ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
Monday, Feb 05, 2024 - 03:55 PM (IST)
ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਗੌਂਸਗੜ੍ਹ ’ਚ ਇਕ 15 ਸਾਲ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਪੁਲਸ ਨੇ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਗੌਂਸਗੜ੍ਹ ਦੀ ਰਹਿਣ ਵਾਲੀ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਸੇ ਪਿੰਡ ਦਾ ਰਹਿਣ ਵਾਲਾ ਗੁਲਸ਼ਨ ਕੁਮਾਰ ਪੁੱਤਰ ਗੁਰਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਉਸ ਦੀ 15 ਸਾਲ ਦੀ ਕੁੜੀ ਨੂੰ ਦੋਸਤੀ ਕਰਨ ਲਈ ਤੰਗ-ਪਰੇਸ਼ਾਨ ਕਰਦਾ ਰਹਿੰਦਾ ਸੀ।
ਬੀਤੀ 2 ਫਰਵਰੀ ਨੂੰ ਉਕਤ ਨੌਜਵਾਨ ਗੁਲਸ਼ਨ ਕੁਮਾਰ ਉਸ ਦੀ ਧੀ ਨੂੰ ਧਮਕਾ ਕੇ ਧੱਕੇ ਨਾਲ ਆਪਣੇ ਬੁਲੇਟ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ ਅਤੇ ਪਿੰਡ ਕੱਕਾ ’ਚ ਇਕ ਖ਼ਾਲੀ ਪਏ ਮਕਾਨ ’ਚ ਲੈ ਗਿਆ, ਜਿੱਥੇ ਉਕਤ ਨੌਜਵਾਨ ਨੇ ਉਸ ਦੀ ਕੁੜੀ ਨੂੰ ਡਰਾ-ਧਮਕਾ ਕੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਤੋਂ ਬਾਅਦ ਉਕਤ ਨੌਜਵਾਨ ਉਸ ਦੀ ਕੁੜੀ ਨੂੰ ਸ਼ਹਿਰ ਦੇ ਬਾਹਰ ਛੱਡ ਗਿਆ।
ਫਿਰ ਉਕਤ ਕੁੜੀ ਨੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ ਅਤੇ ਪੀੜਤ ਕੁੜੀ ਦੀ ਮਾਂ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਗੁਲਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਥਾਣਾ ਮਿਹਰਬਾਨ ’ਚ ਪੋਸਕੋ ਅਤੇ ਜਬਰ-ਜ਼ਿਨਾਹ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।