾਲ ਵਿਚਰਨ ਦਾ ਮੌਕਾ ਮਿਲਿਆ ਪਰ ਕਿਤੇ ਵੀ ਆਪਣੇ ਬਾਰੇ ਕੋਈ ਖਬਰ ਛਪਵਾਉਣ ਦੀ ਗੱਲ ਨਹੀਂ ਕੀਤੀ। ਇਥੋਂ ਤੱਕ ਕਿ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਦੀ ਚੋਣ ਲੜਨ ਵੇਲੇ ਵੀ ਉਨ੍ਹਾਂ ਕੋਈ ਪ੍ਰਚਾਰ ਤਾਂ ਕੀ ਕਰਨਾ ਸੀ ਬਲਕਿ ਆਪਣੇ ਸਮਰਥਨ ਲਈ ਕੋਈ ਖਬਰ ਤੱਕ ਛਪਵਾਉਣ ਦੀ ਗੱਲ ਨਹੀਂ ਕੀਤੀ। ਉਹ ਆਪਣੀ ਹੀ ਚਾਲੇ ਸਹਿਜ ਮਤੇ ਚੱਲਣ ਵਾਲਾ ਇਨਸਾਨ ਹੈ ਜੋ ਦੁਨਿਆਵੀਂ ਤੜਕ-ਭੜਕ ਤੋਂ ਕੋਹਾਂ ਦੂਰ ਰਹਿੰਦੇ ਹਨ। ਕਿਸੇ ਸਮਾਗਮ ਵਿੱਚ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੂੰ ਅੱਗੇ ਆ ਕੇ ਫੋਟੋ ਖਿਚਵਾਉਣ ਜਾਂ ਇਲੈਕਟ੍ਰਾਨਿਕ ਮੀਡੀਆ ਨੂੰ ਇੰਟਰਵਿਊ ਦੇਣ ਦਾ ਉਨ੍ਹਾਂ ਨੂੰ ਰੱਤੀ ਸ਼ੌਕ ਨਹੀਂ ਹੈ। ਮਸ਼ਹੂਰੀ ਦਾ ਵੀ ਇਕ ਕਿੱਸਾ ਸੁਣ ਲਓ। ਪ੍ਰੋ. ਭੱਠਲ ਦਾ ਸਕਾ ਭਾਣਜਾ ਸਮਿਤ ਸਿੰਘ ਜੋ ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਧੂਰੀ ਦਾ ਪੁੱਤਰ ਹੈ, ਕੌਮਾਂਤਰੀ ਪੱਧਰ ਦਾ ਨਿਸ਼ਾਨੇਬਾਜ਼ ਹੈ। ਸਮਿਤ ਜਦੋਂ 2018 ਦੀਆਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਸਕੀਟ ਮੁਕਾਬਲੇ ਵਿਚ ਹਿੱਸਾ ਲੈਣ ਗਿਆ ਤਾਂ ਉਹ ਬਰਨਾਲਾ-ਸੰਗਰੂਰ ਜ਼ਿਲ੍ਹਿਆਂ ਵਿਚੋਂ ਖੇਡਾਂ ਵਿਚ ਹਿੱਸਾ ਲੈਣ ਜਾਣ ਵਾਲਾ ਇਕਲੌਤਾ ਖਿਡਾਰੀ ਸੀ। ਉਨ੍ਹੀ ਦਿਨੀਂ ਪ੍ਰੋ. ਭੱਠਲ ਦੇ ਛੋਟੇ ਭਰਾ ਡਾ.ਸੁਰਿੰਦਰ ਭੱਠਲ ਮੈਨੂੰ ਧੁਰੀ ਵਿਖੇ ਰਾਣਾ ਰਣਬੀਰ ਦੇ ਪਿਤਾ ਜੀ ਦੇ ਭੋਗ ਸਮਾਗਮ ਦੌਰਾਨ ਮਿਲੇ ਤਾਂ ਸਮਿਤ ਦੀਆਂ ਗੱਲਾਂ ਚੱਲ ਪਈਆਂ। ਉਨ੍ਹਾਂ ਇਕ ਗੱਲ ਦਾ ਝੋਰਾ ਕੀਤਾ ਕਿ ਸਮਿਤ ਇੰਨੇ ਵੱਡੇ ਮੁਕਾਬਲੇ ਵਿਚ ਹਿੱਸਾ ਲੈਣ ਗਿਆ ਪਰ ਆਪਣੇ ਇਲਾਕੇ ਵਿਚ ਕਿਸੇ ਨੂੰ ਪਤਾ ਨਹੀਂ ਲੱਗਿਆ ਅਤੇ ਨਾ ਹੀ ਕੋਈ ਖਬਰ ਲੱਗੀ। ਮੈਂ ਵੀ ਉਨ੍ਹਾਂ ਨੂੰ ਕਿਹਾ ਕਿ ਪ੍ਰੋ.ਰਵਿੰਦਰ ਭੱਠਲ ਨੇ ਵੀ ਕਦੇ ਸਮਿਤ ਦੀ ਪ੍ਰਾਪਤੀ ਦਾ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਕਿਤੇ ਖਬਰ ਲਗਵਾਉਣ ਨੂੰ ਕਿਹਾ ਜਿਨ੍ਹਾਂ ਨਾਲ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਹੈ। ਉਥੇ ਅਸੀਂ ਦੋਵਾਂ ਨੇ ਸੋਚਿਆ ਕਿ ਪ੍ਰੋ. ਭੱਠਲ ਦਾ ਤਾਂ ਮਸ਼ਹੂਰੀਆਂ ਖੱਟਣ ਤੋਂ ਦੂਰ ਰਹਿਣ ਦਾ ਇਹ ਸੁਭਾਅ ਹੀ ਹੈ। 

ਪ੍ਰੋ. ਰਵਿੰਦਰ ਭੱਠਲ ਇਨਾਮ-ਸਨਮਾਨਾਂ, ਐਵਾਰਡਾਂ ਪਿੱਛੇ ਵੀ ਗਏ ਫਿਰ ਵੀ ਉਨ੍ਹਾਂ ਨੂੰ ਮਿਲੇ ਇਨਾਮਾਂ, ਮਾਣ-ਸਨਮਾਨਾਂ ਤੇ ਐਵਾਰਡਾਂ ਦੀ ਸੂਚੀ ਬਹੁਤ ਲੰਬੀ ਹੈ। ਪ੍ਰਮੁੱਖ ਸਨਮਾਨਾਂ ਦੀ ਗੱਲ ਕਰੀਏ ਤਾਂ ਉਹ ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਪੰਜਾਬੀ ਕਵੀ' ਲਿਖਾਰੀ ਸਭਾ ਬਰਨਾਲਾ ਵੱਲੋਂ 'ਸ਼ਿਵ ਕੁਮਾਰ ਬਟਾਲਵੀ ਪੁਰਸਕਾਰ', ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 'ਸਰਵੋਤਮ ਨਾਟਕ ਨਿਰਦੇਸ਼ਕ' ਤੇ ਸਾਹਿਤ ਅਤੇ ਸੱਭਿਆਚਾਰ ਖੇਤਰ ਵਿੱਚ ਯੋਗਦਾਨ ਪਾਉਣ ਬਦਲੇ 'ਵਿਸ਼ੇਸ਼ ਪੁਰਸਕਾਰ', ਗੁਰਦਾਸਪੁਰ ਜ਼ਿਲ੍ਹੇ ਦੀਆਂ ਸਮੂਹ ਸਾਹਿਤ ਸਭਾਵਾਂ ਵਲੋਂ 'ਸ੍ਰੇਸ਼ਟ ਕਵੀ ਪੁਰਸਕਾਰ', ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਤੇ ਸੰਤ ਰਾਮ ਉਦਾਸੀ ਯਾਦਗਾਰੀ ਟਰੱਸਟ ਵਲੋਂ 'ਸੰਤ ਰਾਮ ਉਦਾਸੀ ਪੁਰਸਕਾਰ', ਸਿਰਜਣਾ ਆਰਟ ਕੇਂਦਰ ਰਾਏਕੋਟ ਵਲੋਂ 'ਪ੍ਰਮੁੱਖ ਕਵੀ' ਵਜੋਂ ਸਨਮਾਨ ਅਤੇ ਬਰਨਾਲਾ ਵਿਖੇ ਦੋ ਵਾਰ ਸਰਵ ਭਾਰਤੀ ਨਾਟਕ ਮੁਕਾਬਲਿਆਂ ਵਿਚ 'ਸਰਵੋਤਮ ਨਾਟਕ ਨਿਰਦੇਸ਼ਕ' ਸਨਮਾਨ ਹਾਸਲ ਕਰ ਚੁੱਕੇ ਹਨ।

ਮੈਨੂੰ ਤੇ ਮੇਰੇ ਪਰਿਵਾਰ ਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਘਰ ਦੇ ਛੇ ਜੀਅ ਉਨ੍ਹਾਂ ਕੋਲੋਂ ਪੜ੍ਹੇ ਹੋਏ ਹਨ। ਸਭ ਤੋਂ ਪਹਿਲਾਂ ਮੇਰੇ ਪਿਤਾ ਜੀ, ਫੇਰ ਚਾਚਾ ਜਗਤਾਰ ਸਿੰਘ, ਅੱਗੇ ਅਗਲੀ ਪੀੜ੍ਹੀ ਵਿਚੋਂ ਮੇਰੇ ਤਾਏ ਦਾ ਮੁੰਡਾ ਅਜੀਤਪਾਲ, ਭੈਣ ਰਮਨਦੀਪ ਅਤੇ ਚਾਚੇ ਦਾ ਮੁੰਡਾ ਰਾਜਿੰਦਰ। ਮੈਨੂੰ ਇਕੱਲੇ ਨੂੰ ਦੂਹਰਾ ਪੜ੍ਹਨ ਦਾ ਮੌਕਾ ਮਿਲਿਆ। ਇਕ ਪੰਜਾਬੀ ਲਾਜ਼ਮੀ ਦਾ ਵਿਸ਼ਾ ਪੜ੍ਹਿਆ ਅਤੇ ਦੂਜਾ ਪੰਜਾਬੀ ਲਿਟਰੇਚਰ। ਇਸ ਤੋਂ ਵੱਖਰਾ ਕਾਲਜ ਮੈਗਜ਼ੀਨ 'ਦਿ ਸਟਰੀਮ' ਜਿਸ ਦੇ ਪ੍ਰੋ. ਭੱਠਲ ਮੁੱਖ ਸੰਪਾਦਕ ਸਨ, ਮੈਨੂੰ ਦੋ ਸਾਲ ਵਿਦਿਆਰਥੀ ਸੰਪਾਦਕ ਵਜੋਂ ਉਨ੍ਹਾਂ ਦੇ ਨਾਲ ਕੰਮ ਕਰਨ ਦਾ ਸੁਭਾਗ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਕਮਰੇ, ਕਾਲਜ ਗਰਾਊਂਡ ਵਿੱਚ ਉਨ੍ਹਾਂ ਕੋਲ ਮਾਣੀ ਸੰਗਤ ਵਿੱਚ ਜੋ ਸਿੱਖਣ ਨੂੰ ਮਿਲਿਆ, ਉਸ ਦਾ ਕੋਈ ਅੰਤ ਨਹੀਂ। ਲਿਖਣ ਵਾਲੇ ਪਾਸੇ ਵੀ ਉਨ੍ਹਾਂ ਨੇ ਹੀ ਮੈਨੂੰ ਪ੍ਰੇਰਿਆ ਸੀ। ਪ੍ਰੋ. ਭੱਠਲ ਤੇ ਪ੍ਰੋ. ਸਰਬਜੀਤ ਔਲਖ (ਜੋ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ) ਜੇ ਮੇਰੇ ਅਧਿਆਪਕ ਨਾ ਹੁੰਦੇ ਤਾਂ ਸ਼ਾਇਦ ਅੱਜ ਮੈਂ ਖੇਡਾਂ ਬਾਰੇ ਨਾ ਲਿਖਦਾ ਹੁੰਦਾ। ਕਾਲਜ ਪੜ੍ਹਦਿਆਂ ਮੈਂ ਅਥਲੈਟਿਕਸ ਤੇ ਫੁਟਬਾਲ ਵੀ ਖੇਡਦਾ ਹੁੰਦਾ ਸੀ। ਖਿਡਾਰੀ ਕੋਈ ਚੰਗਾ ਨਾ ਹੋਣ ਕਰਕੇ ਪ੍ਰੋ.ਭੱਠਲ ਨੇ ਮੈਨੂੰ ਖੇਡਾਂ ਖੇਡਣ ਦੇ ਨਾਲ ਖੇਡਾਂ ਬਾਰੇ ਲਿਖਣ ਨੂੰ ਪ੍ਰੇਰਿਆ। ਉਸ ਤੋਂ ਪਹਿਲਾਂ ਉਹ ਮੇਰੀ ਖੇਡਾਂ ਤੇ ਸਾਹਿਤ ਦੋਵੇਂ ਪਾਸੇ ਰੁਚੀ ਜਾਣ ਚੁੱਕੇ ਸਨ। ਉਨ੍ਹਾਂ ਨੂੰ ਕਲਾਸ ਦੀ ਪੜ੍ਹਾਈ ਵਿਚ ਇਕ ਵਾਰ ਇਹ ਵੀ ਪਤਾ ਲੱਗ ਗਿਆ ਸੀ ਕਿ ਮੈਂ ਪ੍ਰਿੰਸੀਪਲ ਸਰਵਣ ਸਿੰਘ ਦਾ ਵੱਡਾ ਪਾਠਕ ਹਾਂ। ਇਸ ਦਾ ਵੀ ਇਕ ਦਿਲਚਸਪ ਕਿੱਸਾ ਹੈ। ਇਕ ਵਾਰ ਜਦੋਂ ਉਨ੍ਹਾਂ ਸਾਰੀ ਕਲਾਸ ਤੋਂ ਪੁੱਛਿਆ ਕਿ ਸਿਲੇਬਸ ਤੋਂ ਬਾਹਰਲੀਆਂ ਹੋਰ ਕੋਈ ਸਾਹਿਤਕ ਪੁਸਤਕਾਂ ਕਿਹੜੇ-ਕਿਹੜੇ ਵਿਦਿਆਰਥੀ ਨੇ ਪੜ੍ਹੀਆਂ ਹਨ ਤਾਂ ਗਿਣਵੇਂ-ਚੁਣਵੇਂ ਵਿਦਿਆਰਥੀਆਂ ਨੇ ਹੀ ਹੱਥ ਖੜ੍ਹੇ ਕੀਤੇ। ਮੈਂ ਤੇ ਮੇਰਾ ਦੋਸਤ ਅਜੀਤ ਪਾਲ ਸਭ ਤੋਂ ਮੂਹਰੇ ਸੀ। ਮੇਰੀ ਵਾਰੀ ਆਉਣ 'ਤੇ ਮੈਂ ਜਦੋਂ ਪ੍ਰਿੰਸੀਪਲ ਸਰਵਣ ਸਿੰਘ ਦੀਆਂ ਹਾਲੇ ਤਿੰਨ-ਚਾਰ ਕਿਤਾਬਾਂ ਦੇ ਨਾਂ ਹੀ ਲਏ ਸਨ ਤਾਂ ਉਨ੍ਹਾਂ ਇਹ ਕਿਹਾ, ''ਮੈਨੂੰ ਪਤਾ ਲੱਗ ਗਿਆ ਤੂੰ ਪ੍ਰਿੰਸੀਪਲ ਸਰਵਣ ਸਿੰਘ ਦਾ ਪ੍ਰਸੰਸਕ ਵੀ ਹੈ ਤੇ ਪਾਠਕ ਵੀ।'' 

ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਵਿਦਿਆਰਥੀ ਸੰਪਾਦਕ ਚੁਣਨ ਲਈ ਲਏ ਟੈਸਟ ਵਿੱਚ ਮੇਰੇ ਤੇ ਮੇਰੇ ਦੋਸਤ ਅਜੀਤਪਾਲ ਦੇ ਸਭ ਤੋਂ ਵੱਧ ਨੰਬਰ ਆਏ ਸਨ। ਇਹ ਟੈਸਟ ਨਿਰੋਲ ਪੰਜਾਬੀ ਸਾਹਿਤਕਾਰੀ ਬਾਰੇ ਲਿਆ ਗਿਆ ਸੀ। ਇਕ ਦਿਨ ਕਾਲਜ ਗਰਾਊਂਡ ਵਿੱਚ ਬੈਠਿਆ ਉਨ੍ਹਾਂ ਮੈਨੂੰ ਕਿਹਾ ਕਿ ਤੂੰ ਖਿਡਾਰੀ ਵੱਡਾ ਨਹੀਂ ਬਣ ਸਕਦਾ, ਖੇਡ ਲਿਖਾਰੀ ਜ਼ਰੂਰ ਬਣ ਸਕਦਾ ਹੈ, ਇਸ ਲਈ ਖੇਡਾਂ ਬਾਰੇ ਲਿਖਿਆ ਕਰ। ਉਸ ਦਿਨ ਤੋਂ ਬਾਅਦ ਮੈਂ ਇੱਧਰੋਂ-ਉਧਰੋਂ ਕੁੱਝ ਜਾਣਕਾਰੀ ਲੈ ਕੇ ਕਾਲਜ ਮੈਗਜ਼ੀਨ ਲਈ ਇਕ ਆਰਟੀਕਲ ਲਿਖਿਆ। ਮੇਰੇ ਕੱਚ-ਘਰੜ ਲੇਖ ਨੂੰ ਦੇਖਦਿਆਂ ਪ੍ਰੋ. ਭੱਠਲ ਤੇ ਪ੍ਰੋ. ਔਲਖ ਦੋਵਾਂ ਨੇ ਰੱਦ ਕਰ ਦਿੱਤਾ। ਫੇਰ ਮੈਂ ਦੋ ਹੋਰ ਆਰਟੀਕਲ ਲਿਖੇ ਜਿਹੜੇ ਉਨ੍ਹਾਂ ਨੂੰ ਬਹੁਤ ਪਸੰਦ ਆਏ ਅਤੇ ਉਨ੍ਹਾਂ ਵਿੱਚੋਂ ਇਕ ਕਾਲਜ ਮੈਗਜ਼ੀਨ ਲਈ ਰੱਖਦਿਆਂ, ਦੂਜਾ ਮੈਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਇਸ ਨੂੰ ਕਿਸੇ ਅਖਬਾਰ ਵਿਚ ਭੇਜੀ। ਪਹਿਲਾ ਆਰਟੀਕਲ 'ਪੁਰਾਤਨ ਤੇ ਨਵੀਨ ਓਲੰਪਿਕ ਖੇਡਾਂ ਦਾ ਇਤਿਹਾਸ' 2001-2002 ਸੈਸ਼ਨ ਦੇ ਕਾਲਜ ਮੈਗਜ਼ੀਨ ਵਿੱਚ ਤਾਂ ਬਾਅਦ ਵਿਚ ਛਪਿਆ, ਦੂਜਾ ਆਰਟੀਕਲ 'ਕ੍ਰਿਕਟ ਵਿੱਚ ਉਭਰਦੇ ਪੰਜਾਬੀ ਖਿਡਾਰੀ' 29 ਜੁਲਾਈ 2001 ਨੂੰ 'ਦੇਸ ਸ਼ੇਵਕ' ਵਿੱਚ ਪਹਿਲਾ ਛਪ ਗਿਆ। ਉਨ੍ਹਾਂ ਮੈਨੂੰ ਐੱਸ.ਡੀ.ਕਾਲਜ ਦਾ ਖੇਡ ਇਤਿਹਾਸ ਜ਼ੁਬਾਨੀ ਦੱਸਿਆ ਜਿਸ ਬਾਰੇ ਬਾਅਦ ਵਿੱਚ ਕਾਲਜ ਦੀਆਂ ਖੇਡ ਪ੍ਰਾਪਤੀਆਂ ਬਾਰੇ ਆਰਟੀਕਲ ਲਿਖਿਆ। ਪ੍ਰੋ.ਭੱਠਲ ਦੇ ਉਸ ਵੇਲੇ ਕਹੇ ਬੋਲਾਂ ਨੂੰ ਮੈਂ ਅੱਜ ਤੱਕ ਪਗਾਉਣ ਲਈ ਸਿਰਤੋੜ ਯਤਨ ਕਰ ਰਿਹਾ ਹਾਂ। ਹੁਣ ਤੱਕ ਮੇਰੇ ਕਰੀਬ 1000 ਤੋਂ ਵੱਧ ਖੇਡਾਂ ਵਾਲੇ ਆਰਟੀਕਲ/ਰਿਪੋਰਟਾਂ/ਖਬਰਾਂ ਅਖਬਾਰਾਂ, ਰਸਾਲਿਆਂ ਵਿੱਚ ਛਪ ਚੁੱਕੀਆਂ ਅਤੇ ਤਿੰਨ ਕਿਤਾਬਾਂ ਖੇਡਾਂ ਉਪਰ ਲਿਖ ਦਿੱਤੀਆਂ ਹਨ। ਇਨ੍ਹਾਂ ਦਾ ਸਿਹਰਾ ਮੈਂ ਤਾਉਮਰ ਪ੍ਰੋ.ਰਵਿੰਦਰ ਭੱਠਲ ਤੇ ਪ੍ਰੋ.ਸਰਬਜੀਤ ਔਲਖ ਨੂੰ ਦਿੰਦਾ ਰਹਾਂਗਾ।

ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਬਣਨ ਤੋਂ ਬਾਅਦ ਪ੍ਰੋ.ਭੱਠਲ ਦੇ ਰੁਝੇਵੇਂ ਵੱਧ ਗਏ। ਇਹ ਰੁਝੇਵੇਂ ਵੱਖ-ਵੱਖ ਸਾਹਿਤਕ ਸਮਾਗਮਾਂ ਵਿਚ ਪ੍ਰਧਾਨਗੀ ਕਰਨੀ, ਕਿਤਾਬਾਂ ਰਿਲੀਜ਼ ਕਰਨੀਆਂ, ਕਿਤਾਬਾਂ ਬਾਰੇ ਪਰਚਾ ਪੜ੍ਹਨਾ। ਹੁਣ ਉਨ੍ਹਾਂ ਕੋਲੋਂ ਕਿਤਾਬਾਂ ਦੇ ਮੁੱਖ ਬੰਦ ਵੀ ਲਿਖਾਉਣ ਵਾਲੇ ਵੱਧ ਆਉਂਦੇ ਹਨ। ਇਨ੍ਹਾਂ ਜ਼ਿੰਮੇਵਾਰੀਆਂ ਨੂੰ ਉਹ ਬੜੀ ਸੰਜੀਦਗੀ ਨਾਲ ਨਿਭਾਉਂਦੇ ਹਨ। ਕਿਸੇ ਕਿਤਾਬ ਰਿਲੀਜ਼ ਸਮਾਰੋਹ ਵਿੱਚ ਜਾਣ ਤੋਂ ਪਹਿਲਾਂ ਉਹ ਪੂਰੀ ਕਿਤਾਬ ਪੜ੍ਹ ਕੇ ਘਰੋਂ ਤੁਰਦੇ ਹਨ। ਇਸੇ ਤਰ੍ਹਾਂ ਕਿਤਾਬਾਂ ਦੇ ਮੁੱਖ ਬੰਦ ਲਿਖਣ ਲਈ ਕਿਤਾਬਾਂ ਦੇ ਖਰੜੇ ਨੂੰ ਪੂਰੀ ਤਰ੍ਹਾਂ ਘੋਖਦੇ ਹਨ। ਇਸ ਦਾ ਵੀ ਮੈਨੂੰ ਨਿੱਜੀ ਅਨੁਭਵ ਵੀ ਹੈ। 2005 ਵਿਚ ਜਦੋਂ ਮੈਂ ਆਪਣੀ ਪਹਿਲੀ ਕਿਤਾਬ 'ਖੇਡ ਅੰਬਰ ਦੇ ਪੰਜਾਬੀ ਸਿਤਾਰੇ' ਲਿਖੀ ਤਾਂ ਆਪਣੇ ਬਾਰੇ ਕਿਤਾਬ ਦੇ ਕਵਰ ਦੇ ਆਖਰੀ ਸਫ਼ੇ ਲਈ ਦੋ ਸ਼ਬਦ ਪ੍ਰੋ. ਭੱਠਲ ਹੁਰਾਂ ਤੋਂ ਲਿਖਵਾਉਣ ਲਈ ਮੈਂ ਉਨ੍ਹਾਂ ਦੇ ਲੁਧਿਆਣੇ ਘਰ ਪੁੱਜਾ। ਹਾਲਾਂਕਿ ਮੈਂ ਉਨ੍ਹਾਂ ਦਾ ਵਿਦਿਆਰਥੀ ਰਿਹਾ ਹੋਣ ਕਰਕੇ ਤਿੰਨ ਸਾਲ ਕਾਲਜ ਵਿੱਚ ਉਨ੍ਹਾਂ ਦੇ ਬਹੁਤ ਨੇੜੇ ਰਿਹਾ ਪਰ ਫਿਰ ਵੀ ਉਨ੍ਹਾਂ ਕੁਝ ਲਿਖਣ ਤੋਂ ਪਹਿਲਾਂ ਖਰੜਾ ਪੂਰਾ ਪੜ੍ਹਿਆ।


rajwinder kaur

Content Editor

Related News