ਨੌਜਵਾਨ ਨੇ ਕੁੜੀ ਨੂੰ ਬੇਹੋਸ਼ ਕਰਕੇ ਬਣਾਇਆ ਹਵਸ ਦਾ ਸ਼ਿਕਾਰ, ਮਾਮਲਾ ਦਰਜ

Saturday, Oct 30, 2021 - 01:28 PM (IST)

ਨੌਜਵਾਨ ਨੇ ਕੁੜੀ ਨੂੰ ਬੇਹੋਸ਼ ਕਰਕੇ ਬਣਾਇਆ ਹਵਸ ਦਾ ਸ਼ਿਕਾਰ, ਮਾਮਲਾ ਦਰਜ

ਖਰੜ (ਰਣਬੀਰ) : ਖਰੜ ਸਿਟੀ ਪੁਲਸ ਨੇ ਇਕ ਨੌਜਵਾਨ ਖ਼ਿਲਾਫ਼ ਕੁੜੀ ਨੂੰ ਪਿਆਰ ਦੇ ਜਾਲ ’ਚ ਫਸਾ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਪੀੜਤ ਕੁੜੀ ਪੇਸ਼ੇ ਵੱਜੋਂ ਡਾਕਟਰ ਹੈ। ਉਸ ਨੇ ਦੱਸਿਆ ਕਿ ਪੜ੍ਹਾਈ ਦੌਰਾਨ ਉਸ ਦੀ ਇਕ ਦੁਕਾਨ ’ਤੇ ਰਾਜਪੁਰਾ ਦੇ ਰਹਿਣ ਵਾਲੇ ਦੋਸ਼ੀ ਨੌਜਵਾਨ ਪੁਨੀਤ ਨਾਲ ਮੁਲਾਕਾਤ ਹੋਈ ਸੀ। ਇਸ ਪਿੱਛੋਂ ਦੋਵਾਂ ਦੀ ਦੋਸਤੀ ਹੋਈ ਤਾਂ ਇਕ ਦਿਨ ਪੁਨੀਤ ਨੇ ਉਸ ਨੂੰ ਪੀਣ ਲਈ ਕੁੱਝ ਦਿੱਤਾ, ਜਿਸ ਪਿੱਛੋਂ ਉਸ ਨੂੰ ਕੋਈ ਸੁੱਧ ਨਾ ਰਹੀ ਪਰ ਜਦੋਂ ਹੋਸ਼ ਆਈ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਪੁਨੀਤ ਵੱਲੋਂ ਬੇਹੋਸ਼ੀ ਦੀ ਹਾਲਤ ’ਚ ਉਸ ਨਾਲ ਜ਼ਬਰਦਸਤੀ ਕੀਤੀ ਗਈ ਸੀ।

ਇਸ ਪਿੱਛੋਂ ਪੁਨੀਤ ਨੇ ਪੀੜਤਾ ਨੂੰ ਉਸ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰ ਦੇਣ ਦੀ ਧਮਕੀ ਦੇ ਕੇ ਵੱਖ-ਵੱਖ ਥਾਈਂ ਲਿਜਾ ਕੇ ਉਸ ਨਾਲ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਦਰਖ਼ਾਸਤ ਕਰਤਾ ਨੇ ਦੱਸਿਆ ਕਿ ਆਪਣੀ ਅਤੇ ਆਪਣੇ ਮਾਪਿਆਂ ਦੀ ਇੱਜ਼ਤ ਰੱਖਣ ਲਈ ਉਹ ਪੁਨੀਤ ਦੀ ਗੱਲ ਮੰਨਦੀ ਰਹੀ। ਇੰਨਾ ਹੀ ਨਹੀਂ, ਬਲੈਕਮੇਲ ਕਰ ਕੇ ਪੁਨੀਤ ਨੇ ਪੀੜਤ ਲੜਕੀ ਨਾਲ ਵਿਆਹ ਵੀ ਕਰਵਾ ਲਿਆ ਪਰ ਕਿਉਂਕਿ ਪੁਨੀਤ ਦੀਆਂ ਹਰਕਤਾਂ ਉਸ ਨੂੰ ਲਗਾਤਾਰ ਬਲੈਕਮੇਲ ਕਰਨ ਵਾਲੀਆਂ ਜਾਰੀ ਰਹੀਆਂ, ਇਸ ਲਈ ਉਹ ਦੋ ਦਿਨ ਉਸ ਨਾਲ ਰਹਿਣ ਪਿੱਛੋਂ ਆਪਣੇ ਘਰ ਮਾਪਿਆਂ ਕੋਲ ਆ ਗਈ।

ਪੁਨੀਤ ਉਸ ਨੂੰ ਲਗਾਤਾਰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਗ ਕਰਦਾ ਰਿਹਾ। ਉਸ ਦੀਆਂ ਹਰਕਤਾਂ ਤੋਂ ਤੰਗ ਆ ਕੇ ਪੀੜਤ ਕੁੜੀ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ ’ਤੇ ਕਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮ ਪੁਨੀਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News