ਵਿਆਹ ਦਾ ਝਾਂਸਾ ਦੇ ਕੇ 3 ਸਾਲ ਤੱਕ ਬਣਾਏ ਸਰੀਰਕ ਸਬੰਧ, ਫਿਰ ਕਰਵਾਇਆ ਹੋਰ ਥਾਂ ਵਿਆਹ
Saturday, Mar 02, 2019 - 04:32 PM (IST)
ਲੁਧਿਆਣਾ (ਮਹੇਸ਼) : ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਅਤੇ ਬਾਅਦ 'ਚ ਵਿਆਹ ਤੋੜਣ ਦਾ ਮਾਮਲਾ ਹੁਣ ਅਖਬਾਰਾਂ ਦੀਆਂ ਸੁਰਖੀਆਂ 'ਚ ਹੀ ਹੈ ਕਿ 24 ਸਾਲਾ ਇਕ ਮਹਿਲਾ ਦਾ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦਾ ਦੋਸ਼ ਹੈ ਕਿ 3 ਸਾਲ ਤੱਕ ਲਿਵ ਇਨ ਰਿਲੇਸ਼ਨ 'ਚ ਰਹਿਣ ਦੇ ਬਾਅਦ ਜਦ ਮੁਲਜ਼ਮ ਦਾ ਮਨ ਉਸ ਤੋਂ ਭਰ ਗਿਆ ਤਾਂ ਉਹ ਉਸ ਨੂੰ ਤੇ ਆਪਣੀ ਇਕ ਸਾਲ ਦੀ ਬੇਟੀ ਨੂੰ ਬੇਸਹਾਰਾ ਛੱਡ ਕੇ ਚਲਾ ਗਿਆ ਤੇ ਦੂਜੀ ਜਗ੍ਹਾ ਵਿਆਹ ਕਰ ਲਿਆ ਜਦਕਿ ਇੰਨੇ ਸਾਲਾਂ ਤੱਕ ਮੁਲਜ਼ਮ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਰਿਹਾ ਅਤੇ ਉਸ ਦਾ ਲਗਾਤਾਰ ਸਰੀਰਕ ਸ਼ੋਸ਼ਣ ਕਰਦਾ ਰਿਹਾ। ਪੀੜਤਾ ਦੀ ਸ਼ਿਕਾਇਤ 'ਤੇ ਸਲੇਮ ਟਾਬਰੀ ਥਾਣੇ 'ਚ ਜਬਰ-ਜ਼ਨਾਹ ਦਾ ਕੇਸ ਦਰਜ ਕਰ ਕੇ ਪੰਜਾਬੀ ਬਾਗ ਕਾਲੋਨੀ ਭੱਟੀਆਂ ਦੇ ਸੰਜੇ ਰਾਜਪੂਤ ਨੂੰ ਨਾਮਜ਼ਦ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਪਿਛਲੇ ਇਕ ਸਾਲ ਤੋਂ ਗਾਇਬ ਹੈ। ਜਲਦ ਹੀ ਉਹ ਪੁਲਸ ਦੀ ਗ੍ਰਿਫਤ 'ਚ ਹੋਵੇਗਾ।
ਭਤੀਜੇ ਦੇ ਵਿਆਹ 'ਚ ਜਾਣ ਦੀ ਗੱਲ ਕਹਿ ਕੇ ਗਿਆ
ਪੀੜਤਾ ਨੇ ਦੱਸਿਆ ਕਿ 9 ਫਰਵਰੀ 2018 ਨੂੰ ਸੰਜੇ ਉਸ ਨੂੰ ਇਹ ਕਹਿ ਗਿਆ ਸੀ ਕਿ ਭਤੀਜੇ ਦੇ ਵਿਆਹ 'ਚ ਜਾ ਰਿਹਾ ਹੈ ਅਤੇ ਵਾਪਸ ਨਹੀਂ ਆਇਆ। ਉਸ ਦਾ ਦੋਸ਼ ਹੈ ਕਿ ਜਦ ਉਸ ਨੇ ਆਪਣੇ ਪੱਧਰ 'ਤੇ ਛਾਣਬੀਣ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਦੂਜੀ ਔਰਤ ਨਾਲ ਵਿਆਹ ਕਰਵਾ ਲਿਆ ਹੈ ਅਤੇ ਉਸ ਦੇ ਨਾਲ ਰਹਿੰਦਾ ਹੈ ਜਦਕਿ ਇੰਨੇ ਸਾਲਾਂ ਤੱਕ ਮੁਲਜ਼ਮ ਉਸ ਨਾਲ ਵਿਆਹ ਦਾ ਝੂਠਾ ਵਾਅਦਾ ਕਰ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਇੰਨਾ ਹੀ ਨਹੀਂ ਮੁਲਜ਼ਮ ਨੂੰ ਜਦ ਪਤਾ ਲੱਗਾ ਕਿ ਉਸ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਤਾਂ ਉਹ ਆਪਣੇ ਪਿੰਡ ਭੱਜ ਗਿਆ ਅਤੇ ਆਪਣੀ ਪਤਨੀ ਨੂੰ ਵੀ ਨਾਲ ਲੈ ਗਿਆ ਹੈ।
ਵਿਆਹ ਦੀ ਗੱਲ 'ਤੇ ਕਰਦਾ ਸੀ ਮਾੜਾ ਸਲੂਕ
3 ਸਾਲ ਤੱਕ ਦੋਵੇਂ ਪਤੀ-ਪਤਨੀ ਦੀ ਤਰ੍ਹ੍ਹਾਂ ਰਹੇ। ਇਸ ਦੌਰਾਨ ਔਰਤ 2 ਵਾਰ ਗਰਭਵਤੀ ਹੋਈ। ਪਹਿਲੀ ਜਨਮੀ ਉਸ ਦੀ ਬੇਟੀ ਦੀ ਮੌਤ ਹੋ ਗਈ ਜਦਕਿ ਦੂਜੀ ਬੇਟੀ ਨੇ ਪਿਛਲੇ ਸਾਲ 25 ਫਰਵਰੀ 2018 ਨੂੰ ਜਨਮ ਲਿਆ। ਪੀੜਤਾ ਦਾ ਦੋਸ਼ ਹੈ ਕਿ ਇਸ ਦੌਰਾਨ ਉਸ ਨੇ ਦੋਸ਼ੀ 'ਤੇ ਕਈ ਵਾਰ ਵਿਆਹ ਦਾ ਦਬਾਅ ਬਣਾਇਆ। ਪਹਿਲਾਂ ਤਾਂ ਉਹ ਕੋਈ ਨਾ ਕੋਈ ਕਹਾਣੀ ਘੜ ਕੇ ਟਾਲ-ਮਟੋਲ ਕਰਦਾ ਰਿਹਾ ਪਰ ਬਾਅਦ 'ਚ ਉਸ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਮਾਪਿਆਂ ਨਾਲ ਤਾਂ ਦੂਰ ਦੀ ਗੱਲ ਗੁਆਂਢਣ ਨਾਲ ਵੀ ਜੇ ਗੱਲ ਕਰਦੀ ਸੀ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਦਾ ਸੀ।
9 ਮਹੀਨਿਆਂ ਤੱਕ ਚੱਲੀ ਜਾਂਚ
ਲਗਭਗ 9 ਮਹੀਨਿਆਂ ਤੱਕ ਚੱਲੀ ਜਾਂਚ ਦੇ ਬਾਅਦ ਇਹ ਕੇਸ ਦਰਜ ਹੋਇਆ ਹੈ। ਪੀੜਤਾ ਨੇ 22 ਮਈ 2018 ਨੂੰ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਇਨਸਾਫ ਦੀ ਮੰਗ ਕੀਤੀ ਸੀ। ਜਾਂਚ ਦੀ ਜ਼ਿੰਮੇਵਾਰੀ ਵੂਮੈਨ ਸੈੱਲ ਨੂੰ ਦਿੱਤੀ ਗਈ। ਪੁਲਸ ਦੇਰ ਤੋਂ ਮਾਮਲਾ ਦਰਜ ਹੋਣ ਦੇ ਪਿੱਛੇ ਦਾ ਕਾਰਨ ਦੱਸ ਰਹੀ ਹੈ ਕਿ ਦੋਸ਼ੀ ਨੂੰ ਜਾਂਚ 'ਚ ਸ਼ਾਮਲ ਹੋਣ ਦੇ ਲਈ ਕਈ ਵਾਰ ਬੁਲਾਇਆ ਗਿਆ ਪਰ ਉਹ ਨਹੀਂ ਆਇਆ। ਅੰਤ 'ਚ ਪੀੜਤ ਦੇ ਬਿਆਨ ਨੂੰ ਸਹੀ ਮੰਨਦੇ ਹੋਏ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।