ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਨਵੀਂ ਪਿਰਤ ਪਾਈ, ਬੀਬੀਆਂ ਤੋਂ ਕਰਵਾਈ ਸੁੱਖ ਆਸਣ ਦੀ ਸੇਵਾ
Tuesday, Jul 14, 2020 - 06:28 PM (IST)
ਚੰਡੀਗੜ੍ਹ (ਟੱਕਰ) : ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਆਪਣੇ ਬੇਬਾਕ ਬੋਲਾਂ ਰਾਹੀਂ ਹਮੇਸ਼ਾ ਸੁਰਖ਼ੀਆਂ 'ਚ ਰਹਿੰਦੇ ਹਨ, ਨੇ ਇਕ ਨਵੀਂ ਪਿਰਤ ਪਾਈ ਹੈ, ਜਿਸ ਤਹਿਤ ਗੁਰਦੁਆਰਾ ਸਾਹਿਬ 'ਚ ਬੀਬੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਣ ਦੀ ਸੇਵਾ ਕਰਵਾਈ ਗਈ ਜੋ ਕਿ ਪਹਿਲਾਂ ਗੁਰਦੁਆਰਾ ਸਾਹਿਬ 'ਚ ਮਰਿਯਾਦਾ ਅਨੁਸਾਰ ਕੇਵਲ ਸਿੰਘ ਹੀ ਕਰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਅਤੇ ਜਦੋਂ ਇਨ੍ਹਾਂ ਦੀ ਸਮਾਪਤੀ ਹੋਈ ਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੰਗਤ ਵਿਚ ਬੈਠੀਆਂ ਬੀਬੀਆਂ ਨੂੰ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਣ ਦੀ ਸੇਵਾ ਨਿਭਾਉਣ। ਉਨ੍ਹਾਂ ਆਪਣੇ ਪ੍ਰਚਾਰ ਦੌਰਾਨ ਇਹ ਵੀ ਕਿਹਾ ਕਿ ਨਵੀਂ ਰੀਤ ਚੱਲਣੀ ਚਾਹੀਦੀ ਹੈ, ਅਸੀਂ ਹਮੇਸ਼ਾ ਗੁਰਦੁਆਰਾ ਸਾਹਿਬਾਨਾਂ 'ਚ ਸਿੰਘਾਂ ਨੂੰ ਹੀ ਜ਼ਿਆਦਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਣ ਅਤੇ ਸੇਵਾ ਕਰਦਿਆਂ ਦੇਖਿਆ ਹੈ ਅਤੇ ਬੀਬੀਆਂ ਬਹੁਤ ਹੀ ਘੱਟ ਇਸ ਸੇਵਾ ਲਈ ਅੱਗੇ ਆਉਂਦੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਪੰਜਾਬ ਆਉਣ ਵਾਲਿਆਂ ਲਈ ਸੂਬਾ ਸਰਕਾਰ ਦਾ ਨਵਾਂ ਫਰਮਾਨ
ਉਨ੍ਹਾਂ ਕਿਹਾ ਕਿ ਸਾਨੂੰ ਔਰਤਾਂ ਵਿਚ ਵੀ ਇਸ ਸੇਵਾ ਲਈ ਉਤਸ਼ਾਹ ਭਰਨਾ ਚਾਹੀਦਾ ਹੈ ਤਾਂ ਜੋ ਉਹ ਵੀ ਬਰਾਬਰ ਦੇ ਹੱਕ ਲੈਂਦੇ ਹੋਏ ਗੁਰੂ ਘਰ ਦੀ ਸੇਵਾ ਕਰਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਤੇ ਹੋਰ ਗੁਰੂ ਘਰਾਂ ਵਿਚ ਸਿੰਘ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਣ ਦੀ ਸੇਵਾ ਕਰਦੇ ਹਨ ਅਤੇ ਬੀਬੀਆਂ ਨੂੰ ਇਸ ਸੇਵਾ ਲਈ ਮੌਕਾ ਨਹੀਂ ਦਿੱਤਾ ਜਾਂਦਾ ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹ ਨਵੀਂ ਪਿਰਤ ਪਾਈ ਹੈ ਇਸ ਸਬੰਧੀ ਹੁਣ ਉਨ੍ਹਾਂ ਦੀ ਅਲੋਚਨ ਕਰਨ ਵਾਲੇ ਕੀ ਪ੍ਰਤੀਕਿਰਿਆ ਕਰਨਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਕਾਰਣ ਕੈਪਟਨ ਸਰਕਾਰ ਦੀ ਸਖ਼ਤੀ, ਜਾਰੀ ਕੀਤੀਆਂ ਨਵੀਆਂ ਗਾਈਡਲਾਈਨ