ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ੂਟਰ ਦੱਸ ਕੇ ਜਿਊਲਰਸ ਤੋਂ ਮੰਗੀ ਫਿਰੌਤੀ, ਜਾਨੋਂ ਮਾਰਨ ਦੀ ਦਿੱਤੀ ਧਮਕੀ

Monday, Jan 09, 2023 - 11:41 PM (IST)

ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ੂਟਰ ਦੱਸ ਕੇ ਜਿਊਲਰਸ ਤੋਂ ਮੰਗੀ ਫਿਰੌਤੀ, ਜਾਨੋਂ ਮਾਰਨ ਦੀ ਦਿੱਤੀ ਧਮਕੀ

ਲੁਧਿਆਣਾ (ਰਾਜ) : ਕਾਰੋਬਾਰੀਆਂ ਨੂੰ ਫਿਰੌਤੀ ਵਸੂਲਣ ਦੇ ਨਾਂ ’ਤੇ ਧਮਕਾਉਣ ਵਾਲੀਆਂ ਕਾਲਾਂ ਰੁਕ ਨਹੀਂ ਰਹੀਆਂ। ਸਰਾਫਾਂ ਬਾਜ਼ਾਰ ਦੇ ਇਕ ਜਿਊਲਰਸ ਨੂੰ ਵੀ ਵਿਦੇਸ਼ੀ ਨੰਬਰ ਤੋਂ ਫਿਰੌਤੀ ਲਈ ਕਾਲ ਆਈ ਸੀ। ਕੁਝ ਮਹੀਨੇ ਸ਼ਾਂਤ ਰਹਿਣ ਤੋਂ ਬਾਅਦ ਹੁਣ ਫਿਰ ਜਿਊਲਰਸ ਕਾਰੋਬਾਰੀ ਨੂੰ ਫਿਰੌਤੀ ਦੀ ਕਾਲ ਆਈ ਹੈ। ਕਾਲ ਕਰਨ ਵਾਲੇ ਨੇ ਹੁਣ ਕਿਹਾ ਹੈ ਕਿ ‘ਤੈਨੂੰ ਇਕ ਕੰਮ ਕਿਹਾ ਸੀ, ਤੂੰ ਕੀਤਾ ਨਹੀਂ, ਹੁਣ ਜਿੱਥੇ ਮਰਜ਼ੀ ਭੱਜ ਲੈ, ਤੇਰਾ ਹਸ਼ਰ ਮਾੜਾ ਹੀ ਹੋਣਾ ਹੈ।’ ਕਾਰੋਬਾਰੀ ਇੰਨਾ ਘਬਰਾ ਗਿਆ ਕਿ ਉਸ ਨੇ ਇਸ ਸਬੰਧੀ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਹਾਲਾਂਕਿ ਉਸ ਨੇ ਪਹਿਲਾਂ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ’ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ : DGCA ਵੱਲੋਂ ਏਅਰ ਇੰਡੀਆ ਨੂੰ ਨੋਟਿਸ, ਜਾਣੋ ਕੀ ਹੈ ਮਾਮਲਾ

ਜਾਣਕਾਰੀ ਦਿੰਦਿਆਂ ਆਸ਼ੀਸ਼ ਪੁਰੀ ਨੇ ਦੱਸਿਆ ਕਿ ਸਰਾਫਾਂ ਬਾਜ਼ਾਰ ’ਚ ਉਸ ਦੀ ਪੁਰੀ ਡਾਇਮੰਡ ਦੇ ਨਾਂ ਨਾਲ ਦੁਕਾਨ ਹੈ। ਉਸ ਨੂੰ 19 ਜੂਨ 2022 ਨੂੰ ਪਹਿਲੀ ਕਾਲ ਆਈ ਸੀ ਪਰ ਉਸ ਨੇ ਵਿਦੇਸ਼ੀ ਨੰਬਰ ਦੇਖ ਕੇ ਕਾਲ ਨਜ਼ਰਅੰਦਾਜ਼ ਕਰ ਦਿੱਤੀ ਸੀ। ਇਸੇ ਤਰ੍ਹਾਂ 20 ਜੂਨ ਨੂੰ ਵੀ ਉਸ ਨੇ ਕਾਲ ਨਹੀਂ ਚੁੱਕੀ। ਫਿਰ ਦੇਰ ਸ਼ਾਮ ਨੂੰ ਜਦੋਂ ਕਾਲ ਆਈ ਤਾਂ ਉਸ ਨੇ ਚੁੱਕ ਲਈ। ਸਾਹਮਣਿਓਂ ਇਕ ਨੌਜਵਾਨ ਬੋਲਿਆ ਕਿ ਉਹ ਲਾਰੈਂਸ ਗਰੁੱਪ ਦਾ ਸ਼ੂਟਰ ਬੋਲ ਰਿਹਾ ਹੈ। ਉਨ੍ਹਾਂ ਦੇ ਗੁਰਗਿਆਂ ਕੋਲ ਉਸ ਦੀ ਪੂਰੀ ਜਾਣਕਾਰੀ ਹੈ। ਉਨ੍ਹਾਂ ਨੇ ਹੀ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੈ। ਇਸ ਲਈ ਜੇਕਰ 5 ਲੱਖ ਰੁਪਏ ਦੀ ਫਿਰੌਤੀ ਨਾ ਦਿੱਤੀ ਤਾਂ ਉਸ ਨੂੰ ਮਾਰ ਦੇਣਗੇ।

ਇਹ ਵੀ ਪੜ੍ਹੋ : ਖੜ੍ਹੀ ਗੱਡੀ ਦਾ ਸ਼ੀਸ਼ਾ ਤੋੜ ਕੇ ਪੈਸਿਆਂ ਨਾਲ ਭਰਿਆ ਬੈਗ ਲੈ ਗਏ ਲੁਟੇਰੇ

ਆਸ਼ੀਸ਼ ਪੁਰੀ ਨੇ ਤੁਰੰਤ ਥਾਣਾ ਡਵੀਜ਼ਨ ਨੰ. 4 ਨੂੰ ਇਸ ਦੀ ਸ਼ਿਕਾਇਤ ਦਿੱਤੀ। ਉਸ ਨੇ ਦੱਸਿਆ ਕਾਲ ਵਾਲੇ ਵਿਦੇਸ਼ੀ ਨੰਬਰ ਨੂੰ ਉਸ ਨੇ ਬਲਾਕ ਲਿਸਟ ਵਿਚ ਪਾ ਦਿੱਤਾ ਸੀ, ਫਿਰ ਉਸ ਨੂੰ ਕਾਲ ਬਿਲਕੁਲ ਆਉਣੀ ਬੰਦ ਹੋ ਗਈ। ਹੁਣ 6 ਜਨਵਰੀ ਨੂੰ ਫਿਰ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲ ਆਉਣੀ ਸ਼ੁਰੂ ਹੋ ਗਈ। ਕਈ ਨੰਬਰ ਦਾ ਕੋਡ ਤਾਂ ਪਾਕਿਸਤਾਨ ਦੇ ਨੰਬਰ ਨਾਲ ਮਿਲਦਾ ਸੀ। ਕਈ ਕਾਲਾਂ ਆਉਣ ਤੋਂ ਬਾਅਦ ਉਸ ਨੇ ਫਿਰ ਇਕ ਕਾਲ ਚੁੱਕ ਲਈ। ਕਾਲ ਕਰਨ ਵਾਲੇ ਨੇ ਕਿਹਾ ਕਿ ‘ਤੈਨੂੰ ਇਕ ਕੰਮ ਕਿਹਾ ਸੀ, ਤੂੰ ਨਹੀਂ ਕੀਤਾ। ਹੁਣ ਤੂੰ ਖੁਦ ਨੂੰ ਬਚਾ ਲੈ, ਅਸੀਂ ਹੁਣ ਤੇਰੇ ਪਿੱਛੇ ਹੀ ਹਾਂ’ ਅਜਿਹੀ ਕਾਲ ਕਰਨ ਵਾਲਾ ਮੁਲਜ਼ਮ ਉਸ ਨੂੰ ਡਰਾਉਣ ਲੱਗ ਗਿਆ।

ਇਹ ਵੀ ਪੜ੍ਹੋ : ਹੁਣ ਹਿਮਾਚਲ ਦੇ CM ਸੁੱਖੂ ਨੂੰ ਗੁਰਪਤਵੰਤ ਪੰਨੂੰ ਦੀ ਧਮਕੀ, ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਕਹੀ ਵੱਡੀ ਗੱਲ

ਪੁਰੀ ਦਾ ਕਹਿਣਾ ਹੈ ਕਿ ਪਹਿਲਾਂ ਕਾਲ ਆਉਣ ’ਤੇ ਥਾਣਾ ਪੁਲਸ ਵੱਲੋਂ ਉਸ ਦੀ ਦੁਕਾਨ ਦੇ ਬਾਹਰ ਪੀ. ਸੀ. ਆਰ. ਲਗਾਈ ਗਈ ਸੀ, ਜੋ ਵਾਰ-ਵਾਰ ਉਸ ਦੀ ਦੁਕਾਨ ਦੇ ਗੇੜੇ ਕੱਢਦੀ ਸੀ। ਉਸ ਨੂੰ ਫਿਰ ਵੀ ਡਰ ਲਗਦਾ ਸੀ ਪਰ ਉਸ ਤੋਂ ਬਾਅਦ ਪੀ. ਸੀ. ਆਰ. ਨੇ ਆਉਣਾ ਬੰਦ ਕਰ ਦਿੱਤਾ। ਹੁਣ ਫਿਰ ਉਸ ਨੂੰ ਧਮਕੀ ਮਿਲੀ ਹੈ, ਉਸ ਦੇ ਮਨ ਵਿਚ ਡਰ ਹੈ ਕਿ ਕਿਤੇ ਉਸ ਦੇ ਨਾਲ ਕੋਈ ਵਾਰਦਾਤ ਨਾ ਕਰ ਦੇਵੇ।

ਪੁਲਸ ਬੋਲੀ- ਹਥਿਆਰ ਲੈ ਲਓ, ਲਾਇਸੈਂਸ ਬਣ ਨਹੀਂ ਰਿਹਾ, ਸੀ. ਪੀ. ਨੂੰ ਮਿਲਣ ਨਹੀਂ ਦੇ ਰਹੇ

ਅਸ਼ੀਸ਼ ਪੁਰੀ ਦਾ ਕਹਿਣਾ ਹੈ ਕਿ ਉਸ ਨੂੰ ਥਾਣਾ ਪੁਲਸ ਨੇ ਰਾਏ ਦਿੱਤੀ ਸੀ ਕਿ ਉਹ ਆਪਣਾ ਅਸਲਾ ਲਾਇਸੈਂਸ ਬਣਾ ਲੈਣ ਤਾਂ ਉਸ ਨੇ ਸਾਰੀ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕਰ ਕੇ ਲਾਇਸੈਂਸ ਲਈ ਅਪਲਾਈ ਕਰ ਦਿੱਤਾ ਪਰ ਹੁਣ ਉਸ ਨੂੰ ਸਬੰਧਤ ਅਧਿਕਾਰੀ ਮਨ੍ਹਾ ਕਰ ਰਹੇ ਹਨ ਕਿ ਅਸਲਾ ਲਾਇਸੈਂਸ ਨਹੀਂ ਬਣ ਸਕਦਾ। ਜਦੋਂ ਉਹ ਇਸ ਸਬੰਧੀ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਮਿਲਣ ਲਈ ਗਿਆ ਤਾਂ ਬਾਹਰ ਬੈਠੇ ਮੁਲਾਜ਼ਮਾਂ ਨੇ ਉਸ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਦੇ ਨਾਲ ਹੀ ਸੰਪਰਕ ਕਰੋ। ਅਜਿਹੇ ’ਚ ਉਹ ਵਾਪਸ ਆ ਗਿਆ ਪਰ ਹੁਣ ਤੱਕ ਉਸ ਨੂੰ ਪੁਲਸ ਵੱਲੋਂ ਕੋਈ ਠੋਸ ਜਵਾਬ ਨਹੀਂ ਮਿਲਿਆ ਹੈ।


author

Mandeep Singh

Content Editor

Related News