ਦਰਜਾ ਚਾਰ ਕਰਮਚਾਰੀਆਂ ਵੱਲੋਂ ਮੰਗਾਂ ਸਬੰਧੀ ਸਰਕਾਰ ਖਿਲਾਫ ਰੋਸ ਮਾਰਚ
Wednesday, Aug 15, 2018 - 12:45 AM (IST)

ਫਿਰੋਜ਼ਪੁਰ, (ਕੁਮਾਰ, ਪਰਮਜੀਤ, ਸ਼ੈਰੀ, ਮਲਹੋਤਰਾ, ਕੁਲਦੀਪ)– ਅਾਜ਼ਾਦੀ ਦਿਹਾਡ਼ੇ ਤੋਂ ਪਹਿਲਾਂ ਅੱਜ ਸੂਬਾ ਇਕਾਈ ਦੇ ਫੈਸਲੇ ਅਨੁਸਾਰ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਬ੍ਰਾਂਚ ਫਿਰੋਜ਼ਪੁਰ ਵੱਲੋਂ ਜ਼ਿਲਾ ਪ੍ਰਧਾਨ ਰਾਮ ਪ੍ਰਸਾਦ ਤੇ ਜ਼ਿਲਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਦੀ ਅਗਵਾਈ ’ਚ ਸਰਕਾਰ ਦੇ ਅਡ਼ੀਅਲ ਰਵੱਈਏ ਵਿਰੁੱਧ ਡਿਪਟੀ ਕਮਿਸ਼ਨਰ ਦਫਤਰ ਅੱਗੇ 24 ਘੰਟਿਆਂ ਦੀ ਸ਼ੁਰੂ ਕੀਤੀ ਗਈ ਭੁੱਖ ਹਡ਼ਤਾਲ ਅੱਜ ਖਤਮ ਕਰਨ ਉਪਰੰਤ ਬਾਜ਼ਾਰਾਂ ’ਚ ਰੋਸ ਮਾਰਚ ਕੀਤਾ ਗਿਆ।
ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਜ਼ਿਲਾ ਪ੍ਰਧਾਨ ਰਾਮ ਪ੍ਰਸਾਦ, ਜਨਰਲ ਸਕੱਤਰ ਪ੍ਰਵੀਨ ਕੁਮਾਰ, ਰਜਿੰਦਰ ਸਿੰਘ ਸੰਧਾ, ਸੰਤ ਰਾਮ, ਸੰਤੋਸ਼ ਕੁਮਾਰੀ, ਰਜਵੰਤ ਕੌਰ ਕੈਡੀ, ਸੀਮਾ ਰਾਣੀ, ਚੇਅਰਮੈਨ ਰਸ਼ਪਾਲ ਸਿੰਘ ਆਦਿ ਨੇ ਕਿਹਾ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਜ਼ਿਲੇ ’ਚ ਵੀ ਆ ਰਹੇ ਕੈਬਨਿਟ ਮੰਤਰੀ ਦੀ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਹਨ।
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਨੇ ਝੰਡਾ ਲਹਿਰਾਉਣ ਆਏ ਕੈਬਨਿਟ ਮੰਤਰੀ ਨਾਲ ਮੁਲਾਜ਼ਮਾਂ ਦੀ ਮੁਲਾਕਾਤ ਨਾ ਕਰਵਾਈ ਤਾਂ ਮੁਲਾਜ਼ਮ 15 ਅਗਸਤ ਵਾਲੇ ਦਿਨ ਵੀ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਦੇ ਸਮੇਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ ਅਤੇ ਸਰਕਾਰ ਨੇ ਮੁਲਾਜ਼ਮਾਂ ਨੂੰ ਦੇਣਾ ਤਾਂ ਕੀ ਸੀ, ਸਗੋਂ 200 ਰੁਪਏ ਵਿਕਾਸ ਟੈਕਸ ਦੇ ਨਾਂ ’ਤੇ ਮੁਲਾਜ਼ਮਾਂ ਤੋਂ ਖੋਹਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੀਆਂ ਪੰਜ ਜ਼ੋਨਲ ਕਨਵੈਨਸ਼ਨਾਂ ਦੀ ਪਹਿਲੀ ਕਨਵੈਨਸ਼ਨ 7 ਅਗਸਤ ਨੂੰ ਪਟਿਆਲਾ ਵਿਖੇ ਹੋਈ ਸੀ, ਜਿਸ ’ਚ ਮੁਲਾਜ਼ਮਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ ਸੀ ਤੇ ਹੁਣ 17 ਅਗਸਤ ਨੂੰ ਬਠਿੰਡਾ, 23 ਅਗਸਤ ਨੂੰ ਮੋਗਾ, 30 ਅਗਸਤ ਨੂੰ ਅੰਮ੍ਰਿਤਸਰ ਅਤੇ 6 ਸਤੰਬਰ ਨੂੰ ਜਲੰਧਰ ਵਿਖੇ ਵੱਡੀ ਕਨਵੈਨਸ਼ਨ ਕਰ ਕੇ 20 ਸਤੰਬਰ ਨੂੰ ਪੰਜਾਬ ਮੁਲਾਜ਼ਮ ਵਰਗ ਦਾ ਵੱਡਾ ਰੋਸ ਮਾਰਚ ਪਟਿਆਲਾ ਵਿਖੇ ਕੀਤਾ ਜਾਵੇਗਾ, ਜਿਸ ’ਚ ਮੁਲਾਜ਼ਮ ਵਰਗ ਦੇ ਪ੍ਰਮੁੱਖ ਆਗੂਆਂ ਵੱਲੋਂ ਮਰਨ ਵਰਤ ਸ਼ੁਰੂ ਕਰ ਕੇ ਸਰਕਾਰ ਦੇ ਕੰਨ ਖੋਲ੍ਹੇ ਜਾਣਗੇ। ਇਸ ਰੋਸ ਮਾਰਚ ’ਚ ਵੱਖ-ਵੱਖ ਵਿਭਾਗਾਂ ਤੋਂ ਵੱਡੀ ਗਿਣਤੀ ’ਚ ਦਰਜਾ ਚਾਰ ਕਰਮਚਾਰੀਆਂ ਨੇ ਹਿੱਸਾ ਲਿਆ।
ਫਾਜ਼ਿਲਕਾ ’ਚ ਜ਼ਿਲਾ ਪ੍ਰਧਾਨ ਜੋਗੰਦਰ ਸਿੰਘ ਦੀ ਅਗਵਾਈ ’ਚ ਸਰਕਾਰ ਦੇ ਅਡ਼ੀਅਲ ਰਵਈਏ ਦੇ ਖਿਲਾਫ ਡੀ. ਸੀ. ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਤੇ ਬਾਜ਼ਾਰਾਂ ’ਚ ਰੋਸ ਮਾਰਚ ਕੱਢਦੇ ਹੋਏ ਦੀ ਕਲਾਸ ਫਾਰ ਗੋਰਮਿੰਟ ਇੰਪਲਾਇਜ਼ ਯੂਨੀਅਨ ਦੇ ਕਰਮਚਾਰੀ। ਇਸ ਮੌਕੇ ਜੀ. ਏ. ਫਾਜ਼ਿਲਕਾ ਓਮ ਪ੍ਰਕਾਸ਼ ਨੂੰ ਮੀਟਿੰਗ ਕਰਵਾਉਣ ਲਈ ਮੰਗ-ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਸੂਬਾਈ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਮਗਨਰੇਗਾ, ਜ਼ਿਲਾ ਸਕੱਤਰ ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਓਮ ਪ੍ਰਕਾਸ਼, ਆਸ਼ਾ ਵਰਕਰ ਨੀਲਮ ਰਾਣੀ, ਸਾਖਾ ਪ੍ਰਧਾਨ ਸਰਬਜੀਤ ਸਿੰਘ, ਰਾਮ ਲਾਲ, ਸੋਹਨ ਲਾਲ, ਭੁਪਿੰਦਰ ਸਿੰਘ, ਮਗਨਰੇਗਾ ਜ਼ਿਲਾ ਪ੍ਰਧਾਨ ਸੰਨੀ ਕੁਮਾਰ ਹਾਜ਼ਰ ਸਨ।(ਨਾਗਪਾਲ, ਲੀਲਾਧਰ)
ਕੀ ਹਨ ਮੁੱਖ ਮੰਗਾਂ
®6ਵੇਂ ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ, ਰੈਗੂਲਾਈਜ਼ੇਸ਼ਨ ਐਕਟ 2016 ਵਿਚ ਬਿਨਾਂ ਸੋਧ ਲਾਗੂ ਕਰ ਕੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਡੀ. ਏ. ਦੀਆਂ ਚਾਰ ਕਿਸ਼ਤਾਂ ਜਨਵਰੀ-ਜੁਲਾਈ 2017 ਅਤੇ ਜਨਵਰੀ-ਜੁਲਾਈ 2018 ਡਿਊ ਕਿਸ਼ਤਾਂ ਤੁਰੰਤ ਰਿਲੀਜ਼ ਕੀਤੀਆਂ ਜਾਣ, 4-9-14 ਸਾਲਾ ਏ. ਸੀ. ਪੀ. ਦੇਣ, ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਦਾ ਪੱਤਰ ਜਾਰੀ ਕੀਤਾ ਜਾਵੇ ਆਦਿ।