ਵਿਧਾਇਕ ਨੇ ਆਟਾ-ਦਾਲ ਸਕੀਮ ਤਹਿਤ ਰਾਸ਼ਨ ਵੰਡਿਆ

Wednesday, Jul 19, 2017 - 07:27 AM (IST)

ਵਿਧਾਇਕ ਨੇ ਆਟਾ-ਦਾਲ ਸਕੀਮ ਤਹਿਤ ਰਾਸ਼ਨ ਵੰਡਿਆ

ਫਰੀਦਕੋਟ  (ਹਾਲੀ) - ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਤਹਿਤ ਇਥੋਂ ਦੇ ਸੰਜੇ ਨਗਰ ਵਿਖੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਲਾਭਪਾਤਰੀਆਂ ਨੂੰ ਰਾਸ਼ਨ ਤਕਸੀਮ ਕੀਤਾ। ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਆਮ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਭਲਾਈ ਸਕੀਮਾਂ ਨੂੰ ਬਰਕਰਾਰ ਰੱਖਦਿਆਂ ਉਨ੍ਹਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਟਾ-ਦਾਲ ਸਕੀਮ ਤਹਿਤ ਸਾਫ਼-ਸੁਥਰਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਇਸ ਸਕੀਮ ਦਾ ਗਲਤ ਤੇ ਨਾਜਾਇਜ਼ ਤਰੀਕੇ ਨਾਲ ਲਾਭ ਲੈਣ ਵਾਲਿਆਂ ਨੂੰ ਬਾਹਰ ਕੀਤਾ ਜਾਵੇਗਾ।
ਢਿੱਲੋਂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਲੋਕਾਂ ਉੱਪਰ ਅੱਤਿਆਚਾਰ ਕਰਨ ਵਾਲੇ ਅਕਾਲੀ-ਭਾਜਪਾ ਸਰਕਾਰ ਦੇ ਆਗੂਆਂ ਨੂੰ ਅਰਸ਼ ਤੋਂ ਫਰਸ਼ 'ਤੇ ਲਿਆ ਕੇ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਅਕਾਲੀ-ਭਾਜਪਾ ਸਰਕਾਰ ਤੋਂ ਕਿੰਨੇ ਪ੍ਰੇਸ਼ਾਨ ਸਨ।
ਇਕੱਤਰ ਹੋਏ ਲੋਕਾਂ ਨੇ ਕਾਂਗਰਸ ਦੇ ਸੂਬਾ ਸਕੱਤਰ ਡਾ. ਜਗੀਰ ਸਿੰਘ ਦੀ ਅਗਵਾਈ 'ਚ ਵਿਧਾਇਕ ਨੂੰ ਮੁਹੱਲੇ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਹੱਲ ਦੀ ਮੰਗ ਕੀਤੀ। ਸੰਜੇ ਨਗਰ ਦੀਆਂ ਮੁੱਖ ਸਮੱਸਿਆਵਾਂ ਵਿਚੋਂ ਮੁਹੱਲੇ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣਾ, ਸਟਰੀਟ ਲਾਈਟਾਂ, ਸੀਵਰੇਜ ਦਾ ਕੰਮ ਮੁਕੰਮਲ ਕਰਨਾ ਤੇ ਗਲੀਆਂ-ਨਾਲੀਆਂ ਨੂੰ ਪੱਕਾ ਕਰਨ ਨੂੰ ਵਿਧਾਇਕ ਨੇ ਇਕ ਸਾਲ ਦੇ ਅੰਦਰ-ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਕਾਂਗਰਸੀ ਆਗੂ ਡਾ. ਰੇਸ਼ਮ ਸਿੰਘ, ਡਾ. ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਭੁੱਲਰ, ਹਰਮੇਸ਼ ਸਿੰਘ ਸੋਢੀ, ਬਿੱਕਰ ਸਿੰਘ, ਡਾ. ਕਸ਼ਮੀਰ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਅਰਜਨ ਦਾਸ ਤੇ ਜਸਵੰਤ ਸਿੰਘ ਵੀ ਹਾਜ਼ਰ ਸਨ।


Related News