ਬਲਾਤਕਾਰ ਪੀੜਤਾ ਨੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ (ਵੀਡੀਓ)
Monday, Oct 29, 2018 - 11:56 AM (IST)
ਫਿਰੋਜ਼ਪੁਰ (ਸੰਨੀ ਚੋਪੜਾ) - ਰੋ-ਰੋ ਕੇ ਮੌਤ ਦੀ ਗੁਹਾਰ ਲਗਾ ਰਹੀ ਇਹ ਲੜਕੀ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੀ ਹੈ। ਆਪਣੇ ਨਾਲ ਹੋਏ ਬਲਾਤਕਾਰ ਦਾ ਇਨਸਾਫ ਮੰਗ ਰਹੀ ਇਸ ਲੜਕੀ ਨੇ ਇਨਸਾਫ ਨਾ ਮਿਲਣ 'ਤੇ ਐੱਸ. ਡੀ. ਐੱਮ. ਦਫਤਰ ਦੇ ਬਾਹਰ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਇਸ ਨੂੰ ਇਸਨਾਫ ਦਿਵਾਉਣ ਦੀ ਥਾਂ ਉਸ ਦੇ ਹੀ ਇਕ ਸਾਥੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਚਾਰ ਮਹੀਨੇ ਪਹਿਲਾਂ ਇਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਉਕਤ ਲੜਕੀ ਨਾਲ ਬਲਾਤਕਾਰ ਕੀਤਾ ਸੀ। ਪੁਲਸ ਕੋਲ ਵਾਰ-ਵਾਰ ਚੱਕਰ ਕੱਟਣ ਦੇ ਬਾਵਜੂਦ ਪੁਲਸ ਨੇ ਇਕ ਮਹੀਨੇ ਬਾਅਦ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਪਰ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਕੀਤੀ। ਬੀਤੇ ਦਿਨ ਪੀੜਤ ਲੜਕੀ ਇਨਸਾਫ ਲੈਣ ਲਈ ਗੁਰੂਹਰਸਹਾਏ ਦੇ ਐੱਸ. ਡੀ. ਐੱਮ. ਦਫਤਰ ਦੇ ਬਾਹਰ ਮਰਨ ਵਰਤ 'ਤੇ ਬੈਠ ਗਈ ਤੇ ਅੰਤ ਉਸ ਨੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਉਸ ਨੂੰ ਬਚਾਅ ਕੇ ਧੱਕੇ ਨਾਲ ਐਂਬੂਲੈਂਸ 'ਚ ਬਿਠਾ ਕੇ ਹਸਪਤਾਲ ਭੇਜ ਦਿੱਤਾ।
ਪ੍ਰੇਸ਼ਾਨ ਹੋ ਕੇ ਪੀੜਤਾ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਖਰਾਬ ਹੋ ਚੁੱਕੀ ਹੈ ਤੇ ਹੁਣ ਉਹ ਜਿਊਣਾ ਨਹੀਂ ਚਾਹੁੰਦੀ। ਬਲਾਤਕਾਰ ਦੇ ਦੋਸ਼ੀ ਖਿਲਾਫ ਢਿੱਲ-ਮੱਠ ਵਾਲਾ ਰਵੱਈਆ ਵਰਤਣ ਵਾਲੀ ਪੁਲਸ ਨੇ ਪੀੜਤ ਦੇ ਸਾਥੀ 'ਤੇ ਤੁਰੰਤ ਕਾਰਵਾਈ ਕਰ ਦਿੱਤੀ, ਜਿਸ ਨਾਲ ਉਹ ਆਪਣਾ ਦੁੱਖ ਸਾਂਝਾ ਕਰ ਰਹੀ ਸੀ। ਇਸ ਮਾਮਲੇ ਦੇ ਸਬੰਧ 'ਚ ਪੁਲਸ ਦਾ ਕਹਿਣਾ ਹੈ ਕਿ ਜਾਂਚ ਚੱਲਣ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਰ ਸੱਚ ਸਾਹਮਣੇ ਆਉਣ 'ਤੇ ਦੋਸ਼ੀ 'ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ।