ਧੀ ਦੇ ਸਕੂਲੋਂ ਆਇਆ ਫੋਨ ਸੁਣ ਘਬਰਾਏ ਮਾਪੇ, ਅਖ਼ੀਰ 'ਚ ਸਾਰੀ ਕਹਾਣੀ ਪਤਾ ਲੱਗਣ 'ਤੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
Friday, Jun 02, 2023 - 11:46 AM (IST)
ਸਾਹਨੇਵਾਲ (ਜਗਰੂਪ) : 9ਵੀਂ ਜਮਾਤ ’ਚ ਪੜ੍ਹਨ ਵਾਲੀ ਇਕ 13 ਸਾਲਾ ਨਾਬਾਲਗ ਕੁੜੀ ਨੂੰ ਸਕੂਲ ਜਾਂਦੇ ਸਮੇਂ ਜ਼ਬਰਦਸਤੀ ਆਪਣੇ ਘਰ ਅੰਦਰ ਲਿਜਾ ਕੇ ਜਬਰ-ਜ਼ਿਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਥਾਣਾ ਕੂੰਮਕਲਾਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਨਾਬਾਲਗਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਘਰੇਲੂ ਔਰਤ ਹੈ, ਜਦੋਂ ਕਿ ਉਸ ਦਾ ਪਤੀ ਇਕ ਫੈਕਟਰੀ ’ਚ ਕੰਮ ਕਰਦਾ ਹੈ। ਉਸ ਦੀ 13 ਸਾਲਾ ਧੀ 9ਵੀਂ ਜਮਾਤ ਦੀ ਵਿਦਿਆਰਥਣ ਹੈ। ਬੀਤੀ 31 ਮਈ ਦੀ ਸਵੇਰ ਕੁੜੀ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਸਾਈਕਲ ’ਤੇ ਸਵੇਰੇ ਕਰੀਬ ਸਵਾ 7 ਵਜੇ ਸਕੂਲ ਲਈ ਚਲੀ ਗਈ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਅਹਿਮ ਖ਼ਬਰ, ਹੁਣ ਮੋਬਾਇਲ ’ਤੇ ਆਵੇਗਾ ਚਲਾਨ ਦਾ ਮੈਸੇਜ
ਕਰੀਬ ਇਕ ਘੰਟੇ ਬਾਅਦ ਸਕੂਲ ਤੋਂ ਫੋਨ ਆਇਆ ਕਿ ਕੁੜੀ ਸਕੂਲ ਨਹੀਂ ਪਹੁੰਚੀ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲੇ ਆਸ-ਪਾਸ ਤਲਾਸ਼ ਕਰਨ ਲੱਗੇ। ਕਰੀਬ 2-3 ਘੰਟਿਆਂ ਦੀ ਤਲਾਸ਼ ਤੋਂ ਬਾਅਦ ਆਖ਼ਰ ਕੁੜੀ ਗੁਆਂਢੀ ਨੌਜਵਾਨ ਅਮਨਦੀਪ ਸਿੰਘ ਪੁੱਤਰ ਮੋਹਣ ਸਿੰਘ ਜੋ ਕਿ ਧਨਾਨਸੂ ਸਥਿਤ ਇਕ ਫੈਕਟਰੀ ’ਚ ਬਤੌਰ ਸਕਿਓਰਿਟੀ ਗਾਰਡ ਨੌਕਰੀ ਕਰਦਾ ਹੈ, ਦੇ ਘਰ ’ਚੋਂ ਹੀ ਮਿਲ ਗਈ। ਬੁਰੀ ਤਰ੍ਹਾਂ ਡਰੀ ਹੋਈ ਕੁੜੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਅਮਨਦੀਪ ਸਿੰਘ ਨੇ ਜ਼ਬਰਦਸਤੀ ਉਸ ਨੂੰ ਸਾਈਕਲ ਸਮੇਤ ਹੀ ਆਪਣੇ ਕਮਰੇ ’ਚ ਖਿੱਚ ਲਿਆ ਅਤੇ ਫਿਰ ਉਸ ਦੀ ਮਰਜ਼ੀ ਦੇ ਬਿਨਾਂ ਹੀ ਉਸ ਨਾਲ ਸਰੀਰਕ ਸਬੰਧ ਬਣਾਏ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 4 IAS ਤੇ 34 PCS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ
ਇਸ ਤੋਂ ਬਾਅਦ ਮੁਲਜ਼ਮ ਨੇ ਕੁੜੀ ਨੂੰ ਜਾਨੋਂ ਮਾਰਨ ਦਾ ਡਰ ਦਿਖਾ ਕੇ ਆਪਣੇ ਘਰ ਅੰਦਰ ਹੀ ਚੁੱਪ-ਚਾਪ ਬੈਠਣ ਲਈ ਕਿਹਾ। ਜਦੋਂ ਮਾਪਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਕੁੜੀ ਨੂੰ ਲੈ ਕੇ ਥਾਣਾ ਪੁਲਸ ਕੋਲ ਪਹੁੰਚ ਗਏ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਨਾਬਾਲਗ ਕੁੜੀ ਦੀ ਮਾਂ ਦੇ ਬਿਆਨਾਂ ’ਤੇ ਅਮਨਦੀਪ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਬੌਂਕੜ ਗੁੱਜ਼ਰਾਂ, ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਅਮਨਦੀਪ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ