ਪ੍ਰਾਪਰਟੀ ਡੀਲਰ ’ਤੇ ਜਾਨਲੇਵਾ ਹਮਲਾ! ਗੰਨ ਪੁਆਇੰਟ ’ਤੇ ਲੁੱਟੇ 2 ਲੱਖ ਅਤੇ ਦਸਤਾਵੇਜ਼, 2 ਮੁਲਜ਼ਮ ਗ੍ਰਿਫ਼ਤਾਰ
Thursday, Sep 17, 2026 - 03:20 PM (IST)
ਲੁਧਿਆਣਾ (ਰਾਮ)- ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੇ ਕੋਲ ਪ੍ਰਾਪਰਟੀ ਡੀਲਰ ਪਰਮਿੰਦਰ ਸਿੰਘ ਬਾਜਵਾ ’ਤੇ 6 ਹਥਿਆਰਬੰਦ ਲੋਕਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ 2 ਮੋਟਰਸਾਈਕਲਾਂ ’ਤੇ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ, ਕਾਰ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੱਡੀ ਤੋਂ ਬਾਹਰ ਖਿੱਚਣ ਦਾ ਯਤਨ ਕੀਤਾ।
ਇਸੇ ਦੌਰਾਨ ਇਕ ਮੁਲਜ਼ਮ ਨੇ ਕਥਿਤ ਤੌਰ ’ਤੇ ਪਿਸਤੌਲ ਕੱਢ ਕੇ ਬਾਜਵਾ ’ਤੇ ਤਾਣ ਦਿੱਤੀ ਅਤੇ ਰੌਲਾ ਪਾਉਣ ’ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਬਾਜਵਾ ਦੇ ਕੋਲ ਮੌਜੂਦ ਕਾਲੇ ਲਿਫਾਫੇ ਵਿਚ ਰੱਖੇ 2 ਲੱਖ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਵੀ ਹਮਲਾਵਰਾਂ ਵਲੋਂ ਲਿਜਾਣ ਦਾ ਦੋਸ਼ ਹੈ। ਪੁਲਸ ਨੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਸ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਸਮਰਾਲਾ ਰੋਡ ਸਥਿਤ ਸੈਕਟਰ-32 ਨਿਵਾਸੀ ਪਰਮਿੰਦਰ ਸਿੰਘ ਬਾਜਵਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪ੍ਰਾਪਰਟੀ ਡੀÇਲਿੰਗ ਦੇ ਨਾਲ ਖੇਤੀਬਾੜੀ ਦਾ ਕੰਮ ਕਰਦੇ ਹਨ। 13 ਸਤੰਬਰ ਦੀ ਰਾਤ ਕਰੀਬ 8 ਵਜੇ ਉਹ ਨਿੱਜੀ ਕੰਮ ਕਾਰਨ ਆਪਣੀ ਕਾਰ ਵਿਚ ਸੀ. ਕੇ. ਸਿਟੀ ਵੱਲ ਜਾ ਰਹੇ ਸਨ। ਜਦੋਂ ਉਹ ਤਾਜਪੁਰ ਰਡੋ ’ਤੇ ਲੁਧਿਆਣਾ ਸੈਂਟਰਲ ਜੇਲ ਕੋਲ ਗ੍ਰਿਡ ’ਤੇ ਪੁੱਜੇ ਤਾਂ 2 ਮੋਟਰਸਾਈਕਲਾਂ ’ਤੇ ਸਵਾਰ 6 ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ।
ਹਥਿਆਰ ਨਾਲ ਕਾਰ ਦੇ ਸ਼ੀਸ਼ੇ ਤੋੜੇ
ਬਾਜਵਦਾ ਮੁਤਾਬਕ ਹਮਲਾਵਰਾਂ ਵਿਚ ਸ਼ਾਮਲ ਸੁਖਵਿੰਦਰ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਕਾਰ ਦੀ ਡਰਾਈਵਰ ਸਾਈਡ ਦੀ ਖਿੜਕੀ ਤੋੜ ਦਿੱਤੀ ਅਤੇ ਉਨ੍ਹਾਂ ਦਾ ਕਾਲਰ ਫੜ ਕੇ ਉਨ੍ਹਾਂ ਤੋਂ ਗੱਡੀ ’ਚੋਂ ਬਾਹਰ ਖਿੱਚਣ ਦਾ ਯਤਨ ਕੀਤਾ। ਦੋਸ਼ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਜਸਪ੍ਰੀਤ ਸਿੰਘ ਨੇ ਕਾਰ ਦੀ ਸਾਈਡ ਵਾਲੀ ਖਿੜਕੀ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ।
ਬਾਜਵਾ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਮਦਦ ਲਈ ਰੌਲਾ ਪਾਇਆ ਤਾਂ ਸੁਨੀਲ ਕੁਮਾਰ ਨੇ ਕਥਿਤ ਤੌਰ ’ਤੇ ਜੇਬ ਵਿਚੋਂ ਪਿਸਤੌਲ ਕੱਢ ਕੇ ਉਨ੍ਹਾਂ ਵੱਲ ਤਾਣ ਦਿੱਤੀ ਅਤੇ ਰੌਲਾ ਪਾਉਣ ’ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸੇ ਦੌਰਾਨ ਇਕ ਹੋਰ ਅਣਪਛਾਤੇ ਵਿਅਕਤੀ ਨੇ ਬੇਸਬਾਲ ਬੈਟ ਨਾਲ ਕਾਰ ਦੇ ਅਗਲੇ ਸ਼ੀਸ਼ੇ ’ਤੇ ਵਾਰ ਕੀਤਾ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ।
ਭੀੜ ਜੁਟੀ ਤਾਂ ਨੁਕਸਾਨੀ ਕਾਰ ਭਜਾ ਕੇ ਨਿਕਲੇ
ਬਾਜਵਾ ਮੁਤਾਬਕ ਹਮਲਾਵਰਾਂ ਤੋਂ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੇ ਕਾਰ ਮੌਕੇ ਤੋਂ ਭਜਾਉਣ ਦਾ ਯਤਨ ਕੀਤਾ। ਸੜਕ ’ਤੇ ਲੋਕਾਂ ਦੀ ਭੀੜ ਜੁਟਦੀ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਨੇਰਾ ਹੋਣ ਕਾਰਨ ਉਹ ਉਨ੍ਹਾਂ ਤੋਂ ਬਚ ਨਿਕਲਣ ਵਿਚ ਕਾਮਯਾਬ ਰਹੇ ਅਤੇ ਸਿੱਧਾ ਆਪਣੇ ਘਰ ਪੁੱਜੇ। ਘਰ ਪੁੱਜਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਖਰਾਬ ਹੋਣ ’ਤੇ ਪਤਨੀ ਪਰਮਜੀਤ ਕੌਰ ਉਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲੈ ਗਈ, ਜਿਥੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਜਸਪ੍ਰੀਤ ਸਿੰਘ ਨਿਵਾਸੀ ਭਾਮੀਆਂ ਕਲਾਂ, ਜਮਾਲਪੁਰ, ਸੁਨੀਲ ਕੁਮਾਰ ਨਿਵਾਸੀ ਮੁਹੱਲਾ ਫਤਹਿਗੜ੍ਹ, ਸੁਖਵਿੰਦਰ ਸਿੰਘ ਅਤੇ 3 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।
27 ਅਗਸਤ ਦੀ ਗੋਲੀਬਾਰੀ ਨਾਲ ਜੋੜ ਕੇ ਕੀਤੀ ਜਾ ਰਹੀ ਹੈ ਜਾਂਚ
ਬਾਜਵਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਾਇਆ ਕਿ ਜਸਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਉਹੀ ਲੋਕ ਹਨ, ਜਿਨ੍ਹਾਂ ’ਤੇ ਉਨ੍ਹਾਂ ਨੇ 27 ਅਗਸਤ ਨੂੰ ਆਪਣੇ ’ਤੇ ਗੋਲੀ ਚਲਾਉਣ ਦਾ ਦੋਸ਼ ਲਾਇਆ ਸੀ। ਇਸ ਘਟਨਾ ਸਬੰਧੀ ਪਹਿਲਾਂ ਵੀ ਬਾਜਵਾ ਖਿਲਾਫ ਕੇਸ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਬਾਜਵਾ ਦਾ ਕਹਿਣਾ ਹੈ ਕਿ ਕਥਿਤ ਗੋਲੀਬਾਰੀ ਸਮੇਂ ਉਹ ਆਪਣੇ ਘਰ ਵਿਚ ਮੌਜੂਦ ਸੀ।
ਬਾਜਵਾ ਦੀ ਪਤਨੀ ਨੇ ਪੰਜਾਬ ਦੇ ਡੀ. ਜੀ. ਪੀ. ਅਤੇ ਲੁਧਿਆਣਾ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਦੇ ਨਾਲ ਸੀ. ਸੀ. ਟੀ. ਵੀ. ਫੁਟੇਜ ਵੀ ਸੌਂਪਣ ਦੀ ਗੱਲ ਕਹੀ ਹੈ। ਉਨ੍ਹਾਂ ਮੁਤਾਬਕ ਫੁਟੇਜ ਵਿਚ ਬਾਜਵਾ ਦੇ ਘਰ ਵਿਚ ਮੌਜੂਦ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ। ਇਸ ਤੋਂ ਬਾਅਦ ਪੁਲਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਲੁਧਿਆਣਾ ਸੀ. ਆਈ. ਏ. ਨੂੰ ਸੌਂਪ ਦਿੱਤੀ ਸੀ। ਹੁਣ ਪੁਲਸ ਤਾਜਪੁਰ ਰੋਡ ’ਤੇ ਹੋਏ ਹਮਲੇ ਨੂੰ ਵੀ ਇਸ ਪੁਰਾਣੇ ਵਿਵਾਦ ਨਾਲ ਜੋੜ ਕੇ ਜਾਂਚ ਕਰ ਰਹੀ ਹੈ। ਪੁਲਸ ਨੇ ਇਸ ਮਾਮਲੇ ਵਿਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਦੋਵਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਸ ਬਾਕੀ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਜਾਂਚ ਕਰ ਰਹੀ ਹੈ।
