ਰੈਸ਼ ਡਰਾਈਵਿੰਗ ਨੇ ਬੁਝਾਏ ਇਕੋ ਪਰਿਵਾਰ ਦੇ 2 ਚਿਰਾਗ
Wednesday, Sep 20, 2017 - 03:46 AM (IST)

ਅੰਮ੍ਰਿਤਸਰ, (ਸੰਜੀਵ)- ਰੈਸ਼ ਡਰਾਈਵਿੰਗ ਦੌਰਾਨ ਸਕੂਲ ਬੱਸ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਅੱਜ ਇਕ ਹੀ ਪਰਿਵਾਰ ਦੇ 2 ਚਿਰਾਗਾਂ ਨੂੰ ਬੁਝਾ ਗਈ। ਘਟਨਾ ਉਸ ਸਮੇਂ ਹੋਈ ਜਦੋਂ ਸਵੇਰੇ 7:15 ਵਜੇ ਦੇ ਕਰੀਬ ਸਾਹਿਲ (16) ਆਪਣੇ ਚਚੇਰੇ ਭਰਾ ਜਸਵੰਤ (19) ਨੂੰ ਮੋਟਰਸਾਈਕਲ 'ਤੇ ਉਸ ਦੇ ਦਫਤਰ ਛੱਡਣ ਜਾ ਰਿਹਾ ਸੀ ਅਤੇ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਸਕੂਲ ਬੱਸ ਨੰ. ਪੀ ਬੀ 06 ਡੀ 1102 ਉਨ੍ਹਾਂ ਵਿਚ ਆਹਮੋ-ਸਾਹਮਣੇ ਟਕਰਾ ਗਈ। ਗੰਭੀਰ ਰੂਪ 'ਚ ਜ਼ਖਮੀ ਹੋਇਆ ਜਸਵੰਤ ਸਿੰਘ ਘਟਨਾ ਥਾਂ 'ਤੇ ਹੀ ਦਮ ਤੋੜ ਗਿਆ, ਜਦੋਂ ਕਿ ਸਾਹਿਲ ਨੇ ਹਸਪਤਾਲ ਜਾਂਦੇ ਸਮੇਂ ਰਸਤੇ 'ਚ ਆਖਰੀ ਸਾਹ ਲਿਆ।
ਘਟਨਾ ਵਾਲੀ ਥਾਂ 'ਤੇ ਖੜ੍ਹੇ ਕੁਝ ਲੋਕਾਂ ਨੇ ਦੱਸਿਆ ਕਿ ਸਕੂਲ ਬੱਸ ਤੇ ਮੋਟਰਸਾਈਕਲ ਚਾਲਕ ਦੋਵੇਂ ਹੀ ਤੇਜ਼ ਰਫਤਾਰ 'ਤੇ ਸਨ ਅਤੇ ਆਹਮੋ-ਸਾਹਮਣੇ ਆਉਣ ਤੋਂ ਬਾਅਦ ਦੋਵੇਂ ਵਾਹਨ ਸੰਭਲ ਨਹੀਂ ਸਕੇ ਅਤੇ ਆਪਸ ਵਿਚ ਭਿੜ ਗਏ। ਘਟਨਾ ਦੇ ਤੁਰੰਤ ਬਾਅਦ ਚਾਲਕ ਸਕੂਲ ਬੱਸ ਨੂੰ ਮੌਕੇ 'ਤੇ ਹੀ ਛੱਡ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਕਬੂਲਪੁਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਜੌੜਾ ਫਾਟਕ ਸਥਿਤ ਦਸਮੇਸ਼ ਨਗਰ ਦਾ ਰਹਿਣ ਵਾਲਾ ਸਾਹਿਲ ਆਪਣੇ ਚਚੇਰੇ ਭਰਾ ਜਸਵੰਤ ਨੂੰ ਨੌਕਰੀ 'ਤੇ ਛੱਡਣ ਲਈ ਜਾ ਰਿਹਾ ਸੀ, ਜੌੜਾ ਫਾਟਕ ਤੋਂ ਨਿਕਲਦੇ ਹੀ ਦੋਵੇਂ ਗਲਤ ਸਾਈਡ 'ਤੇ ਧੋਬੀ ਘਾਟ ਵੱਲ ਜਾ ਰਹੇ ਸਨ ਕਿ ਇਸੇ ਦੌਰਾਨ ਇਕ ਤੇਜ਼ ਰਫਤਾਰ ਸਕੂਲ ਬੱਸ ਉਨ੍ਹਾਂ ਸਾਹਮਣੇ ਆ ਗਈ ਅਤੇ ਦੋਵਾਂ ਦੀ ਸਿੱਧੀ ਟੱਕਰ ਹੋ ਗਈ। ਦੋਵਾਂ ਵਾਹਨਾਂ ਦੇ ਆਪਸ 'ਚ ਟਕਰਾਉਂਦੇ ਹੀ ਜਸਵੰਤ ਅਤੇ ਸਾਹਿਲ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਦਮ ਤੋੜ ਗਏ।