15 ਸਾਲ ਹੋ ਗਏ, ਕਿਸੇ ਨੇ ਰਾੜਾ ਸਾਹਿਬ ਵਾਲੀ ਸੜਕ ਦੀ ਨਹੀਂ ਪੁੱਛੀ ਬਾਤ! (ਤਸਵੀਰਾਂ)

Thursday, Aug 31, 2017 - 03:45 PM (IST)

15 ਸਾਲ ਹੋ ਗਏ, ਕਿਸੇ ਨੇ ਰਾੜਾ ਸਾਹਿਬ ਵਾਲੀ ਸੜਕ ਦੀ ਨਹੀਂ ਪੁੱਛੀ ਬਾਤ!  (ਤਸਵੀਰਾਂ)

ਸ਼ਾਮਚੁਰਾਸੀ(ਚੁੰਬਰ)— ਗੁਰਦੁਆਰਾ ਰਾੜਾ ਸਾਹਿਬ ਦੇ ਸੰਤ ਰਣਜੋਧ ਸਿੰਘ, ਸੇਵਾਦਾਰ ਬਲਵੀਰ ਸਿੰਘ, ਰਣਵੀਰ ਸਿੰਘ,  ਡਾ. ਜਸਵੀਰ ਸਿੰਘ, ਸੁੱਚਾ ਸਿੰਘ, ਸਮੇਤ ਕਈ  ਹੋਰਾਂ ਨੇ ਰਾੜਾ ਸਾਹਿਬ ਦੀ ਸੜਕ ਜਿਸ ਦੀ ਸ਼ਾਮਚੁਰਾਸੀ ਚੌਂਕ ਤੋਂ ਰਾੜਾ ਸਾਹਿਬ ਗੁਰਦੁਆਰੇ ਤੱਕ ਅਤਿ ਤਰਸਯੋਗ ਹਾਲਤ ਹੈ, ਬਾਰੇ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਇਸ ਸੜਕ ਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ। ਇਸ ਟੁੱਟੀ ਹੋਈ ਸੜਕ ਦੀ ਹਾਲਤ ਨੂੰ ਹੋਰ ਵੀ ਨਾਜ਼ੁਕ ਬਣਾਉਣ ਵਿਚ ਸੀਵਰੇਜ ਵਿਭਾਗ ਨੇ ਜਖਮਾਂ 'ਤੇ ਲੂਣ ਪਾਉਣ ਵਾਲਾ ਕੰਮ ਕੀਤਾ। ਸੜਕ ਤਾਂ ਪਹਿਲਾਂ ਹੀ ਟੁੱਟ ਚੁੱਕੀ ਸੀ, ਜਿਸ ਦੀ ਇਕ ਸਾਈਡ ਨੂੰ ਅਕਾਲੀ ਸਰਕਾਰ ਨੇ ਸੀਵਰੇਜ ਸਹੂਲਤ ਦੇਣ ਦਾ ਐਲਾਨ ਕਰਦਿਆਂ ਬੁਰੀ ਤਰ੍ਹਾਂ ਪੱਟ ਦਿੱਤਾ, ਜਿਸ ਕਾਰਨ ਇਸ ਦੀ ਹਾਲਤ ਬਦ ਤੋਂ ਬਦਤਰ ਹੋ ਗਈ। 
ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਵਾਲਿਆਂ ਵੱਲੋਂ ਇਸ ਸੜਕ 'ਤੇ ਪਾਈਪ ਪਾ ਕੇ ਖੱਡੇ ਬਣਾ ਦਿੱਤੇ ਗਏ, ਜਿੰਨ੍ਹਾਂ ਦੇ ਨੰਗੇ ਟੋਏ ਰਾਹਗੀਰਾਂ ਲਈ ਜਾਨਲੇਵਾ ਸਾਬਿਤ ਹੋਏ। ਕਈ ਸਕੂਲੀ ਬੱਚੇ ਅਤੇ ਰਾਹਗੀਰ ਇੰਨ੍ਹਾਂ ਵਿਚ ਡਿੱਗ ਕੇ ਫੱਟੜ ਹੋਏ। ਸੁਸਤ ਚਾਲ ਵਿਚ ਕੰਮ ਕਰਨ ਵਾਲਾ ਉਕਤ ਵਿਭਾਗ ਕਈ ਮਹੀਨਿਆਂ ਪਿੱਛੋਂ ਹੁਣ ਇੰਨ੍ਹਾਂ ਖੱਡਿਆਂ 'ਤੇ ਢੱਕਣ ਲਗਾਉਣ ਲਈ ਜਾਗਿਆ ਹੈ। ਜਿਸ ਵਿਚ ਵੀ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਵੇਗਾ। ਬਾਬਾ ਜੀ ਨੇ ਕਿਹਾ ਕਿ ਮਹਾਪੁਰਸ਼ਾਂ ਦਾ ਬਰਸੀ ਸਮਾਗਮ ਆਉਣ ਵਾਲਾ ਹੈ, ਜਿਸ ਵਿਚ ਦੇਸ਼ ਵਿਦੇਸ਼ ਤੋਂ ਸੈਂਕੜੇ ਸੰਗਤਾਂ ਹਰ ਸਾਲ ਰਾੜਾ ਸਾਹਿਬ ਗੁਰੂ ਘਰ ਪੁੱਜਦੀਆਂ ਹਨ, ਪਰ ਸੜਕ ਦੀ ਤਰਸਯੋਗ ਹਾਲਤ ਸੰਗਤ ਲਈ ਦਰਪੇਸ਼ ਅਤੇ ਵੱਡੀ ਮੁਸ਼ਕਿਲ ਹੈ। ਸਾਰਿਆਂ ਦੀ ਮੰਗ ਹੈ ਕਿ ਉਕਤ ਸੜਕ ਨੂੰ ਜੋ ਸਿਰਫ ਰਾੜਾ ਸਾਹਿਬ ਤੱਕ ਹੀ ਜ਼ਿਲਾ ਹੁਸ਼ਿਆਰਪੁਰ ਵਿਚ ਪੈਂਦੀ ਹੈ ਨੂੰ ਸੜਕ ਵਿਭਾਗ ਸਮਾਗਮ ਤੋਂ ਪਹਿਲਾਂ ਪਹਿਲਾਂ ਬਣਾਵੇ ਅਤੇ ਜੋ ਅਧੁਰਾ ਕੰਮ ਸੀਵਰੇਜ ਦਾ ਹੈ ਉਸ ਨੂੰ ਵੀ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਰਾੜਾ ਸਾਹਿਬ ਤੋਂ ਅੱਗੇ ਪੈਂਦੇ ਪਿੰਡ ਮੁਹੱਦੀਪੁਰ ਅਤੇ ਸਾਰੋਬਾਦ ਦੀ ਸੜਕ ਜ਼ਿਲਾ ਜਲੰਧਰ ਦੀ ਹੱਦ ਵਿਚ ਆਉਣ ਕਾਰਨ ਬਣ ਚੁੱਕੀ ਹੈ।


Related News