ਰੰਜਿਸ਼ਨ ਗਰਭਵਤੀ ਔਰਤ ਦੀ ਕੁੱਟਮਾਰ, ਹੋਇਆ ਗਰਭਪਾਤ
Saturday, Jan 20, 2018 - 04:35 AM (IST)
ਨਰੋਟ ਮਹਿਰਾ/ਪਠਾਨਕੋਟ, (ਆਦਿੱਤਯ)- ਜ਼ਿਲਾ ਪਠਾਨਕੋਟ ਦੇ ਨਜ਼ਦੀਕੀ ਪਿੰਡ ਜਸਵਾਲੀ 'ਚ ਗਰਭਵਤੀ ਔਰਤ ਦੀ ਕੁੱਟਮਾਰ ਕਰਨ ਨਾਲ ਉਸ ਦੇ ਪੇਟ 'ਚ ਪਲ ਰਹੇ 3 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਔਰਤ ਦੇ ਪਤੀ ਮੋਨੂੰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਇਕ ਦੋਸਤ ਨਾਲ ਗਲੀ 'ਚ ਗੱਲਾਂ ਕਰ ਰਿਹਾ ਸੀ ਕਿ ਇਸ ਦੌਰਾਨ ਉਸ ਦੇ ਗੁਆਂਢ 'ਚ ਰਹਿਣ ਵਾਲੇ 2 ਭਰਾ, ਜੋ ਪਹਿਲਾਂ ਹੀ ਉਸ ਦੇ ਪਰਿਵਾਰ ਨਾਲ ਰੰਜਿਸ਼ ਰੱਖਦੇ ਸਨ, ਉਨ੍ਹਾਂ ਕੋਲੋਂ ਲੰਘੇ ਤੇ ਇਹ ਕਹਿ ਕੇ ਉਸ ਦੀ ਕੁੱਟਮਾਰ ਕਰਨ ਲੱਗੇ ਕਿ ਉਹ ਉਨ੍ਹਾਂ ਬਾਰੇ 'ਚ ਗਲਤ ਗੱਲਾਂ ਕਰ ਰਿਹਾ ਸੀ।
ਉਸ ਨੇ ਦੱਸਿਆ ਕਿ ਇਹ ਦੇਖ ਕੇ ਜਦੋਂ ਉਸ ਦੀ ਪਤਨੀ ਸ਼ੈਲੀ, ਜੋ ਗਰਭਵਤੀ ਹੈ, ਉਨ੍ਹਾਂ ਨੂੰ ਬਚਾਉਣ ਲਈ ਵਿਚ ਆਈ ਤਾਂ ਉਨ੍ਹਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸ਼ੈਲੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਚੈੱਕਅਪ ਦੌਰਾਨ ਉਸ ਦੇ ਪੇਟ 'ਚ ਪਲ ਰਹੇ ਬੱਚੇ ਨੂੰ ਮ੍ਰਿਤਕ ਦੱਸਿਆ।
ਉਧਰ, ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਇਹ ਪੁਸ਼ਟੀ ਕਰ ਦਿੱਤੀ ਕਿ ਬੱਚੇ ਦੀ ਮੌਤ ਕੁੱਟਮਾਰ ਕਾਰਨ ਹੋਈ ਹੈ। ਮੋਨੂੰ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਥਾਣਾ ਕਾਨਵਾਂ 'ਚ ਗਿਆ ਤੇ ਏ. ਐੱਸ. ਆਈ. ਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾਇਆ ਪਰ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਆਨਾਕਾਨੀ ਕੀਤੀ ਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਰਾਜਨੀਤਕ ਦਬਾਅ ਕਾਰਨ ਉਨ੍ਹਾਂ ਨਾਲ ਨਾਇਨਸਾਫੀ ਹੋਈ ਹੈ। ਉਸ ਨੇ ਦੱਸਿਆ ਕਿ ਇਕ ਮੁਲਜ਼ਮ ਉਸ ਦੀ ਪਤਨੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਜੋ ਨਹੀਂ ਹੋ ਸਕਿਆ।
ਕੀ ਕਹਿੰਦੇ ਹਨ ਐੱਸ. ਐੱਚ. ਓ. : ਇਸ ਸੰਬੰਧੀ ਐੱਸ. ਐੱਚ. ਓ. ਹਰੀਕ੍ਰਿਸ਼ਨ ਸਿੰਘ ਨੇ ਕਿਹਾ ਕਿ ਮਾਮਲੇ 'ਚ ਕੋਈ ਢਿੱਲ ਨਹੀਂ ਹੋਵੇਗੀ ਤੇ ਪੂਰੀ ਜਾਣਕਾਰੀ ਹਾਸਲ ਕਰ ਕੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
