ਔਰਤਾਂ ਨਾਲ ਜਬਰ-ਜ਼ਿਨਾਹ ਦੇ ਕੇਸਾਂ ਨੂੰ ਲੈ ਕੇ NCRB ਦੀ ਰਿਪੋਰਟ 'ਚ ਹੋਇਆ ਹੈਰਾਨ ਕਰਦਾ ਖ਼ੁਲਾਸਾ

Monday, Sep 05, 2022 - 10:27 AM (IST)

ਔਰਤਾਂ ਨਾਲ ਜਬਰ-ਜ਼ਿਨਾਹ ਦੇ ਕੇਸਾਂ ਨੂੰ ਲੈ ਕੇ NCRB ਦੀ ਰਿਪੋਰਟ 'ਚ ਹੋਇਆ ਹੈਰਾਨ ਕਰਦਾ ਖ਼ੁਲਾਸਾ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ 'ਚ ਔਰਤਾਂ ਅਤੇ ਬੱਚੇ ਸੁਰੱਖਿਅਤ ਨਹੀਂ ਹਨ। ਔਰਤਾਂ ਅਤੇ ਕੁੜੀਆਂ ਨਾਲ ਜਬਰ-ਜ਼ਿਨਾਹ ਦੀਆਂ ਜ਼ਿਆਦਾਤਰ ਘਟਨਾਵਾਂ ਨੂੰ ਜਾਣਕਾਰ ਹੀ ਅੰਜ਼ਾਮ ਦਿੰਦੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਜਾਰੀ ਅੰਕੜਿਆਂ 'ਚ ਇਹ ਖ਼ੁਲਾਸਾ ਹੋਇਆ ਹੈ। 2020 'ਚ ਵੀ ਔਰਤਾਂ ਨਾਲ ਜਬਰ-ਜ਼ਿਨਾਹ ਦੇ 74 ਮਾਮਲਿਆਂ ਵਿਚੋਂ 68 'ਚ ਮੁਲਜ਼ਮ ਔਰਤਾਂ ਦੇ ਜਾਣਕਾਰ ਸਨ। ਹੈਰਾਨੀ ਦੀ ਗੱਲ ਹੈ ਕਿ 8 ਕੇਸਾਂ 'ਚ ਮੁਲਜ਼ਮ ਪਰਿਵਾਰਕ ਮੈਂਬਰ ਸਨ। 47 ਮਾਮਲਿਆਂ 'ਚ ਮੁਲਜ਼ਮ ਔਰਤਾਂ ਦੇ ਦੋਸਤ, ਆਨਲਾਈਨ ਦੋਸਤ ਜਾਂ ਲਿਵ-ਇਨ ਪਾਰਟਨਰ ਸਨ। 13 ਕੇਸਾਂ 'ਚ ਮੁਲਜ਼ਮ ਪਰਿਵਾਰਕ ਦੋਸਤ ਸਨ ਅਤੇ ਸਿਰਫ਼ 6 ਕੇਸਾਂ ਵਿਚ ਮੁਲਜ਼ਮ ਅਣਪਛਾਤੇ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਲੱਗਾ 10 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

ਰਿਪੋਰਟ 'ਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਬਾਲ ਅਪਰਾਧੀਆਂ ਵੱਲੋਂ ਕੀਤੇ ਗਏ ਅਪਰਾਧਾਂ 'ਚ ਮਾਮੂਲੀ ਵਾਧਾ ਹੋਇਆ ਹੈ। 2020 'ਚ ਜਿੱਥੇ ਨਾਬਾਲਗ ਅਪਰਾਧੀਆਂ ਨਾਲ ਸਬੰਧਿਤ 50 ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ 2021 'ਚ 54 ਮਾਮਲੇ ਸਾਹਮਣੇ ਆਏ ਸਨ। ਹੈਰਾਨੀ ਦੀ ਗੱਲ ਹੈ ਕਿ 2019 'ਚ 117 ਮਾਮਲੇ ਨਾਬਾਲਿਗ ਅਪਰਾਧੀਆਂ ਨਾਲ ਸਬੰਧਿਤ ਸਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਮੁਤਾਬਕ ਬੱਚਿਆਂ ਨਾਲ ਜੁੜੇ ਅਪਰਾਧਾਂ 'ਚ 10.68 ਫ਼ੀਸਦੀ ਦਾ ਵਾਧਾ ਹੋਇਆ ਹੈ। ਔਰਤਾਂ ਖ਼ਿਲਾਫ਼ ਅਪਰਾਧ ਵੀ ਵਧੇ ਹਨ। ਇਨ੍ਹਾਂ ਖ਼ਿਲਾਫ਼ ਅਪਰਾਧਾਂ 'ਚ 12.24 ਫ਼ੀਸਦੀ ਵਾਧਾ ਹੋਇਆ ਹੈ। ਇਹ ਅੰਕੜੇ 2021 ਦੇ ਹਨ।

ਇਹ ਵੀ ਪੜ੍ਹੋ : ਮੋਹਾਲੀ ਅੰਦਰ ਲੱਗੇ ਮੇਲੇ 'ਚ ਵਾਪਰਿਆ ਵੱਡਾ ਹਾਦਸਾ, ਲੋਕਾਂ ਦੇ ਝੂਟੇ ਲੈਣ ਦੌਰਾਨ ਟੁੱਟਿਆ ਝੂਲਾ

ਅੰਕੜਿਆਂ ਮੁਤਾਬਿਕ ਜਬਰ-ਜ਼ਿਨਾਹ ਦੇ 91.9 ਫ਼ੀਸਦੀ ਮਾਮਲਿਆਂ 'ਚ ਮੁਲਜ਼ਮ ਪੀੜਤਾਂ ਨੂੰ ਜਾਣਦੇ ਸਨ। ਇਹ ਅੰਕੜੇ ਕੁੱਲ 74 ਕੇਸਾਂ ਦੇ ਹਨ, ਜਿਨ੍ਹਾਂ 'ਚੋਂ 68 'ਚ ਮੁਲਜ਼ਮ ਪੀੜਤਾਂ ਨੂੰ ਜਾਣਦੇ ਸਨ। 2021 'ਚ ਬੱਚਿਆਂ ਨਾਲ ਜੁੜੇ ਕੁੱਲ 234 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ। ਇਹ 245 ਬੱਚਿਆਂ ਨਾਲ ਸਬੰਧਿਤ ਸਨ। ਇਨ੍ਹਾਂ 'ਚ ਮੁੰਡੇ ਅਤੇ ਕੁੜੀਆਂ ਦੋਵੇਂ ਸ਼ਾਮਲ ਸਨ। 2020 'ਚ ਬੱਚਿਆਂ ਨਾਲ ਜੁੜੇ 209 ਕੇਸ ਦਰਜ ਕੀਤੇ ਗਏ ਸਨ। ਜਬਰ-ਜ਼ਿਨਾਹ ਦੇ ਕੁੱਲ 74 ਮਾਮਲਿਆਂ ਵਿਚੋਂ 46 'ਚ ਪੀੜਤਾਂ ਦੀ ਉਮਰ 18 ਸਾਲ ਤੋਂ ਘੱਟ ਸੀ। 46 ਵਿਚੋਂ 22 ਕੇਸਾਂ 'ਚ ਪੀੜਤ 12 ਤੋਂ 16 ਸਾਲ ਦੀ ਉਮਰ ਦੇ ਸਨ।
ਅਗਵਾ ਕਰਨ ਅਤੇ ਜਬਰ-ਜ਼ਿਨਾਹ ਦੇ ਮਾਮਲੇ ਵਧੇ
2021 'ਚ ਬੱਚਿਆਂ ਖ਼ਿਲਾਫ਼ 234 ਅਪਰਾਧਿਕ ਮਾਮਲਿਆਂ ਵਿਚੋਂ 46 ਜਬਰ-ਜ਼ਿਨਾਹ ਅਤੇ 149 ਅਗਵਾ ਕਰਨ ਦੇ ਸਨ। ਬਾਲ ਮਜ਼ਦੂਰੀ ਦੇ 7 ਮਾਮਲੇ ਸਾਹਮਣੇ ਆਏ। ਇਨ੍ਹਾਂ 7 ਮਾਮਲਿਆਂ 'ਚ 40 ਬੱਚਿਆਂ ਨੂੰ ਬਚਾਇਆ ਗਿਆ। 2020 ਤੋਂ 196 ਅਪਰਾਧਿਕ ਮਾਮਲਿਆਂ ਦੀ ਜਾਂਚ ਪੈਂਡਿੰਗ ਹੈ। 2021 'ਚ 234 ਕੇਸਾਂ ਨੂੰ ਜੋੜ ਕੇ ਕੁੱਲ ਕੇਸ 430 ਹੋ ਗਏ ਹਨ। ਜਾਂਚ ਦੌਰਾਨ ਕੁੱਲ 430 ਕੇਸਾਂ ਵਿਚੋਂ 147 ਕੇਸ ਕਾਨੂੰਨੀ ਗਲਤੀ ਵਾਲੇ ਅਤੇ ਸਿਵਲ ਕਿਸਮ ਦੇ ਪਾਏ ਗਏ।

ਇਹ ਵੀ ਪੜ੍ਹੋ : ਆਮਦਨ ਟੈਕਸ ਵਾਲੇ ਕਹਿ ਤੜਕਸਾਰ ਵੜੇ ਘਰ ਅੰਦਰ, ਪਿਸਤੌਲ ਤਾਣ ਕਰ ਗਏ ਵੱਡੀ ਵਾਰਦਾਤ

ਐੱਨ. ਸੀ. ਆਰ. ਰਿਕਾਰਡ ਅਨੁਸਾਰ 2021 'ਚ ਬੱਚਿਆਂ ਨਾਲ ਸਬੰਧਿਤ ਅਪਰਾਧਾਂ 'ਚ 43.5 ਫ਼ੀਸਦੀ ਕੇਸ ਪੈਂਡਿੰਗ ਸਨ। 2021 'ਚ ਔਰਤਾਂ ਨਾਲ ਸਬੰਧਿਤ 343 ਮਾਮਲੇ ਸਾਹਮਣੇ ਆਏ, ਜਦੋਂ ਕਿ 2020 'ਚ ਔਰਤਾਂ ਨਾਲ ਸਬੰਧਿਤ 301 ਅਪਰਾਧਿਕ ਮਾਮਲੇ ਸਾਹਮਣੇ ਆਏ। ਇਨ੍ਹਾਂ 301 ਕੇਸਾਂ ਵਿਚੋਂ 120 ਅਗਵਾ ਨਾਲ ਸਬੰਧਿਤ ਸਨ। 95 ਮਾਮਲੇ ਔਰਤਾਂ ਪ੍ਰਤੀ ਕਰੂਰਤਾ ਅਤੇ 37 ਮਾਮਲੇ ਔਰਤਾਂ ਦੀ ਇੱਜ਼ਤ ਤਾਰ-ਤਾਰ ਕਰਨ ਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News