ਰਾਵੀ ਦਰਿਆ ’ਚ ਵਧੇ ਪਾਣੀ ਕਾਰਨ ਘਣੀਏ ਕੇ-ਬਾਂਗਰ ਨੇੜੇ ਸੜਕ ’ਚ ਪਿਆ ਪਾੜ, ਖੇਤਾਂ ’ਚ ਭਰਿਆ ਪਾਣੀ

08/17/2022 11:30:02 AM

ਗੁਰਦਾਸਪੁਰ, ਡੇਰਾ ਬਾਬਾ ਨਾਨਕ (ਵਿਨੋਦ) : ਬੀਤੇ ਦਿਨ ਸ਼ਾਮ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਪਿੰਡ ਘਣੀਏ ਕੇ ਬਾਂਗਰ ਅਤੇ ਗੋਨੇਵਾਲਾ ਪਿੰਡਾਂ ਦੇ ਕੋਲ ਰਾਵੀ ਦਰਿਆ ਕਿਨਾਰੇ ਬਣੀ ਸੜਕ ਰੁੜ੍ਹ ਜਾਣ ਕਰ ਕੇ ਪਾਣੀ ਖੇਤਾਂ ’ਚ ਭਰ ਗਿਆ। ਇਸ ਸਬੰਧੀ ਸੀਮਾ ਸੁਰੱਖਿਆ ਬਲ ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਦੇ ਦੇਖ ਲੋਕਾਂ ਨੂੰ ਚੌਂਕਸ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸੀਮਾ ਸੁਰੱਖਿਆ ਬਲ ਦੇ ਕਾਸੋਵਾਲ ਬੀ. ਓ. ਪੀ. ’ਚ ਤਾਇਨਾਤ ਜਵਾਨਾਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਕਰੀਬ 5-30 ਵਜੇ ਅਚਾਨਕ ਗੋਨੇਵਾਲਾ ਅਤੇ ਘਣੀਏ ਕੇ ਬਾਂਗਰ ਨੇੜੇ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਇੱਥੇ ਬਣੀ ਸੜਕ ’ਚ ਦਰਾੜ ਦੇਖ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਦੇਖਦੇ ਹੀ ਦੇਖਦੇ ਇਸ ਪਾੜ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਅਤੇ ਇਹ ਸੜਕ ਪਾਣੀ ਦੇ ਵਹਾਅ ਅੱਗੇ ਟਿਕ ਨਹੀਂ ਸਕੀ, ਜਿਸ ਕਾਰਨ ਦਰਿਆ ਦੇ ਪਾਣੀ ਕਾਰਨ ਖੇਤ ਭਰਨੇ ਸ਼ੁਰੂ ਹੋ ਗਏ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਦਰਾੜ ਕਾਰਨ ਸਾਡੀ ਕਾਸੋਵਾਲ ਬੀ. ਓ. ਪੀ. ਨੂੰ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ ਹੈ ਅਤੇ ਸੀਮਾ ਸੁਰੱਖਿਆ ਬਲ ਦੀ 10 ਬਟਾਲੀਅਨ ਨੂੰ ਕਾਸੋਵਾਲ ਅਤੇ ਆਸ-ਪਾਸ ਦੇ ਇਲਾਕਿਆਂ ’ਚ ਚੌਕਸ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

 


rajwinder kaur

Content Editor

Related News